ਪ੍ਰਾਇਮਰੀ ਤੋਂ ਮਾਸਟਰ ਕਾਡਰ ਦੀ ਪੰਜ ਸਾਲ ਤੋਂ ਲਟਕੀ ਤਰੱਕੀ ਦਾ ਮਾਮਲਾ ਨਹੀਂ ਲੱਗਿਆ ਕਿਸੇ ਤਣ-ਪੱਤਣ
ਪ੍ਰਾਇਮਰੀ ਤੋਂ ਮਾਸਟਰ ਕਾਡਰ ਦੀ ਤਰੱਕੀ ਨੇਪਰੇ ਨਾ ਚਾੜਣਾ ਸਿੱਖਿਆ ਵਿਭਾਗ ਦੀ ਘੋਰ ਨਾਕਾਮੀ
: ਡੀ.ਟੀ.ਐੱਫ.
: ਪੰਜਾਬ ਸਕੂਲ ਸਿੱਖਿਆ ਵਿਭਾਗ ਵਿੱਚ ਸੇਵਾਵਾਂ ਦੇ ਰਹੇ 40 ਹਜ਼ਾਰ ਦੇ ਕਰੀਬ ਪ੍ਰਾਇਮਰੀ ਅਧਿਆਪਕਾਂ ਦੀ ਮਾਸਟਰ ਕਾਡਰ ਲਈ ਪੰਜ ਸਾਲਾਂ ਤੋਂ ਪੈਂਡਿੰਗ ਤਰੱਕੀ ਦਾ ਮਾਮਲਾ, ਸਿੱਖਿਆ ਨੂੰ ਪ੍ਰਮੁੱਖਤਾ ਦੇਣ ਦਾ ਦਾਅਵਾ ਕਰਨ ਵਾਲੀ 'ਆਪ' ਸਰਕਾਰ ਦਾ ਸਵਾ ਸਾਲ ਬੀਤਣ ਦੇ ਬਾਵਜੂਦ ਵੀ ਜਿਉਂ ਦਾ ਤਿਉਂ ਖੜਾ ਹੈ। ਇੱਥੇ ਦੱਸਣ ਯੋਗ ਹੈ ਕੇ ਇਸ ਤੋਂ ਪਹਿਲਾ ਸਾਲ 2018 ਦੇ ਸ਼ੁਰੂ ਵਿੱਚ ਇਹ ਤਰੱਕੀ ਕੀਤੀ ਗਈ ਸੀ, ਪ੍ਰੰਤੂ ਉਸ ਤੋਂ ਬਾਅਦ ਪਹਿਲੀ ਸਰਕਾਰ ਦੀ ਤਰ੍ਹਾਂ ਮੌਜਦਾ ਸਰਕਾਰ ਵੀ ਇਸ ਤਰੱਕੀ ਨੂੰ ਕਿਸੇ ਨਾ ਕਿਸੇ ਬਹਾਨੇ ਲਟਕਾ ਰਹੀ ਹੈ, ਜਿਸ ਕਾਰਨ ਕਿੱਤੇ ਵਿੱਚ ਖੜੋਤ ਦਾ ਸ਼ਿਕਾਰ ਪ੍ਰਾਇਮਰੀ ਅਧਿਆਪਕ ਮਜਬੂਰਨ ਬਿਨਾਂ ਤਰੱਕੀ ਤੋਂ ਸੇਵਾ ਮੁੱਕਤ ਹੋ ਰਹੇ ਹਨ।
ਇਸ ਸਬੰਧੀ ਗੱਲਬਾਤ ਕਰਦਿਆਂ ਡਮੋਕ੍ਰੇਟਿਕ ਟੀਚਰਜ਼ ਫ਼ਰੰਟ (ਡੀ.ਟੀ.ਐੱਫ.) ਦੇ ਸੂਬਾ ਪ੍ਰਧਾਨ ਵਿਕਰਮ ਦੇਵ ਸਿੰਘ, ਜਨਰਲ ਸਕੱਤਰ ਮੁਕੇਸ਼ ਕੁਮਾਰ, ਵਿੱਤ ਸਕੱਤਰ ਅਸ਼ਵਨੀ ਅਵਸਥੀ ਅਤੇ ਸੂਬਾਈ ਮੀਤ ਪ੍ਰਧਾਨ ਜਗਪਾਲ ਬੰਗੀ ਨੇ ਦੱਸਿਆ ਕੇ ਉਨ੍ਹਾਂ ਦੀ ਜਥੇਬੰਦੀ ਵੱਲੋਂ ਪ੍ਰਾਇਮਰੀ ਤੋਂ ਮਾਸਟਰ ਕਾਡਰ ਦੀ ਪੈਂਡਿੰਗ ਤਰੱਕੀ ਮੁਕੰਮਲ ਕਰਨ ਦਾ ਮਾਮਲਾ ਲਗਾਤਾਰ ਸੰਘਰਸ਼ਾਂ ਦੌਰਾਨ ਉਭਾਰਨ ਦੇ ਨਾਲ-ਨਾਲ ਸਿੱਖਿਆ ਮੰਤਰੀ ਅਤੇ ਡਾਇਰੈਕਟਰਜ਼ ਸਕੂਲ ਸਿੱਖਿਆ (ਸੈਕੰਡਰੀ ਅਤੇ ਪ੍ਰਾਇਮਰੀ) ਦੇ ਧਿਆਨ ਵਿੱਚ ਲਿਆਂਦਾ ਜਾ ਰਿਹਾ ਹੈ। ਪ੍ਰੰਤੂ ਇਹ ਮਾਮਲਾ ਬੀਤੇ ਕਈ ਮਹੀਨਿਆਂ ਤੋਂ ਪ੍ਰਮੁੱਖ ਸਿੱਖਿਆ ਸਕੱਤਰ ਦੇ ਪੱਧਰ 'ਤੇ ਪੈਂਡਿੰਗ ਹੋਣ ਦਾ ਹਵਾਲਾ ਦੇ ਕੇ ਪੱਲਾ ਝਾੜ ਲਿਆ ਜਾਂਦਾ ਹੈ। ਪਿਛਲੇ ਸਾਲ 30 ਦਸੰਬਰ ਨੂੰ ਅਧਿਆਪਕ ਜਥੇਬੰਦੀਆਂ ਨਾਲ ਮੀਟਿੰਗ ਵਿੱਚ ਪ੍ਰਾਇਮਰੀ ਤੋਂ ਮਾਸਟਰ ਕਾਡਰ ਦੀ ਤਰੱਕੀ ਬਹੁਤ ਜਲਦ ਕਰਨ ਦਾ ਦਾਅਵਾ ਕਰਨ ਵਾਲੇ ਸਿੱਖਿਆ ਮੰਤਰੀ ਹਰਜੋਤ ਬੈਂਸ ਵੀ ਹਾਲੇ ਤੱਕ ਆਪਣਾ ਵਾਅਦਾ ਨਹੀਂ ਪੁਗਾ ਸਕੇ ਹਨ।
ਡੀ.ਟੀ.ਐੱਫ. ਦੇ ਸੂਬਾਈ ਮੀਤ ਪ੍ਰਧਾਨਾਂ ਬੇਅੰਤ ਫੁੱਲੇਵਾਲਾ, ਰਾਜੀਵ ਬਰਨਾਲਾ, ਗੁਰਪਿਆਰ ਕੋਟਲੀ, ਰਘਵੀਰ ਭਵਾਨੀਗੜ੍ਹ, ਜਸਵਿੰਦਰ ਔਜਲਾ, ਪ੍ਰੈੱਸ ਸਕੱਤਰ ਪਵਨ ਕੁਮਾਰ ਅਤੇ ਜ਼ਿਲ੍ਹਾ ਜਨਰਲ ਸਕੱਤਰ ਗੁਰਬਿੰਦਰ ਸਿੰਘ ਖਹਿਰਾ ਨੇ ਦੱਸਿਆ ਕੇ ਜਥੇਬੰਦੀ ਦੀ ਕੁੱਝ ਦਿਨਾਂ ਪਹਿਲਾ ਸਿੱਖਿਆ ਮੰਤਰੀ ਨਾਲ ਸਮੁੱਚੇ ਅਧਿਕਾਰੀਆਂ ਦੀ ਮੌਜੂਦਗੀ ਹੋਈ ਪੈਨਲ ਮੀਟਿੰਗ ਵਿੱਚ ਵੀ ਪ੍ਰਾਇਮਰੀ ਤੋਂ ਮਾਸਟਰ ਕਾਡਰ ਦੀ ਪੈਂਡਿੰਗ ਤਰੱਕੀ ਨੂੰ ਨੇਪਰੇ ਚਾੜ੍ਹਣ ਦੀ ਮੰਗ ਜ਼ੋਰ ਦੇ ਕੇ ਰੱਖੀ ਗਈ ਹੈ। ਆਗੂਆਂ ਜਰਮਨਜੀਤ ਸਿੰਘ, ਚਰਨਜੀਤ ਸਿੰਘ ਰਜਧਾਨ, ਗੁਰਦੇਵ ਸਿੰਘ, ਹਰਜਾਪ ਸਿੰਘ ਬੱਲ, ਰਾਜੇਸ਼ ਕੁਮਾਰ ਪਰਾਸ਼ਰ, ਮਨਪ੍ਰੀਤ ਸਿੰਘ, ਸੁਖਜਿੰਦਰ ਸਿੰਘ, ਨਿਰਮਲ ਸਿੰਘ, ਨਰਿੰਦਰ ਸਿੰਘ ਮੱਲੀਆਂ, ਕੇਵਲ ਸਿੰਘ, ਪਰਮਿੰਦਰ ਸਿੰਘ, ਕੁਲਦੀਪ ਸਿੰਘ ਤੋਲਾਨੰਗਲ, ਦੀਪਕ ਕੁਮਾਰ, ਵਿਸ਼ਾਲ ਚੌਹਾਨ, ਵਿਕਾਸ ਚੌਹਾਨ, ਵਿਸ਼ਾਲ ਕਪੂਰ, ਰਾਜਵਿੰਦਰ ਸਿੰਘ ਆਦਿ ਕਿਹਾ ਕੇ ਜੇਕਰ ਹੁਣ ਵੀ ਸਿੱਖਿਆ ਵਿਭਾਗ ਵੱਲੋਂ ਇਸ ਮਾਮਲੇ ਵੱਲ ਧਿਆਨ ਨਹੀਂ ਦਿੱਤਾ ਗਿਆ ਤਾਂ ਪੈਂਡਿੰਗ ਤਰੱਕੀਆਂ ਸਮੇਤ ਹੋਰਨਾਂ ਮੰਗਾਂ ਦੀ ਪੂਰਤੀ ਸਬੰਧੀ ਜਲਦ ਅਗਲੇ ਸੰਘਰਸ਼ ਉਲੀਕੇ ਜਾਣਗੇ।