ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਭਲਕੇ ਸੰਗਰੂਰ ਵਿਖੇ ਕਰਵਾਉਣਗੇ ਅਹਿਮ ਪ੍ਰਾਜੈਕਟਾਂ ਦੀ ਸ਼ੁਰੂਆਤ: ਵਿਜੈ ਇੰਦਰ ਸਿੰਗਲਾ
ਦਲਜੀਤ ਕੌਰ ਭਵਾਨੀਗੜ੍ਹ
ਸੰਗਰੂਰ, 13 ਦਸੰਬਰ, 2021: ਲੋਕ ਨਿਰਮਾਣ ਅਤੇ ਪ੍ਰਬੰਧਕੀ ਸੁਧਾਰ ਮੰਤਰੀ ਪੰਜਾਬ ਸ਼੍ਰੀ ਵਿਜੈ ਇੰਦਰ ਸਿੰਗਲਾ ਨੇ ਦੱਸਿਆ ਕਿ ਮੁੱਖ ਮੰਤਰੀ ਪੰਜਾਬ ਸ੍ਰ. ਚਰਨਜੀਤ ਸਿੰਘ ਚੰਨੀ ਭਲਕੇ14 ਦਸੰਬਰ 2021 ਨੂੰ ਸੰਗਰੂਰ ਹਲਕੇ ’ਚ ਅਹਿਮ ਪ੍ਰਾਜੈਕਟਾਂ ਦੀ ਸ਼ੁਰੂਆਤ ਕਰਨ ਲਈ ਪਹੁੰਚ ਰਹੇ ਹਨ। ਸ਼੍ਰੀ ਵਿਜੈ ਇੰਦਰ ਸਿੰਗਲਾ ਨੇ ਦੱਸਿਆ ਕਿ ਮੁੱਖ ਮੰਤਰੀ ਸ. ਚਰਨਜੀਤ ਸਿੰਘ ਚੰਨੀ ਦੀ ਅਗਵਾਈ ਵਾਲੀ ਸੂਬਾ ਸਰਕਾਰ ਵੱਲੋਂ ਪੰਜਾਬ ਦੇ ਹਰ ਹਲਕੇ ’ਚ ਸਰਵਪੱਖੀ ਵਿਕਾਸ ਲਈ ਵੱਡੇ ਪੱਧਰ ’ਤੇ ਕਾਰਵਾਈਆਂ ਸ਼ੁਰੂ ਕੀਤੀਆਂ ਗਈਆਂ ਹਨ।
ਸੰਗਰੂਰ ਤੋਂ ਵਿਧਾਇਕ ਸ੍ਰੀ ਵਿਜੈ ਇੰਦਰ ਸਿੰਗਲਾ ਨੇ ਕਿਹਾ ਕਿ ਬੁੱਧਵਾਰ ਦਾ ਦਿਨ ਸੰਗਰੂਰ ਹਲਕੇ ਲਈ ਬਹੁਤ ਹੀ ਯਾਦਗਾਰੀ ਹੋਵੇਗਾ ਕਿਉਕਿ ਆਪਣੇ ਦੌਰੇ ਦੌਰਾਨ ਮੁੱਖ ਮੰਤਰੀ ਵਿਕਾਸ ਕਾਰਜਾਂ ਦਾ ਨਾਲ-ਨਾਲ ਰੁਜ਼ਗਾਰ ਤੇ ਸਿੱਖਿਆ ਦੇ ਖੇਤਰ ’ਚ ਕਰਾਂਤੀਕਾਰੀ ਤਬਦੀਲੀਆਂ ਲਿਆਉਣ ਵਾਲੇ ਕੰਮਾਂ ਦੀ ਸ਼ੁਰੂਆਤ ਕਰਵਾਉਣਗੇ।
ਉਨਾਂ ਕਿਹਾ ਕਿ ਮੁੱਖ ਮੰਤਰੀ ਚੰਨੀ ਸਵੇਰੇ 10.30 ਵਜੇ ਪਿੰਡ ਦੇਹ ਕਲਾਂ ਵਿਖੇ ਕਰੋੜਾਂ ਦੀ ਲਾਗਤ ਵਾਲੇ ਸੀਮਿੰਟ ਪਲਾਂਟ ਦਾ ਨੀਂਹ ਪੱਥਰ ਰੱਖਣਗੇ ਜਿਸ ਨਾਲ ਇਲਾਕੇ ਦੇ ਹੋਣਹਾਰ ਅਤੇ ਚਾਹਵਾਨ ਲੋਕਾਂ ਲਈ ਨੌਕਰੀਆਂ ਦਾ ਰਾਹ ਖੁੱਲੇਗਾ। ਇਸ ਤੋਂ ਬਾਅਦ ਦੁਪਹਿਰ 12:00 ਵਜੇ ਮੁੱਖ ਮੰਤਰੀ ਪਿੰਡ ਘਾਬਦਾਂ ਵਿੱਚ ਸਰਕਾਰੀ ਮੈਡੀਕਲ ਕਾਲਜ ਦੇ ਪ੍ਰਾਜੈਕਟ ਦੀ ਵੀ ਸ਼ੁਰੂਆਤ ਕਰਵਾਉਣਗੇ। ਇਸ ਮੈਡੀਕਲ ਕਾਲਜ ਦੀ ਸਥਾਪਨਾ ਨਾਲ ਦੂਰ-ਦੁਰਾਡੇ ਦੇ ਕਾਲਜਾਂ ’ਚ ਜਾ ਕੇ ਮੈਡੀਕਲ ਦੀ ਪੜਾਈ ਕਰਨ ਵਾਲੇ ਵਿਦਿਆਰਥੀਆਂ ਲਈ ਆਸਾਨੀ ਹੋ ਜਾਵੇਗੀ।
ਕੈਬਨਿਟ ਮੰਤਰੀ ਸ਼੍ਰੀ ਸਿੰਗਲਾ ਨੇ ਦੱਸਿਆ ਕਿ ਇਸ ਤੋਂ ਬਾਅਦ ਦੁਪਹਿਰ 1:00 ਵਜੇ ਮੁੱਖ ਮੰਤਰੀ ਸ. ਚਰਨਜੀਤ ਸਿੰਘ ਚੰਨੀ ਸਥਾਨਕ ਰਣਬੀਰ ਕਾਲਜ ਵਿਖੇ ਪਹੁੰਚਣਗੇ ਜਿੱਥੇ ਉਹ ਕਿਸਾਨਾਂ ਅਤੇ ਕਿਸਾਨਾਂ ਦੀ ਜਿੱਤ ਨੂੰ ਸਮਰਪਿਤ ਕਿ੍ਰਕਟ ਲੀਗ ਦੀ ਸ਼ੁਰੂਆਤ ਕਰਵਾਉਣਗੇ।
ਸ੍ਰੀ ਸਿੰਗਲਾ ਨੇ ਦੱਸਿਆ ਕਿ ਅੰਤ ਵਿੱਚ ਮੁੱਖ ਮੰਤਰੀ ਜੀ ਬਾਅਦ ਦੁਪਹਿਰ 2:00 ਵਜੇ ਬਨਾਸਰ ਬਾਗ, ਸੰਗਰੂਰ ਵਿਖੇ ਪਹੁੰਚਣਗੇ ਅਤੇ ਸੰਗਰੂਰ ਦੀ ਵਿਰਾਸਤ ਨੂੰ ਸਮਰਪਿਤ ਸੰਗਰੂਰ ਹੈਰੀਟੇਜ ਫੈਸਟੀਵਲ ‘ਜਸਨ-ਏ-ਵਿਰਾਸਤ’ ਦਾ ਉਦਘਾਟਨ ਕਰਨਗੇ।
ਇਹ ਮੇਲਾ ਤਿੰਨ ਦਿਨ 14, 15 ਅਤੇ 16 ਦਸੰਬਰ ਤੱਕ ਚੱਲੇਗਾ, ਜਿਸ ਵਿੱਚ ਸਰੋਤਿਆਂ-ਦਰਸ਼ਕਾਂ ਨੂੰ ਸੰਗਰੂਰ ਦੀ ਵਿਰਾਸਤ ਬਾਰੇ ਵੱਖ-ਵੱਖ ਪੇਸ਼ਕਾਰੀਆਂ ਦੇਖਣ-ਸੁਣਨ ਨੂੰ ਮਿਲਣਗੀਆਂ। ਸੰਗਰੂਰ ਹੈਰੀਟੇਜ ਫੈਸਟੀਵਲ ਵਿੱਚ ਤਿੰਨ ਦਿਨਾਂ ਲਈ ਆਮ ਲੋਕਾਂ ਲਈ ਐਂਟਰੀ ਬਿਲਕੁਲ ਮੁਫ਼ਤ ਰੱਖੀ ਗਈ ਹੈ। ਸ਼੍ਰੀ ਸਿੰਗਲਾ ਨੇ ਸੰਗਰੂਰ ਦੇ ਲੋਕਾਂ ਨੂੰ ਇਸ ਫੈਸਟੀਵਲ ’ਚ ਭਾਰੀ ਗਿਣਤੀ ’ਚ ਪਹੁੰਚਣ ਦੀ ਅਪੀਲ ਕੀਤੀ।