ਹੈੱਡਮਾਸਟਰਾਂ ਵਿੱਚ ਭਾਰੀ ਰੋਸ , 13 ਫਰਵਰੀ ਨੂੰ ਸਮੂਹਿਕ ਛੁੱਟੀ ਲੈ ਮੋਹਾਲੀ ਕਰਨਗੇ ਰੋਸ਼ ਪ੍ਰਦਰਸਨ

 ਪ੍ਰੋਬੇਸ਼ਨ ਕਲੀਅਰ ਕਰਨ ਵਿੱਚ ਅੜਾਏ ਜਾ ਰਹੇ ਅੜਿੱਕਿਆਂ ਕਰਕੇ ਸਿੱਧੀ ਭਰਤੀ ਹੈੱਡਮਾਸਟਰਾਂ ਵਿੱਚ ਭਾਰੀ ਰੋਸ

13 ਫਰਵਰੀ ਨੂੰ ਸਮੂਹਿਕ ਛੁੱਟੀ ਲੈ ਰੋਸ ਵਜੋਂ ਮੁੱਖ ਦਫ਼ਤਰ ਮੋਹਾਲੀ ਪੁੱਜਣਗੇ ਪੰਜਾਬ ਭਰ ਦੇ ਹੈੱਡਮਾਸਟਰ

ਸਿੱਖਿਆ ਦੇ ਸੁਧਾਰਾਂ ਦੀ ਗੱਲ ਕਰਦੀ ਸਰਕਾਰ ਦੇ ਅਧਿਕਾਰੀ ਕਰ ਰਹੇ ਹਨ ਮਨਮਾਨੀਆਂ



ਨਵਾਂਸ਼ਹਿਰ, 11 ਫਰਵਰੀ 2023 (ਪ੍ਰਮੋਦ ਭਾਰਤੀ)

           ਇੱਕ ਪਾਸੇ ਪੰਜਾਬ ਸਰਕਾਰ ਵੱਲੋਂ ਲਗਾਤਾਰ ਇਹ ਦਾਅਵੇ ਕੀਤੇ ਜਾ ਰਹੇ ਹਨ ਕਿ ਪੰਜਾਬ ਦੇ ਸਿੱਖਿਆ ਖੇਤਰ ਵਿਚਲੀਆਂ ਕਮੀਆਂ ਨੂੰ ਦੂਰ ਕਰਕੇ ਪੰਜਾਬ ਦੇ ਸਿੱਖਿਆ ਪ੍ਰਬੰਧ ਨੂੰ ਪੂਰੇ ਦੇਸ਼ ਵਿੱਚੋਂ ਬਿਹਤਰੀਨ ਬਣਾਇਆ ਜਾ ਰਿਹਾ ਹੈ, ਦੂਜੇ ਪਾਸੇ ਦੀ ਤ੍ਰਾਸਦੀ ਇਹ ਹੈ ਕਿ ਬਿਨਾਂ ਵਜ੍ਹਾ ਬੇਤੁਕੀਆਂ ਅਗਵਾਈਆਂ ਅਤੇ ਦਲੀਲਾਂ ਨੂੰ ਅਧਾਰ ਬਣਾ ਕੇ ਜਨਵਰੀ 2020 ਵਿੱਚ ਪੀ. ਪੀ. ਐੱਸ. ਸੀ. ਰਾਹੀਂ ਭਰਤੀ ਟੈਸਟ ਪਾਸ ਕਰਕੇ ਵਿਭਾਗ ਦੇ ਸਕੂਲਾਂ ਦੀ ਨੁਹਾਰ ਬਦਲਣ ਵਾਲੇ ਸਿੱਧੀ ਭਰਤੀ ਹੈੱਡਮਾਸਟਰਾਂ ਨੂੰ ਤਿੰਨ ਸਾਲ ਉਪਰੰਤ ਵੀ ਪਰਖ ਕਾਲ ਪੂਰਾ ਨਹੀਂ ਕੀਤਾ ਜਾ ਰਿਹਾ। ਇਸ ਮੁੱਦੇ ਉੱਤੇ ਬੋਲਦਿਆਂ ਹੈੱਡਮਾਸਟਰ ਐਸੋਸੀਏਸ਼ਨ ਪੰਜਾਬ ਦੇ ਸੂਬਾ ਜਨਰਲ ਸਕੱਤਰ ਜਸਵਿੰਦਰ ਸਿੰਘ ਭੁੱਲਰ ਨੇ ਦੱਸਿਆ ਕਿ ਇਹ ਬਹੁਤ ਹੀ ਦੁੱਖ ਦੀ ਗੱਲ ਹੈ ਕਿ ਦਿਨ ਰਾਤ ਇੱਕ ਕਰਕੇ ਆਪਣੀਆਂ ਸੰਸਥਾਵਾਂ ਦੀ ਕਾਇਆ ਕਲਪ ਕਰਨ ਵਾਲੇ ਹੈੱਡਮਾਸਟਰਾਂ ਨੂੰ ਨਿਯਮਾਂ ਅਨੁਸਾਰ ਤਿੰਨ ਸਾਲ ਦੀ ਲੱਗੀ ਸ਼ਰਤ ਪੂਰੀ ਹੋਣ ਤੋਂ ਬਾਅਦ ਵੀ ਪ੍ਰੋਬੇਸ਼ਨ ਕਲੀਅਰ ਕਰਨ ਦੇ ਪੱਤਰ ਜਾਰੀ ਕਰਨ ਲਈ ਜ਼ਿਲ੍ਹਾ ਸਿੱਖਿਆ ਅਧਿਕਾਰੀਆਂ ਅਤੇ ਮੁੱਖ ਦਫ਼ਤਰ ਵੱਲੋਂ ਜਾਣ ਬੁੱਝ ਕੇ ਲਟਕਾਇਆ ਜਾ ਰਿਹਾ ਹੈ ਜਦਕਿ ਇਸ ਤੋਂ ਪਹਿਲਾਂ ਸਿੱਧੀ ਭਰਤੀ ਰਾਹੀਂ ਆਏ ਐੱਚ. ਟੀ., ਸੀ. ਐੱਚ. ਟੀ. ਅਤੇ ਪੀ. ਪੀ. ਐੱਸ. ਸੀ. ਟੈੱਸਟ ਰਾਹੀਂ ਸਿੱਖਿਆ ਵਿਭਾਗ ਵਿੱਚ ਆਏ ਬੀ. ਪੀ. ਈ. ਓ. ਅਤੇ ਪ੍ਰਿੰਸੀਪਲ ਕਾਡਰ ਦੇ ਪ੍ਰੋਬੇਸ਼ਨ ਪੀਰੀਅਡ ਕਲੀਅਰ ਕਰਨ ਸਬੰਧੀ ਇਸ ਤਰ੍ਹਾਂ ਦਾ ਕੋਈ ਅੜਿੱਕਾ ਸਾਹਮਣੇ ਨਹੀਂ ਆਇਆ ਅਤੇ ਸਭ ਦਾ ਪਰਖ ਕਾਲ ਜ਼ਿਲ੍ਹਾ ਪੱਧਰ 'ਤੇ ਕਲੀਅਰ ਕਰ ਦਿੱਤਾ ਗਿਆ। ਇਸ ਸਬੰਧੀ ਹੈੱਡਮਾਸਟਰ ਕਾਡਰ ਨਾਲ਼ ਕੀਤਾ ਮਤਰੇਈ ਮਾਂ ਵਾਲਾ ਸਲੂਕ ਕੀਤਾ ਜਾ ਰਿਹਾ ਹੈ। 



ਹੈੱਡਮਾਸਟਰ ਐਸੋਸੀਏਸ਼ਨ ਪੰਜਾਬ ਦੇ ਮੁੱਖ ਬੁਲਾਰੇ ਗੁਰਵਿੰਦਰ ਸਿੰਘ ਸੁਧਾਰਾ ਨੇ ਕਿਹਾ ਕਿ ਜੇਕਰ ਪਿਛਲੇ ਤਿੰਨ ਸਾਲਾਂ ਤੋਂ ਲਗਾਤਾਰ ਮਿਹਨਤ ਅਤੇ ਸਿਰੜ ਨਾਲ਼ ਕੰਮ ਕਰਦਿਆਂ ਸਰਕਾਰੀ ਸਕੂਲਾਂ ਵਿੱਚ ਗੁਣਾਤਮਕ ਅਤੇ ਗਿਣਾਤਮਕ ਪੱਖੋਂ ਤਬਦੀਲੀਆਂ ਲਿਆ ਨਵੀਆਂ ਰਾਹਾਂ 'ਤੇ ਤੋਰਨ ਵਾਲੇ ਹੈੱਡਮਾਸਟਰਾਂ ਨੂੰ ਵਿਭਾਗ ਵੱਲੋਂ ਪ੍ਰੋਬੇਸ਼ਨ ਪੀਰੀਅਡ ਦੇ ਤਿੰਨ ਸਾਲ ਪੂਰੇ ਹੋਣ ਬਾਅਦ ਵੀ ਪੱਤਰ ਜਾਰੀ ਨਾ ਕਰਕੇ ਜੋ ਦਿਮਾਗੀ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ, ਉਸਦਾ ਅਸਰ ਹੈੱਡਮਾਸਟਰ ਸਾਥੀਆਂ ਦੀ ਕਾਰਗੁਜ਼ਾਰੀ 'ਤੇ ਪਵੇਗਾ।ਇੱਕ ਪਾਸੇ ਸਮੁੱਚੇ ਅਧਿਆਪਕ ਵਰਗ ਦੇ ਸਹਿਯੋਗ ਨਾਲ਼ ਸਕੂਲ ਮੁਖੀਆਂ ਵੱਲੋਂ ਸਰਕਾਰ ਦੇ ਨਤੀਜਿਆਂ ਸਬੰਧੀ ਮਿਸ਼ਨ 100% ਨੂੰ ਪੂਰਾ ਕਰਨ ਲਈ ਦਿਨ ਰਾਤ ਇੱਕ ਕੀਤਾ ਜਾ ਰਿਹਾ ਹੈ, ਦੂਜੇ ਪਾਸੇ ਪਰਖ ਕਾਲ ਕਲੀਅਰ ਨਾ ਹੋਣ ਪੀ. ਈ. ਐੱਸ ਕਾਡਰ ਨੂੰ ਪਿਛਲੀਆਂ ਸਰਕਾਰਾਂ ਵਾਂਗ ਹੀ ਸੜਕਾਂ 'ਤੇ ਆਉਣ ਲਈ ਮਜ਼ਬੂਰ ਕੀਤਾ ਜਾ ਰਿਹਾ ਹੈ। ਇਹ ਕਿਹੋ ਜਿਹਾ ਬਦਲਾਅ ਹੈ?

ਨਵੀਂ ਸਰਕਾਰ ਤੋਂ ਬਹੁਤ ਆਸਾਂ ਹਨ ਜੋ ਹੌਲ਼ੀ ਹੌਲ਼ੀ ਸੁਪਨਾ ਹੀ ਬਣਦੀਆਂ ਜਾ ਰਹੀਆਂ ਹਨ। 


ਹੈੱਡਮਾਸਟਰ ਐਸੋਸੀਏਸ਼ਨ ਪੰਜਾਬ ਦੇ ਸੂਬਾ ਪ੍ਰਧਾਨ ਕਟਾਰੀਆ ਕੁਲਵਿੰਦਰ ਨੇ ਕਿਹਾ ਕਿ ਜ਼ਿਲ੍ਹਾ ਪੱਧਰ 'ਤੇ ਹੋਣ ਵਾਲੇ ਸੌਖੇ ਕੰਮ ਨੂੰ ਮੁੱਖ ਦਫ਼ਤਰ ਤੋਂ ਅਗਵਾਈ ਲੈਣ ਲਈ ਜ਼ਿਲ੍ਹਾ ਸਿੱਖਿਆ ਅਧਿਕਾਰੀਆਂ ਨੇ ਹੈੱਡਮਾਸਟਰ ਕਾਡਰ ਦੇ ਪਰਖ ਕਾਲ ਸਬੰਧੀ ਅਗਵਾਈ ਮੰਗੀ ਅਤੇ ਮੁੱਖ ਦਫ਼ਤਰ ਨੇ ਅੜਿੱਕਿਆਂ ਨੂੰ ਦੂਰ ਕਰਨ ਦੀ ਬਜਾਏ ਤਰ੍ਹਾਂ ਤਰ੍ਹਾਂ ਦੇ ਪ੍ਰੋਫਾਰਮੇਂ ਭਰਨ ਲਈ ਲਗਾ ਕੇ ਪੰਦਰਾਂ ਦਿਨ ਟਪਾ ਦਿੱਤੇ ਅਤੇ ਅਜੇ ਵੀ ਟਾਲ ਮਟੋਲ ਵਾਲੀ ਨੀਤੀ ਅਪਣਾਈ ਜਾ ਰਹੀ ਹੈ। ਜੇਕਰ ਕਿਸੇ ਵੀ ਪ੍ਰਕਾਰ ਦੀ ਅਗਵਾਈ ਦੀ ਜ਼ਰੂਰਤ ਸੀ ਤਾਂ ਇਹ ਕੰਮ ਸਮਾਂ ਰਹਿੰਦੇ ਪੂਰਾ ਕਰਨਾ ਚਾਹੀਦਾ ਸੀ। ਇਸ ਉਪਰੰਤ ਸਮੂਹ ਹੈਡਮਾਸਟਰ ਕੇਡਰ ਵਿੱਚ ਭਾਰੀ ਰੋਸ ਹੈ ਅਤੇ ਹੁਣ ਸਮੁੱਚੇ ਕਾਡਰ ਵੱਲੋਂ ਕੀਤੇ ਫੈਸਲੇ ਅਨੁਸਾਰ ਸਮੂਹ ਸਿੱਧੀ ਭਰਤੀ ਹੈੱਡਮਾਸਟਰ ਕਾਡਰ ਦੇ ਹੈੱਡਮਾਸਟਰ ਸਾਹਿਬਾਨ ਸੋਮਵਾਰ ਮਿਤੀ 13 ਫਰਵਰੀ ਨੂੰ ਸਮੂਹਿਕ ਛੁੱਟੀ ਲੈ ਕੇ ਮੋਹਾਲੀ ਦੇ ਡੀ ਪੀ ਆਈ ਆਫਿਸ ਪਹੁੰਚਣਗੇ ਅਤੇ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਨੂੰ ਨੀਂਦ ਤੋਂ ਜਗਾਉਣਗੇ ਅਤੇ ਕਾਡਰ ਦੀਆਂ ਹੱਕੀ ਮੰਗਾਂ ਨਾ ਮੰਨੀਆਂ ਜਾਣ ਸਬੰਧੀ ਰੋਸ ਦਰਜ ਕਰਵਾਉਣਗੇ।

💐🌿Follow us for latest updates 👇👇👇

Featured post

Pay Anomaly: ਸਿੱਖਿਆ ਵਿਭਾਗ ਅਧਿਆਪਕਾਂ ਦੇ ਪੇਅ ਅਨਾਮਲੀ ਦੇ ਕੇਸਾਂ ਨੂੰ ਹੱਲ ਕਰਨ ਸਬੰਧੀ ਗਾਈਡਲਾਈਨਜ਼ ਜਾਰੀ

News Report: Punjab Education Department Order Punjab Education Department Directs DEOs to Immediately Resolve ETT Pay Anomaly ...

RECENT UPDATES

Trends