ਲੁਧਿਆਣਾ 18 ਅਗਸਤ
ਗੌਰਮਿੰਟ ਟੀਚਰਜ਼ ਯੂਨੀਅਨ (ਵਿਗਿਆਨਕ) ਲੁਧਿਆਣਾ ਦੇ ਇੱਕ ਵਫਦ ਵੱਲੋਂ ਅਧਿਆਪਕਾਂ ਦੀਆਂ ਦਰਪੇਸ਼ ਮੁਸ਼ਕਲਾਂ ਸਬੰਧੀ ਜਿਲਾ ਪ੍ਰਧਾਨ ਜਗਦੀਪ ਸਿੰਘ ਜੌਹਲ ਦੀ ਅਗਵਾਈ ਵਿੱਚ ਉੱਪ ਜਿਲਾ ਸਿੱਖਿਆ ਅਫਸਰ (ਐਲੀਮੈਂਟਰੀ) ਲੁਧਿਆਣਾ ਸ੍ਰੀ ਜਸਵਿੰਦਰ ਸਿੰਘ ਨਾਲ਼ ਮੁਲਾਕਾਤ ਕੀਤੀ ਅਤੇ ਹੈੱਡ ਟੀਚਰਾਂ / ਸੈਂਟਰ - ਹੈੱਡ ਟੀਚਰਾਂ ਦੀਆਂ ਤਰੱਕੀਆਂ ਸਮੇਂ ਡੀ-ਬਾਰ ਹੋਏ ਅਧਿਆਪਕਾਂ ਕਾਰਨ ਖਾਲੀ ਰਹਿ ਗਈਆਂ ਤਕਰੀਬਨ 60 ਦੇ ਕਰੀਬ ਪੋਸਟਾਂ ਨੂੰ ਅਧਿਕਾਰੀਆਂ ਦੇ ਧਿਆਨ ਵਿੱਚ ਲਿਆਉਂਦਿਆਂ ਇਹਨਾਂ ਉੱਪਰ ਤਰੱਕੀਆਂ ਕਰਨ ਦਾ ਮਸਲਾ ਉਠਾਇਆ ਗਿਆ, ਅਧਿਕਾਰੀਆਂ ਅਨੁਸਾਰ ਇਸਤੇ ਜਲਦੀ ਹੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਅਧਿਆਪਕ ਆਗੂ ਕੇਵਲ ਸਿੰਘ ਖੰਨਾ ਅਤੇ ਇੰਦਰਜੀਤ ਸਿੰਗਲਾ ਨੇ ਦੱਸਿਆ ਕਿ ਸ਼ੈਸ਼ਨ 2021-22 ਸਬੰਧੀ ਅਧਿਆਪਕਾਂ ਦੀਆਂ ਸਲਾਨਾ ਗੁਪਤ ਰਿਪੋਰਟਾਂ ਨੂੰ ਆਨ-ਲਾਈਨ ਜਾਂ ਆਫ ਲਾਈਨ ਭਰਨ ਸਬੰਧੀ ਭੰਬਲ਼-ਭੂਸਾ ਦੂਰ ਕਰਨ ਬਾਰੇ ਅਧਿਕਾਰੀਆਂ ਵੱਲੋਂ ਜਲਦੀ ਹੀ ਪੱਤਰ ਜਾਰੀ ਕਰ ਦਿੱਤਾ ਜਾਵੇਗਾ ।
ਪਿਛਲੇ ਸਮੇਂ ਦੌਰਾਨ ਦਫਤਰ ਜਿਲਾ ਸਿੱਖਿਆ ਅਫਸਰ ਦੀ ਰੈਨੋਵੇਸ਼ਨ ਦੇ ਨਾਂ ਤੇ ਦਫਤਰ ਵਿੱਚੋਂ ਰਾਜ ਪੱਧਰੀ ਅਤੇ ਕੌਮੀ ਪੁਰਸਕਾਰ ਜੇਤੂ ਅਧਿਆਪਕਾਂ ਦੀ ਲਿਸਟ ਵਾਲ਼ੇ ਗਾਇਬ ਹੋਏ ਬੋਰਡਾਂ ਦਾ ਮਸਲਾ ਵੀ ਉਠਾਇਆ ਗਿਆ, ਫੈਸਲੇ ਅਨੁਸਾਰ ਇਹਨਾਂ ਬੋਰਡਾਂ ਨੂੰ ਦੁਬਾਰਾ ਸਥਾਪਿਤ ਕਰਕੇ ਦਫਤਰ ਜਿਲਾ ਸਿੱਖਿਆ ਅਫਸਰ ਦਾ ਸ਼ਿੰਗਾਰ ਬਣਾਇਆ ਜਾਵੇਗਾ । ਇਸੇ ਤਰਾਂ ਹੀ ਹੁਣ ਤੱਕ ਰਹੇ ਜਿਲਾ ਸਿੱਖਿਆ ਅਫਸਰਾਂ ਅਤੇ ਉੱਪ ਜਿਲਾ ਸਿੱਖਿਆ ਅਫਸਰਾਂ ਦੇ ਬੋਰਡ ਵੀ ਮੁੜ ਸੁਰਜੀਤ ਕੀਤੇ ਜਾਣ ਦਾ ਫੈਸਲਾ ਕੀਤਾ ਗਿਆ। ਇਸ ਮੌਕੇ ਸ੍ਰੀ ਜਸਵਿੰਦਰ ਸਿੰਘ ਨੂੰ ਉੱਪ ਜਿਲਾ ਸਿੱਖਿਆ ਅਫਸਰ (ਐਲੀਮੈਂਟਰੀ) ਲੁਧਿਆਣਾ ਨਿਯੁਕਤ ਹੋਣ ਤੇ ਵਧਾਈ ਵੀ ਦਿੱਤੀ ਗਈ। ਇਸ ਸਮੇਂ ਸ੍ਰੀ ਸੰਜੀਵ ਕੁਮਾਰ ਤੋਂ ਇਲਾਵਾ ਸੰਦੀਪ ਸਿੰਘ ਬਧੇਸ਼ਾ, ਮਲਕੀਤ ਸਿੰਘ ਗਾਲਿਬ, ਰਾਜਵਿੰਦਰ ਸਿੰਘ ਛੀਨਾ ਅਤੇ ਕਮਲਜੀਤ ਸਿੰਘ ਬਰਾੜ ਆਦਿ ਅਧਿਆਪਕ ਆਗੂ ਵੀ ਹਾਜ਼ਰ ਸਨ।