ਨਵ ਨਿਯੁਕਤ 4161 ਅਧਿਆਪਕਾਂ ਨੂੰ ਤੁਰੰਤ ਸਟੇਸ਼ਨ ਚੋਣ ਕਰਵਾਕੇ ਸਕੂਲਾਂ ਵਿਚ ਭੇਜਿਆ ਜਾਵੇ-
ਗੌਰਮਿੰਟ ਸਕੂਲ ਟੀਚਰਜ਼ ਯੂਨੀਅਨ ਪੰਜਾਬ ਨੇ ਪੰਜਾਬ ਸਰਕਾਰ ਤੋਂ ਕੀਤੀ ਮੰਗ-
ਸਿੱਖਿਆ ਵਿਭਾਗ ਪੰਜਾਬ ਸਰਕਾਰ ਵੱਲੋਂ 16 ਦਸੰਬਰ 2021 ਨੂੰ ਸਮਾਜਿਕ ਸਿੱਖਿਆ, ਗਣਿਤ, ਅੰਗਰੇਜੀ ਅਤੇ ਸਾਇੰਸ ਨਾਲ ਸਬੰਧਤ ਵਿਸ਼ਿਆਂ ਦੀਆਂ 4161 ਮਾਸਟਰ ਕਾਡਰ ਦੀਆਂ ਅਸਾਮੀਆਂ ਸਬੰਧੀ ਭਰਤੀ ਇਸ਼ਤਿਹਾਰ ਦਿੱਤਾ ਗਿਆ ਸੀ। ਜਿਸ ਅਨੁਸਾਰ ਭਰਤੀ ਪ੍ਰਕਿਰਿਆ ਨੂੰ ਵੱਖ-ਵੱਖ ਪੜਾਵਾਂ ਵਿਚੋਂ ਲੰਘਦੇ ਹੋਏ, ਦੋ ਸਾਲ ਬਾਅਦ ਲੰਬੀ ਉਡੀਕ ਉਪਰੰਤ ਨਿਯੁਕਤੀ ਪੱਤਰ ਦੇਣ ਲਈ 5 ਜਨਵਰੀ 2023 ਤੋਂ 8 ਜਨਵਰੀ 2023 ਤੱਕ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ 3 ਬੀ 1, ਐਸ ਏ ਐਸ ਨਗਰ ਮੋਹਾਲੀ ਵਿਖੇ ਚੁਣੇ ਹੋਏ ਯੋਗ ਉਮੀਦਵਾਰਾਂ ਨੂੰ ਬੁਲਾ ਕੇ ਨਿਯੁਕਤੀ ਪੱਤਰ ਦਿੱਤੇ ਗਏ ਅਤੇ ਸਟੇਸ਼ਨ ਚੋਣ ਦੀ ਪ੍ਰਕਿਰਿਆ ਨੂੰ ਬਾਅਦ ਵਿਚ ਕਰਵਾਉਣ ਲਈ ਕਿਹਾ ਗਿਆ।
ਇਸ ਤੋਂ ਬਾਅਦ 8 ਮਈ 2023 ਨੂੰ ਸਿੱਖਿਆ ਵਿਭਾਗ ਵੱਲੋਂ ਹਦਾਇਤਾਂ ਜਾਰੀ ਕਰਕੇ ਇਹਨਾ ਚੁਣੇ ਹੋਏ ਅਧਿਆਪਕਾਂ ਨੂੰ ਸਿੱਖਿਆ ਵਿਭਾਗ ਦੀਆ ਵੱਖ-ਵੱਖ ਡਾਇਟ ਸੰਸਥਾਵਾਂ ਵਿਚ ਹਾਜ਼ਿਰ ਹੋ ਕੇ ਇੰਡਕਸ਼ਨ ਟਰੇਨਿੰਗ ਲਗਾਉਣ ਦੀ ਹਦਾਇਤ ਕੀਤੀ ਗਈ ਅਤੇ ਇਨ੍ਹਾਂ ਅਧਿਆਪਕਾਂ ਵੱਲੋਂ 31 ਮਈ 2023 ਤੱਕ ਇਹ ਟਰੇਨਿੰਗ ਵੀ ਲੈ ਲਈ ਹੈ ਪਰ ਪੰਜਾਬ ਸਰਕਾਰ ਵੱਲੋਂ ਇੰਨਾ ਚੁਣੇ ਹੋਏ ਅਧਿਆਪਕਾਂ ਨੂੰ ਲਗਭਗ 7 ਮਹੀਨੇ ਬੀਤ ਜਾਣ ਤੱਕ ਵੀ ਸਰਕਾਰੀ ਸਕੂਲਾਂ ਵਿੱਚ ਖਾਲੀ ਪਈਆਂ ਅਸਾਮੀਆਂ ਉਤੇ ਨਿਯੁਕਤ ਨਹੀਂ ਕੀਤਾ ਗਿਆ। ਇਸ ਸਬੰਧੀ ਟਿੱਪਣੀ ਕਰਦੇ ਹੋਏ ਗੌਰਮਿੰਟ ਸਕੂਲ ਟੀਚਰਜ਼ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਸੁਰਿੰਦਰ ਕੁਮਾਰ ਪੁਆਰੀ, ਜਰਨਲ ਸਕੱਤਰ ਗੁਰਪ੍ਰੀਤ ਮਾੜੀਮੇਘਾ, ਸਰਪਰਸਤ ਚਰਨ ਸਿੰਘ ਸਰਾਭਾ, ਸਲਾਹਕਾਰ ਪ੍ਰੇਮ ਚਾਵਲਾ, ਬਲਕਾਰ ਵਲਟੋਹਾ, ਸੀਨੀਅਰ ਮੀਤ ਪ੍ਰਧਾਨ ਪਰਵੀਨ ਕੁਮਾਰ ਲੁਧਿਆਣਾ, ਨਵੀਨ ਕੁਮਾਰ ਜੀਰਾ, ਸੰਜੀਵ ਸ਼ਰਮਾ ਲੁਧਿਆਣਾ, ਪ੍ਰੈੱਸ ਸਕੱਤਰ ਟਹਿਲ ਸਿੰਘ ਸਰਾਭਾ, ਪਰਮਿੰਦਰਪਾਲ ਸਿੰਘ ਕਾਲੀਆ ਆਗੂਆਂ ਵੱਲੋਂ ਸਾਂਝਾ ਪ੍ਰੈਸ ਨੋਟ ਜਾਰੀ ਕਰਦੇ ਹੋਏ ਪੰਜਾਬ ਸਰਕਾਰ ਤੋਂ ਮੰਗ ਕੀਤੀ ਗਈ ਕਿ ਇਹਨਾਂ ਚੁਣੇ ਹੋਏ ਅਧਿਆਪਕਾਂ ਨੂੰ ਜਲਦੀ ਤੋਂ ਜਲਦੀ ਸਟੇਸ਼ਨ ਚੋਣ ਕਰਵਾ ਕੇ ਖਾਲੀ ਅਸਾਮੀਆਂ ਉਤੇ ਨਿਯੁਕਤ ਕੀਤਾ ਜਾਵੇ ਤਾਂ ਜੋ ਸਰਕਾਰੀ ਸਕੂਲਾਂ ਵਿੱਚ ਵਿਦਿਆਰਥੀਆਂ ਦੀ ਪੜ੍ਹਾਈ ਦਾ ਪੱਧਰ ਉੱਚਾ ਚੁੱਕਿਆ ਜਾ ਸਕੇ ਅਤੇ ਇਨ੍ਹਾਂ ਬੇਰੁਜ਼ਗਾਰ ਅਧਿਆਪਕਾਂ ਨੂੰ ਪੱਕਾ ਰੁਜ਼ਗਾਰ ਮਿਲ ਸਕੇ। ਆਗੂਆਂ ਵੱਲੋਂ ਦੱਸਿਆ ਗਿਆ ਕਿ ਇਨ੍ਹਾਂ ਚੁਣੇ ਹੋਏ ਅਧਿਆਪਕਾਂ ਵਿਚੋਂ ਵੱਡੀ ਗਿਣਤੀ ਵਿਚ ਅਧਿਆਪਕ ਅਜਿਹੇ ਹਨ ਜੋ ਨਿਯੁਕਤੀ ਪੱਤਰ ਲੈਣ ਤੋਂ ਪਹਿਲਾਂ ਵੱਖ-ਵੱਖ ਪ੍ਰਾਈਵੇਟ ਅਦਾਰਿਆਂ ਵਿਚ ਪ੍ਰਾਈਵੇਟ ਤੌਰ ਤੇ ਨੌਕਰੀ ਕਰ ਰਹੇ ਸਨ। ਜਦੋਂ ਇਨ੍ਹਾਂ ਅਧਿਆਪਕਾਂ ਨੂੰ ਪੰਜਾਬ ਸਰਕਾਰ ਵੱਲੋਂ ਨਿਯੁਕਤੀ ਪੱਤਰ ਦੇ ਦਿੱਤੇ ਗਏ ਤਾਂ ਉਨ੍ਹਾਂ ਪ੍ਰਾਈਵੇਟ ਅਦਾਰਿਆਂ ਨੂੰ ਇਹਨਾਂ ਚੁਣੇ ਹੋਏ ਅਧਿਆਪਕਾਂ ਵੱਲੋਂ ਮਜ਼ਬੂਰੀ ਵੱਸ ਅਸਤੀਫਾ ਦੇਣਾ ਪਿਆ। ਪਰ ਇਨ੍ਹਾਂ ਅਧਿਆਪਕਾਂ ਨੂੰ ਉਦੋਂ ਇਹ ਨਹੀਂ ਪਤਾ ਸੀ ਕਿ ਪੰਜਾਬ ਸਰਕਾਰ ਉਨ੍ਹਾਂ ਦੇ ਸਟੇਸ਼ਨ ਚੁਆਇਸ ਪ੍ਰਕ੍ਰਿਆ ਨੂੰ ਸੱਤ-ਅੱਠ ਮਹੀਨੇ ਲਗਾ ਦੇਵੇਗੀ । ਹੁਣ ਇਹ ਅਧਿਆਪਕ ਆਪਣੇ ਘਰਾਂ ਵਿਚ ਵਿਹਲੇ ਬੈਠ ਕੇ ਇਸ ਸਮੇਂ ਬੇਰੁਜ਼ਗਾਰੀ ਦਾ ਸਾਹਮਣਾ ਕਰ ਰਹੇ ਹਨ। ਜਿਸ ਦੀ ਸਾਰੀ ਜ਼ਿੰਮੇਵਾਰੀ ਪੰਜਾਬ ਸਰਕਾਰ ਦੀ ਬਣਦੀ ਹੈ। ਜਥੇਬੰਦੀ ਇਕ ਵਾਰੀ ਫੇਰ ਮੰਗ ਕਰਦੀ ਹੈ ਕਿ ਇਨ੍ਹਾਂ ਅਧਿਆਪਕਾਂ ਨੂੰ ਤੁਰੰਤ ਸਟੇਸ਼ਨ ਚੁਆਇਸ ਕਰਵਾ ਕੇ ਸਰਕਾਰੀ ਸਕੂਲਾਂ ਵਿੱਚ ਭੇਜਿਆ ਜਾਵੇ । ਇਸ ਸਮੇਂ ਮਨੀਸ਼ ਸ਼ਰਮਾ, ਚਰਨ ਸਿੰਘ ਤਾਜਪੁਰੀ ਧਰਮ ਸਿੰਘ, ਬਲਬੀਰ ਸਿੰਘ ਕੰਗ, ਸਤਵਿੰਦਰਪਾਲ ਸਿੰਘ, ਗਿਆਨ ਸਿੰਘ ਦੋਰਾਹਾ ਆਗੂ ਹਾਜਰ ਸਨ।