ਮੋਗਾ ਵਿਖੇ ਇੰਦਰਬੀਰ ਸਿੰਘ ਨਿੱਜਰ ਨੇ ਲਹਿਰਾਇਆ ਤਿਰੰਗਾ
- ਕਿਹਾ! ਜੇਕਰ ਹਰੇਕ ਦੇਸ਼ ਵਾਸੀ ਸੰਵਿਧਾਨ ਮੁਤਾਬਿਕ ਆਪਣੇ ਕਰਤੱਵਾਂ ਦੀ ਪਾਲਣਾ ਕਰੇ ਤਾਂ ਇਹ ਹੀ ਅਜ਼ਾਦੀ ਘੁਲਾਟੀਆਂ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ
- ਪੰਜਾਬ ਵਾਸੀਆਂ ਨੂੰ ਸੂਬੇ ਦੇ ਸਰਬਪੱਖੀ ਵਿਕਾਸ ਵਿੱਚ ਆਪਣਾ ਬਣਦਾ ਯੋਗਦਾਨ ਪਾਉਣ ਦਾ ਸੱਦਾ
- ਵੱਖ ਵੱਖ ਸਕੂਲਾਂ ਦੇ 450 ਤੋਂ ਵਧੇਰੇ ਵਿਦਿਆਰਥੀਆਂ ਵੱਲੋਂ ਸਭਿਆਚਾਰਕ ਪੇਸ਼ਕਾਰੀਆਂ
- ਵਿਸ਼ੇਸ਼ ਸ਼ਖਸੀਅਤਾਂ ਅਤੇ ਆਜ਼ਾਦੀ ਘੁਲਾਟੀਏ ਪਰਿਵਾਰਾਂ ਦਾ ਸਨਮਾਨ
ਮੋਗਾ, 26 ਜਨਵਰੀ -ਜ਼ਿਲ੍ਹਾ ਪੱਧਰੀ ਗਣਤੰਤਰ ਦਿਵਸ ਸਮਾਗਮ ਸਥਾਨਕ ਦਾਣਾ ਮੰਡੀ ਵਿਖੇ ਉਤਸ਼ਾਹ ਅਤੇ ਦੇਸ਼ ਭਗਤੀ ਦੀ ਭਾਵਨਾ ਨਾਲ ਮਨਾਇਆ ਗਿਆ।ਜਿਸ ਦੌਰਾਨ ਪੰਜਾਬ ਦੇ ਸਥਾਨਕ ਸਰਕਾਰਾਂ ਬਾਰੇ ਵਿਭਾਗ ਦੇ ਕੈਬਨਿਟ ਮੰਤਰੀ ਸ੍ਰ ਇੰਦਰਬੀਰ ਸਿੰਘ ਨਿੱਜਰ ਨੇ ਕੌਮੀ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ ਅਤੇ ਮਾਰਚ ਪਾਸਟ ਤੋਂ ਸਲਾਮੀ ਲਈ।ਇਸ ਮੌਕੇ ਉਨ੍ਹਾਂ ਨਾਲ ਡਿਪਟੀ ਕਮਿਸ਼ਨਰ ਸ੍ਰ ਕੁਲਵੰਤ ਸਿੰਘ ਅਤੇ ਜ਼ਿਲ੍ਹਾ ਪੁਲਿਸ ਮੁਖੀ ਸ੍ਰ ਗੁਲਨੀਤ ਸਿੰਘ ਖੁਰਾਣਾ ਵੀ ਹਾਜ਼ਰ ਸਨ।
ਇਸ ਮੌਕੇ ਸੰਬੋਧਨ ਕਰਦਿਆਂ ਸ੍ਰ ਨਿੱਜਰ ਨੇ ਭਾਰਤੀ ਸੰਵਿਧਾਨ ਦੇ ਰਚਨਾਹਾਰ ਡਾ. ਭੀਮ ਰਾਓ ਅੰਬੇਦਕਰ ਦੇ ਭਾਰਤੀ ਲੋਕਤੰਤਰ ਵਿੱਚ ਪਾਏ ਵਡਮੁੱਲੇ ਯੋਗਦਾਨ ਨੂੰ ਸਲਾਮ ਕਰਦਿਆਂ ਕਿਹਾ ਕਿ ਭਾਰਤੀ ਸੰਵਿਧਾਨ ਨੇ ਦੇਸ਼ ਨੂੰ ਇੱਕ ਮਾਲਾ ਵਿੱਚ ਪਰੋ ਦਿੱਤਾ ਹੈ। ਉਨ੍ਹਾਂ ਦੇਸ਼ ਦੇ ਸੰਵਿਧਾਨ ਨੂੰ ਲੋਕਾਂ ਦੇ ਅਧਿਕਾਰਾਂ ਅਤੇ ਕਰਤੱਵਾਂ ਦਾ ਚਾਰਟਰ ਕਰਾਰ ਦਿੰਦਿਆਂ ਕਿਹਾ ਕਿ ਜੇਕਰ ਹਰੇਕ ਦੇਸ਼ ਵਾਸੀ ਸੰਵਿਧਾਨ ਮੁਤਾਬਿਕ ਆਪਣੇ ਕਰਤੱਵਾਂ ਦੀ ਪਾਲਣਾ ਕਰੇ ਤਾਂ ਇਹ ਹੀ ਅਜ਼ਾਦੀ ਘੁਲਾਟੀਆਂ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ।ਉਨ੍ਹਾਂ ਦੇਸ਼ ਦੀ ਫੌਜ, ਅਰਧ ਸੈਨਿਕ ਬਲਾਂ ਅਤੇ ਸੂਬਿਆਂ ਦੇ ਪੁਲਿਸ ਬਲਾਂ ਵੱਲੋਂ ਦੇਸ਼ ਦੀ ਗਣਤੰਤਰਤਾ ਅਤੇ ਸੰਵਿਧਾਨ ਦੀ ਰਾਖੀ ਲਈ ਕੀਤੇ ਬਲੀਦਾਨ ਦੀ ਵੀ ਸ਼ਲਾਘਾ ਕੀਤੀ।
ਉਨ੍ਹਾਂ ਪੰਜਾਬ ਵਾਸੀਆਂ ਨੂੰ ਸੱਦਾ ਦਿੱਤਾ ਕਿ ਉਹ ਸੂਬੇ ਦੇ ਸਰਬਪੱਖੀ ਵਿਕਾਸ ਵਿੱਚ ਆਪਣਾ ਬਣਦਾ ਯੋਗਦਾਨ ਪਾਉਣ ਕਿਉਂਕਿ ਕਿਸੇ ਸੂਬੇ ਜਾਂ ਖਿੱਤੇ ਦਾ ਵਿਕਾਸ ਲੋਕਾਂ ਦੇ ਸਹਿਯੋਗ ਤੋਂ ਬਿਨਾ ਸੰਭਵ ਨਹੀਂ। ਇਸ ਮੌਕੇ ਉਨ੍ਹਾਂ ਨੇ ਜਿੱਥੇ ਦੇਸ਼ ਲਈ ਕੁਰਬਾਨੀਆਂ ਕਰਨ ਵਾਲੇ ਸ਼ਹੀਦਾਂ ਨੂੰ ਯਾਦ ਕੀਤਾ, ਉਥੇ ਹੀ ਦੇਸ਼ ਵਾਸੀਆਂ ਖਾਸ ਕਰਕੇ ਨੌਜਵਾਨਾਂ ਨੂੰ ਸੱਦਾ ਦਿੱਤਾ ਕਿ ਉਹ ਪੰਜਾਬ ਅਤੇ ਦੇਸ਼ ਦੇ ਸਰਬਪੱਖੀ ਵਿਕਾਸ ਵਿੱਚ ਆਪਣਾ ਯੋਗਦਾਨ ਪਾਉਣ ਲਈ ਅੱਗੇ ਆਉਣ।
ਉਨ੍ਹਾਂ ਕਿਹਾ ਕਿ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬੇ ਦੇ ਵਿਕਾਸ ਲਈ ਕੋਈ ਵੀ ਕਸਰ ਬਾਕੀ ਨਹੀਂ ਛੱਡ ਰਹੀ ਹੈ। ਉਨ੍ਹਾਂ ਦੁਹਰਾਇਆ ਕਿ ਪੰਜਾਬ ਸਰਕਾਰ ਸੂਬੇ ਦੀ ਸ਼ਾਨ ਮੁੜ ਬਹਾਲ ਕਰਨ ਲਈ ਵਚਨਬੱਧ ਹੈ। ਅੱਜ ਪੰਜਾਬ ਬਿਜਲੀ, ਖੇਤੀਬਾੜੀ, ਸਿੱਖਿਆ, ਲਾਅ ਐਂਡ ਆਡਰ, ਨਾਗਰਿਕ ਸੇਵਾਵਾਂ, ਬੁਨਿਆਦੀ ਢਾਂਚੇ, ਸ਼ਹਿਰੀ ਵਿਕਾਸ, ਪਿੰਡਾਂ ਦੇ ਸਰਵਪੱਖੀ ਵਿਕਾਸ, ਪੰਚਾਇਤੀ ਜ਼ਮੀਨਾਂ 'ਤੋਂ ਨਾਜਾਇਜ਼ ਕਬਜੇ ਛੁਡਾਉਣ, ਸਿਹਤ, ਨਿਵੇਸ਼ ਪੱਖੀ ਮਾਹੌਲ ਸਿਰਜਣ ਅਤੇ ਉਦਯੋਗ ਦੇ ਖੇਤਰ ਵਿੱਚ ਨਾਮਣਾ ਖੱਟ ਰਿਹਾ ਹੈ।
ਪੰਜਾਬ ਸਰਕਾਰ ਨੇ ਆਪਣੇ ਲਗਭੱਗ 10 ਮਹੀਨੇ ਦੇ ਕਾਰਜਕਾਲ ਦੌਰਾਨ ਅਨੇਕਾਂ ਲੋਕ-ਪੱਖੀ ਪਹਿਲਕਦਮੀਆਂ ਕੀਤੀਆਂ ਹਨ। ਜਿਸ ਦਾ ਉਹਨਾਂ ਪੂਰਾ ਵੇਰਵਾ ਪੇਸ਼ ਕੀਤਾ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਨੇ ਭ੍ਰਿਸ਼ਟਾਚਾਰ ਵਿਰੋਧੀ ਐਕਸ਼ਨ ਲਾਈਨ ਦੀ ਸ਼ੁਰੂਆਤ ਕਰਕੇ ਭ੍ਰਿਸ਼ਟਾਚਾਰ ਨੂੰ ਜੜ੍ਹੋਂ ਖ਼ਤਮ ਕਰਨ ਦੀ ਦਿਸ਼ਾ ਵਿੱਚ ਵੱਡੀ ਪਹਿਲਕਦਮੀ ਕੀਤੀ ਹੈ।ਇਸ ਸਹੂਲਤ ਰਾਹੀਂ ਆਮ ਨਾਗਰਿਕ ਆਪਣੀ ਸ਼ਿਕਾਇਤ ਦਰਜ ਕਰਵਾ ਸਕਦਾ ਹੈ, ਜਿਸਦੀ ਜਾਂਚ ਕਰਕੇ ਸਰਕਾਰ ਸਬੰਧਤ ਦੋਸ਼ੀ ਵਿਰੁੱਧ ਸਖ਼ਤ ਕਾਰਵਾਈ ਕਰੇਗੀ।ਸਾਡੀ ਸਰਕਾਰ ਨੇ ਭ੍ਰਿਸ਼ਟਾਚਾਰ ਦੇ ਮਾਮਲੇ ਵਿੱਚ ਕਿਸੇ ਸਿਆਸਤਦਾਨ ਜਾਂ ਅਧਿਕਾਰੀ ਨਾਲ ਵੀ ਲਿਹਾਜ਼ ਨਹੀਂ ਕੀਤਾ।
ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸੂਬੇ ਵਿੱਚ ਸਿੱਖਿਆ, ਸਿਹਤ ਅਤੇ ਬੁਨਿਆਦੀ ਢਾਂਚੇ ਦੇ ਵਿਕਾਸ ਨੂੰ ਸਭ ਤੋਂ ਵੱਧ ਤਰਜੀਹ ਦਿੱਤੀ ਜਾ ਰਹੀ ਹੈ।ਇਸ ਮੌਕੇ ਉਨ੍ਹਾਂ ਨੇ ਅਜ਼ਾਦੀ ਘੁਲਾਟੀਏ ਪਰਿਵਾਰਾਂ ਅਤੇ ਜ਼ਿਲ੍ਹਾ ਮੋਗਾ ਦੀਆਂ ਪ੍ਰਮੁੱਖ ਸਖ਼ਸ਼ੀਅਤਾਂ ਦਾ ਵਿਸ਼ੇਸ਼ ਤੌਰ ’ਤੇ ਸਨਮਾਨ ਕੀਤਾ, ਜਿਨ੍ਹਾਂ ਨੇ ਵੱਖ-ਵੱਖ ਖੇਤਰਾਂ ਵਿੱਚ ਅਹਿਮ ਯੋਗਦਾਨ ਪਾਇਆ ਹੈ।ਇਸ ਮੌਕੇ ਉਨ੍ਹਾਂ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਵੱਲੋਂ ਲੋੜਵੰਦਾਂ ਨੂੰ ਟਰਾਈਸਾਈਕਲ, ਵ੍ਹੀਲ ਚੇਅਰ ਅਤੇ ਸਿਲਾਈ ਮਸ਼ੀਨਾਂ ਦੀ ਵੀ ਵੰਡ ਕੀਤੀ।
ਸਮਾਗਮ ਤੋਂ ਬੇਹੱਦ ਪ੍ਰਭਾਵਿਤ ਹੋਏ ਸ੍ਰ ਨਿੱਜਰ ਨੇ ਜ਼ਿਲ੍ਹਾ ਪੱਧਰੀ ਸਮਾਗਮ ਵਿੱਚ ਭਾਗ ਲੈਣ ਵਾਲੇ ਪ੍ਰਤੀਭਾਗੀਆਂ ਨੂੰ ਮਿਤੀ 27 ਜਨਵਰੀ ਨੂੰ ਛੁੱਟੀ ਦੇਣ ਦਾ ਐਲਾਨ ਵੀ ਕੀਤਾ।
ਦੱਸਣਯੋਗ ਹੈ ਕਿ ਸਮਾਗਮ ਦੌਰਾਨ 450 ਤੋਂ ਵਧੇਰੇ ਵਿਦਿਆਰਥੀਆਂ ਨੇ ਇਸ ਸਮਾਗਮ ਵਿੱਚ ਪੂਰੀ ਲਗਨ ਨਾਲ ਭਾਗ ਲਿਆ ਅਤੇ ਪੂਰੇ ਸਟੇਡੀਅਮ ਨੂੰ ਉਤਸ਼ਾਹ ਨਾਲ ਭਰ ਦਿੱਤਾ।ਸੱਭਿਆਚਾਰਕ ਵੰਨਗੀਆਂ, ਗਿੱਧਾ, ਭੰਗੜਾ ਅਤੇ ਹੋਰ ਪੇਸ਼ਕਾਰੀਆਂ ਨੂੰ ਦਰਸ਼ਕਾਂ ਨੇ ਬਹੁਤ ਹੀ ਸਰਾਹਿਆ।ਇਸ ਮੌਕੇ ਸੂਬੇ ਅਤੇ ਦੇਸ਼ ਦੇ ਵਿਕਾਸ ਨੂੰ ਦਰਸਾਉਂਦੇ ਬੈਨਰ ਵੀ ਪਰੇਡ ਮੈਦਾਨ ਵਿੱਚ ਲਗਾਏ ਗਏ ਸਨ।
ਸਮਾਗਮ ਦੌਰਾਨ ਸ੍ਰ ਮਨਜੀਤ ਸਿੰਘ ਬਿਲਾਸਪੁਰ, ਸ੍ਰ ਦਵਿੰਦਰਜੀਤ ਸਿੰਘ ਲਾਡੀ ਢੋਂਸ, ਡਾਕਟਰ ਅਮਨਦੀਪ ਕੌਰ ਅਰੋੜਾ ਅਤੇ ਸ੍ਰ ਅੰਮ੍ਰਿਤਪਾਲ ਸਿੰਘ ਸੁਖਾਨੰਦ (ਚਾਰੇ ਵਿਧਾਇਕ), ਆਈ ਜੀ ਪੁਲਿਸ ਸ਼੍ਰੀ ਸ਼ਿਵੇ ਕੁਮਾਰ ਵਰਮਾ, ਸਾਬਕਾ ਮੰਤਰੀ ਸ਼੍ਰੀਮਤੀ ਮਾਲਤੀ ਥਾਪਰ, ਜ਼ਿਲ੍ਹਾ ਅਤੇ ਸੈਸ਼ਨ ਜੱਜ ਸ਼੍ਰੀ ਅਤੁਲ ਕਸਾਨਾ, ਸ੍ਰ ਹਰਮਨਜੀਤ ਸਿੰਘ ਬਰਾੜ ਚੇਅਰਮੈਨ ਜ਼ਿਲ੍ਹਾ ਯੋਜਨਾ ਬੋਰਡ, ਸ਼੍ਰੀ ਦੀਪਕ ਅਰੋੜਾ ਚੇਅਰਮੈਨ ਨਗਰ ਸੁਧਾਰ ਟਰੱਸਟ ਅਤੇ ਵੱਡੀ ਗਿਣਤੀ ਵਿੱਚ ਸ਼ਹਿਰ ਵਾਸੀ ਹਾਜ਼ਰ ਸਨ।