ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ 33ਵਾਂ ਹਕੀਮ ਖੁਸ਼ਹਾਲ ਸਿੰਘ ਯਾਦਗਾਰੀ ਮੁਫ਼ਤ ਦਮਾ ਕੈਂਪ ਅਯੋਜਿਤ
ਸੰਸਦ ਮੈਂਬਰ ਤਿਵਾੜੀ ਨੇ 230 ਸਾਲਾਂ ਤੋਂ ਚੱਲੀ ਆ ਰਹੀ ਪਰੰਪਰਾ ਦੀ ਸ਼ਲਾਘਾ ਕੀਤੀ
ਰੋਪੜ, 19 ਨਵੰਬਰ : ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਸ੍ਰੀ ਅਨੰਦਪੁਰ ਸਾਹਿਬ ਦੇ ਪਿੰਡ ਮਾਂਗੇਵਾਲ ਵਿਖੇ ਸ੍ਰੀ ਆਨੰਦਪੁਰ ਸਾਹਿਬ ਤੋਂ ਮੈਂਬਰ ਲੋਕ ਸਭਾ ਅਤੇ ਸਾਬਕਾ ਕੇਂਦਰੀ ਮੰਤਰੀ ਮਨੀਸ਼ ਤਿਵਾੜੀ ਨੇ ਬੀਤੇ 230 ਵਰ੍ਹਿਆਂ ਤੋਂ ਚੱਲੀ ਆ ਰਹੀ ਪਰੰਪਰਾ ਦੇ ਤਹਿਤ 33 ਵੇਂ ਹਕੀਮ ਖੁਸ਼ਹਾਲ ਸਿੰਘ ਯਾਦਗਾਰੀ ਮੁਫ਼ਤ ਦਮਾ ਕੈਂਪ ਦਾ ਉਦਘਾਟਨ ਕੀਤਾ।
ਇਸ ਮੌਕੇ ਸੰਸਦ ਮੈਂਬਰ ਤਿਵਾੜੀ ਨੇ ਪਿਛਲੇ 230 ਸਾਲਾਂ ਤੋਂ ਚੱਲੀ ਆ ਰਹੀ ਇਸ ਪਰੰਪਰਾ ਦੀ ਸ਼ਲਾਘਾ ਕੀਤੀ, ਜਿੱਥੇ ਆਪਣੀ ਸੱਸ-ਸਹੁਰੇ ਦੀ ਸੇਵਾ ਕਰਨ ਵਾਲੀਆਂ ਨੂੰਹਾਂ ਦਾ ਸਨਮਾਨ ਕੀਤਾ ਜਾਂਦਾ ਹੈ। ਹਾਲਾਂਕਿ ਇਸ ਵਾਰ ਉਨ੍ਹਾਂ ਦੇ ਨਾਲ ਕੋਰੋਨਾ ਮਹਾਮਾਰੀ ਦੌਰਾਨ ਲੋਕਾਂ ਦੀ ਸੇਵਾ ਕਰਨ ਵਾਲੇ ਡਾਕਟਰਾਂ ਨੂੰ ਵੀ ਸਨਮਾਨਿਤ ਕੀਤਾ ਗਿਆ। ਜਿਸ ਲਈ ਉਨ੍ਹਾਂ ਕੈਂਪ ਦੇ ਪ੍ਰਬੰਧਕ ਸ੍ਰੀ ਗੁਰੂ ਗੋਬਿੰਦ ਸਿੰਘ ਸਪੋਰਟਸ ਐਂਡ ਕਲਚਰਲ ਕਲੱਬ, ਸ੍ਰੀ ਆਨੰਦਪੁਰ ਸਾਹਿਬ ਦੇ ਪ੍ਰਧਾਨ ਹਕੀਮ ਹਰਮਿੰਦਰਪਾਲ ਸਿੰਘ ਅਤੇ ਉਨ੍ਹਾਂ ਦੀ ਟੀਮ ਦੀ ਸ਼ਲਾਘਾ ਕੀਤੀ।
ਕੈਂਪ ਦੀ ਪ੍ਰਧਾਨਗੀ ਕਰਦਿਆਂ ਸ੍ਰੀ ਨੈਣਾ ਦੇਵੀ, ਹਿਮਾਚਲ ਪ੍ਰਦੇਸ਼ ਦੇ ਵਿਧਾਇਕ ਠਾਕੁਰ ਰਾਮ ਲਾਲ ਨੇ ਸੰਸਥਾ ਵੱਲੋਂ ਕੀਤੇ ਜਾ ਰਹੇ ਉਪਰਾਲਿਆਂ ਦੀ ਸ਼ਲਾਘਾ ਕਰਦਿਆਂ ਇਸਨੂੰ ਸਮੇਂ ਦੀ ਲੋੜ ਦੱਸਿਆ।
ਇਸ ਦੌਰਾਨ ਹੋਰਨਾਂ ਤੋਂ ਇਲਾਵਾ, ਰਮੇਸ਼ ਦਸਗਰਾਈੰ ਚੇਅਰਮੈਨ ਜ਼ਿਲ੍ਹਾ ਯੋਜਨਾ ਬੋਰਡ ਰੋਪੜ, ਪੰਜਾਬ ਲਾਰਜ ਇੰਡਸਟਰੀਅਲ ਡਿਵੈਲਪਮੈਂਟ ਬੋਰਡ ਦੇ ਚੇਅਰਮੈਨ ਪਵਨ ਦੀਵਾਨ, ਅਸ਼ੋਕ ਸੈਣੀ, ਕਪਿਲ ਜੋਸ਼ੀ ਡਾਇਰੈਕਟਰ ਪੀ.ਆਰ.ਟੀ.ਸੀ., ਪ੍ਰੇਮ ਸਿੰਘ ਬਸੂਵਾਲ ਪ੍ਰਧਾਨ ਬਲਾਕ ਕਾਂਗਰਸ, ਬਿਕਰਮ ਸ਼ਰਮਾ, ਸੁਰੇਸ਼ ਜੋਸ਼ੀ ਸਰਪੰਚ, ਬਾਮ ਦੇਵ ਸਰਪੰਚ, ਪ੍ਰਕਾਸ਼ ਸਿੰਘ ਲੰਬੜਦਾਰ ਆਦਿ ਹਾਜ਼ਰ ਸਨ।