~ਪੁਰਾਣੀ ਪੈਨਸ਼ਨ ਪ੍ਰਾਪਤੀ ਫਰੰਟ ਵੱਲੋਂ 7 ਮਈ ਦੇ ਜਲੰਧਰ ਝੰਡਾ ਮਾਰਚ ਵਿੱਚ ਕੀਤੀ ਜਾਵੇਗੀ ਭਰਵੀਂ ਸ਼ਮੂਲੀਅਤ
ਪੁਰਾਣੀ ਪੈਨਸ਼ਨ ਲਾਗੂ ਕਰਨ ਦੇ ਫੋਕੇ ਐਲਾਨ ਨਹੀੰ ਮੰਜ਼ੂਰ, ਜਲੰਧਰ ਝੰਡਾ ਮਾਰਚ ਵਿੱਚ ਵੱਡੀ ਗਿਣਤੀ ਚ ਪਹੁੰਚਣਗੇ ਐੱਨ.ਪੀ.ਐਸ ਮੁਲਾਜ਼ਮ: ਪੁਰਾਣੀ ਪੈਨਸ਼ਨ ਪ੍ਰਾਪਤੀ ਫਰੰਟ
ਮੁਲਾਜ਼ਮ ਮਸਲਿਆਂ ਨੂੰ ਹੱਲ ਕਰਨ ਵਿੱਚ ਬੁਰੀ ਤਰਾਂ ਫੇਲ ਹੈ ਆਪ ਸਰਕਾਰ: ਪੀ.ਪੀ.ਪੀ.ਐੱਫ
5 ਮਈ ( ਅਮਿ੍ਤਸਰ ) ਪੰਜਾਬ ਦੇ ਐਨ.ਪੀ.ਐੱਸ ਮੁਲਾਜ਼ਮਾਂ ਦੀ ਪੁਰਾਣੀ ਪੈਨਸ਼ਨ ਮੁੜ ਬਹਾਲ ਕਰਨ ਦੀ ਮੰਗ ਨੂੰ ਆਪ ਸਰਕਾਰ ਨੇ ਸਿਰਫ ਚੁਣਾਵੀ ਜੁਮਲਾ ਬਣਾ ਕੇ ਹਵਾ ਵਿੱਚ ਲਟਕਾਇਆ ਹੋਇਆ ਹੈ।ਪੰਜਾਬ ਵਿੱਚ ਇੱਕ ਵੀ ਮੁਲਾਜ਼ਮ ਦੀ ਐੱਨ.ਪੀ.ਐਸ ਕਟੌਤੀ ਹੋਣੀ ਬੰਦ ਨਹੀੰ ਹੋਈ ਪਰ ਆਪ ਸਰਕਾਰ ਪੰਜਾਬ ਅੰਦਰ ਅਤੇ ਦੂਜੇ ਸੂਬਿਆਂ ਵਿੱਚ ਜਾ ਕੇ ਪੁਰਾਣੀ ਪੈਨਸ਼ਨ ਲਾਗੂ ਕਰਨ ਦਾ ਝੂਠਾ ਪ੍ਰਚਾਰ ਕਰ ਰਹੀ ਹੈ।ਆਪ ਸਰਕਾਰ ਦੀ ਵਾਅਦਾਖਿਲਾਫੀ ਨੂੰ ਲੋਕਾਂ ਵਿੱਚ ਉਜਾਗਰ ਕਰਨ ਅਤੇ ਪੁਰਾਣੀ ਪੈਨਸ਼ਨ ਦੇ ਹੱਕ ਲਈ ਅਵਾਜ਼ ਬੁਲੰਦ ਕਰਨ ਖਾਤਰ ਪੁਰਾਣੀ ਪੈਨਸ਼ਨ ਪ੍ਰਾਪਤੀ ਫਰੰਟ ਨੇ ਪੰਜਾਬ-ਯੂਟੀ ਮੁਲਾਜ਼ਮ ਅਤੇ ਪੈਨਸ਼ਨਰਜ਼ ਫਰੰਟ ਦੀ ਅਗਵਾਈ ਵਿੱਚ 7 ਮਈ ਨੂੰ ਜਲੰਧਰ ਵਿਖੇ ਹੋਣ ਜਾ ਰਹੇ ਝੰਡਾ ਮਾਰਚ ਵਿੱਚ ਭਰਵੀੰ ਗਿਣਤੀ ਨਾਲ਼ ਸ਼ਾਮਲ ਹੋਣ ਦਾ ਐਲਾਨ ਕੀਤਾ ਹੈ।
ਫਰੰਟ ਦੇ ਸੂਬਾਈ ਆਗੂਆਂ ਅਤਿੰਦਰ ਪਾਲ ਸਿੰਘ, ਗੁਰਬਿੰਦਰ ਖਹਿਰਾ ਨੇ ਦੱਸਿਆ ਕਿ ਪੁਰਾਣੀ ਪੈਨਸ਼ਨ ਲਾਗੂ ਕਰਨ ਦੇ ਗੰਭੀਰ ਮਸਲੇ ਨੂੰ ਪੰਜਾਬ ਸਰਕਾਰ ਵੱਲੋਂ ਪਿਛਲੇ ਇੱਕ ਸਾਲ ਤੋਂ ਕੇਵਲ ਪੰਜਾਬ ਕੈਬਨਿਟ ਦੇ ਭਰੋਸਿਆਂ, ਕਾਗਜ਼ੀ ਨੋਟੀਫਿਕੇਸ਼ਨ ਅਤੇ ਹੁਣ ਅਫਸਰਾਂ ਦੀ ਕਮੇਟੀ ਦੇ ਹਵਾਲੇ ਕਰਕੇ ਅਣਮਿੱਥੇ ਸਮੇਂ ਲਈ ਲਟਕਾ ਦਿੱਤਾ ਗਿਆ ਹੈ। ਇਸ ਕਮੇਟੀ ਦਾ ਦਸੰਬਰ ਵਿੱਚ ਗਠਨ ਕੀਤਾ ਗਿਆ ਸੀ ਪਰ ਚਾਰ ਮਹੀਨੇ ਬੀਤਣ ਉਪਰੰਤ ਵੀ ਕਮੇਟੀ ਦੀ ਕਿਸੇ ਰਿਪੋਰਟ ਜਾਂ ਕਾਰਗੁਜ਼ਾਰੀ ਦੀ ਕੋਈ ਜਾਣਕਾਰੀ ਸਰਕਾਰ ਨੇ ਜਨਤਕ ਨਹੀੰ ਕੀਤੀ ਹੈ। ਜਿਸ ਤੋਂ ਪੁਰਾਣੀ ਪੈਨਸ਼ਨ ਪ੍ਰਤੀ ਸਰਕਾਰ ਦੇ ਟਾਲ ਮਟੋਲ ਅਤੇ ਡੰਗ ਟਪਾਊ ਰਵਈਏ ਦਾ ਸਹਿਜੇ ਹੀ ਅੰਦਾਜ਼ਾ ਲਾਇਆ ਜਾ ਸਕਦਾ ਹੈ।ਦੂਜੇ ਪਾਸੇ ਗਵਾਂਢੀ ਸੂਬੇ ਹਿਮਾਚਲ ਪ੍ਰਦੇਸ਼ ਵਿਚ ਪੁਰਾਣੀ ਪੈਨਸ਼ਨ ਦੇ ਐਲਾਨ ਨੂੰ ਹਕੀਕੀ ਰੂਪ ਵਿਚ ਲਾਗੂ ਕਰਦੇ ਹੋਏ ਸਮੂਹ ਮੁਲਾਜਮਾਂ ਦੇ ਜੀ.ਪੀ.ਐੱਫ ਖਾਤੇ ਖੋਲ ਕੇ ਅਤੇ ਐੱਨ.ਪੀ.ਐੱਸ ਕਟੌਤੀ ਬੰਦ ਕਰਕੇ 1 ਅਪ੍ਰੈਲ 2023 ਤੋਂ ਪੁਰਾਣੀ ਪੈਨਸ਼ਨ ਲਾਗੂ ਕਰ ਦਿੱਤੀ ਗਈ ਹੈ।
ਫਰੰਟ ਦੇ ਆਗੂਆਂ ਦਲਜੀਤ ਸਫੀਪੁਰ,ਗੁਰਜਿੰਦਰ ਮੰਝਪੁਰ, ਰਮਨ ਸਿੰਗਲਾ, ਸਤਪਾਲ ਸਮਾਣਵੀ,ਲਖਵਿੰਦਰ ਸਿੰਘ, ਜਗਜੀਤ ਸਿੰਘ.ਸੁਰਿੰਦਰ ਬਿੱਲਾਪੱਟੀ ਨੇ ਕਿਹਾ ਕਿ ਪੰਜਾਬ-ਯੂਟੀ ਫਰੰਟ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦਾ ਸਾਂਝਾ ਸੰਘਰਸ਼ੀ ਮੰਚ ਹੈ ਜਿਸਦੇ ਅਜੰਡੇ ਵਿੱਚ ਪੁਰਾਣੀ ਪੈਨਸ਼ਨ ਅਹਿਮ ਮੰਗ ਵੱਜੋਂ ਸ਼ਾਮਲ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਮੁਲਾਜ਼ਮ ਮਸਲਿਆਂ ਨੂੰ ਹੱਲ ਕਰਨ ਵਿੱਚ ਬੁਰੀ ਤਰਾਂ ਫੇਲ ਸਾਬਤ ਹੋਈ ਹੈ ਕਿਉਂਕਿ ਪੰਜਾਬ ਵਿੱਚ ਪੁਰਾਣੀ ਪੈਨਸ਼ਨ ਸਕੀਮ ਦੀ ਹਕੀਕੀ ਬਹਾਲੀ, ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ, ਮਾਣਭੱਤਾ ਮੁਲਾਜ਼ਮਾਂ ਨੂੰ ਘੱਟੋ ਘੱਟ ਉਜਰਤਾਂ ਦੇ ਘੇਰੇ ਵਿੱਚ ਲਿਆਉਣ,ਛੇਵੇਂ ਪੇ ਕਮੀਸ਼ਨ ਵਿੱਚ ਐਲਾਨੀਆਂ ਸੋਧਾਂ ਕਰਕੇ ਲਾਗੂ ਕਰਨ,ਪ੍ਰੋਬੇਸ਼ਨ ਐਕਟ ਰੱਦ ਕਰਕੇ ਪਰਖ ਕਾਲ ਸਮੇਂ ਵਿੱਚ ਪੂਰੀ ਤਨਖਾਹ ਅਤੇ ਭੱਤੇ ਬਹਾਲ ਕਰਨ, 17-07-2020 ਤੋਂ ਬਾਅਦ ਲਾਗੂ ਨਵੇਂ ਸਕੇਲਾਂ ਦੀ ਥਾਂ ਪੰਜਾਬ ਸਕੇਲ ਬਹਾਲ ਕਰਨ ਵਰਗੇ ਅਹਿਮ ਮੁਲਾਜ਼ਮ ਮਸਲੇ ਆਪ ਸਰਕਾਰ ਬਣਨ ਦੇ ਇੱਕ ਸਾਲ ਹੋਣ ਤੇ ਵੀ ਜਿਉਂ ਦੇ ਤਿਉਂ ਲਟਕ ਰਹੇ ਹਨ।ਜਿਸਦੇ ਰੋਸ ਵਜੋਂ 7 ਮਈ ਨੂੰ ਜਲੰਧਰ ਝੰਡਾ ਮਾਰਚ ਵਿੱਚ ਫਰੰਟ ਦੀ ਸਮੂਹ ਜ਼ਿਲਾ ਇਕਾਈਆਂ ਵੱਲੋਂ ਸ਼ਮੂਲੀਅਤ ਕੀਤੀ ਜਾਵੇਗੀ।