ਮਰਨ ਵਰਤ ਤੇ ਬੈਠੇ ਬਲਵਿੰਦਰ ਫਿਰੋਜ਼ਪੁਰ ਦੀ ਸਿਹਤ ਵਿਗੜੀ
28ਵੇਂ ਦਿਨ ਵੀ ਟੈਂਕੀ ਤੇ ਡਟੇ ਰਹੇ ਬੇਰੁਜ਼ਗਾਰ ਅਧਿਆਪਕ
ਦਲਜੀਤ ਕੌਰ ਭਵਾਨੀਗੜ੍ਹ
ਖਰੜ, 17 ਨੰਵਬਰ, 2021: ਰੁਜ਼ਗਾਰ ਦੀ ਮੰਗ ਨੂੰ ਲੈ ਕੇ ਟੈਂਕੀ ਤੇ ਚੜ੍ਹੇ ਬੇਰੁਜ਼ਗਾਰ ਈ.ਟੀ.ਟੀ. ਟੈੱਟ ਪਾਸ ਅਧਿਆਪਕ 28ਵੇੰ ਦਿਨ ਵੀ ਦੇਸੂਮਾਜਰਾ ਵਿਖੇ ਪਰਮ ਫ਼ਾਜ਼ਿਲਕਾ 'ਤੇ ਅਮਨ ਫ਼ਾਜ਼ਿਲਕਾ ਵੀ ਟੈਂਕੀ ਦੇ ਉੱਪਰ ਡਟੇ ਰਹੇ। ਮਰਨ ਵਰਤ ਤੇ ਬੈਠੇ ਬਲਵਿੰਦਰ ਫ਼ਿਰੋਜ਼ਪੁਰ ਦੀ ਦਾ ਮਰਨ ਵਰਤ ਅੱਜ ਅੱੱਠਵੇਂ ਦਿਨ ਵਿੱਚ ਦਾਖਿਲ ਹੋ ਚੁੱਕਿਆ ਹੈ, ਲਗਾਤਾਰ 8ਵੇਂ ਦਿਨ ਮਰਨ ਵਰਤ ਕਾਰਨ ਬਲਵਿੰਦਰ ਫ਼ਿਰੋਜ਼ਪੁਰ ਦੇ ਹੱਥਾਂ ਪੈਰਾਂ ਨੂੰ ਦਰਦ ਹੋਣਾ ਸ਼ੁਰੂ ਹੋ ਚੁੱਕਿਆ ਹੈ।
ਅੱਜ ਪੁਲੀਸ ਪ੍ਰਸ਼ਾਸਨ ਵੱਲੋਂ ਬੇਰੁਜ਼ਗਾਰ ਬਲਵਿੰਦਰ ਫਿਰੋਜ਼ਪੁਰ ਨੂੰ ਵਾਰ-ਵਾਰ ਮਨਾਉਣ ਦੀ ਕੋਸ਼ਿਸ਼ ਕੀਤੀ ਗਈ ਕਿ ਉਹ ਆਪਣਾ ਮਰਨ ਵਰਤ ਖ਼ਤਮ ਕਰੇ ਜਾਂ ਫਿਰ ਹਸਪਤਾਲ ਵਿਚ ਆਪਣਾ ਜ਼ੇਰੇ ਇਲਾਜ ਲਈ ਦਾਖ਼ਲ ਹੋਏ ਪਰ ਬਲਵਿੰਦਰ ਫਿਰੋਜ਼ਪੁਰ ਵੱਲੋਂ ਪ੍ਰਸ਼ਾਸਨ ਨੂੰ ਕਿਹਾ ਕਿ ਜਦੋਂ ਤੱਕ ਬੇਰੁਜ਼ਗਾਰ ਅਧਿਆਪਕਾਂ ਦੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਉਦੋਂ ਤੱਕ ਉਹ ਆਪਣਾ ਮਰਨ ਖ਼ਤਮ ਨਹੀਂ ਕਰੇਗਾ।
ਉੱਧਰ ਦੂਜੇ ਪਾਸੇ ਕੱਲ੍ਹ ਚੰਡੀਗਡ਼੍ਹ ਪ੍ਰਸ਼ਾਸਨ ਵੱਲੋਂ ਬੇਰੁਜ਼ਗਾਰ ਅਧਿਆਪਕਾਂ ਅੱਜ ਦੀ ਸਿੱਖਿਆ ਮੰਤਰੀ ਨਾਲ ਨੂੰ ਮੀਟਿੰਗ ਤੈਅ ਕਰਵਾਈ ਗਈ ਸੀ ਤਾਂ ਉਸ ਤੋਂ ਬਾਅਦ ਅੱਜ ਪ੍ਰਸ਼ਾਸਨ ਮੀਟਿੰਗ ਤੋਂ ਮੁੱਕਰਦਾ ਨਜ਼ਰ ਆਇਆ, ਜਿਸ ਤੋਂ ਬਾਅਦ ਬੇਰੁਜ਼ਗਾਰ ਅਧਿਆਪਕਾਂ ਵੱਲੋਂ ਚੰਡੀਗੜ੍ਹ-ਖਰੜ ਹਾਈਵੇਅ ਜਾਮ ਕੀਤਾ ਗਿਆ। ਜਿਸ ਤੋਂ ਬਾਅਦ ਜਾ ਕੇ ਪ੍ਰਸ਼ਾਸਨ ਵੱਲੋਂ ਬੇਰੁਜ਼ਗਾਰ ਅਧਿਆਪਕਾਂ ਦੀ ਸਿੱਖਿਆ ਮੰਤਰੀ ਨਾਲ ਮੀਟਿੰਗ ਸ਼ੁਰੂ ਕਰਵਾਈ ਗਈ।
ਇਸ ਮੌਕੇ ਮੌਜੂਦ ਬੇਰੁਜ਼ਗਾਰ ਈਟੀਟੀ ਟੈੱਟ ਪਾਸ ਅਧਿਆਪਕ ਯੂਨੀਅਨ ਦੇ ਸੂਬਾ ਪ੍ਰਧਾਨ ਦੀਪਕ ਕੰਬੋਜ, ਸੀਨੀਅਰ ਮੀਤ ਪ੍ਰਧਾਨ ਸੰਦੀਪ ਸਾਮਾ, ਨਿਰਮਲ ਜ਼ੀਰਾ, ਕੁਲਦੀਪ ਖੋਖਰ, ਸੁਰਿੰਦਰਪਾਲ ਗੁਰਦਾਸਪੁਰ ਡਾ ਪਰਵਿੰਦਰ ਜਲਾਲਾਬਾਦ, ਮਨੀ ਸੰਗਰੂਰ, ਰਾਜਕੁਮਾਰ ਮਾਨਸਾ ਤੇ ਜਰਨੈਲ ਨਾਗਰਾ ਨੇ ਕਿਹਾ ਕਿ ਭਾਵੇਂ ਅੱਜ ਮੁੱਖ ਮੰਤਰੀ, ਸਿੱਖਿਆ ਮੰਤਰੀ ਤੇ ਸਿੱਖਿਆ ਸਕੱਤਰ ਦੇ ਚਿਹਰੇ ਬਦਲ ਚੁੱਕੇ ਹਨ ਪਰ ਬੇਰੁਜ਼ਗਾਰ ਅਧਿਆਪਕਾਂ ਨੂੰ ਰੁਜ਼ਗਾਰ ਨਹੀਂ ਮਿਲ ਸਕਿਆ ਹੈ।
ਉਨ੍ਹਾਂ ਕਿਹਾ ਕਿ ਬੇਰੁਜ਼ਗਾਰ ਨੌਜਵਾਨਾਂ ਨੂੰ ਉਮੀਦਾਂ ਸਨ ਕਿ ਮੁੱਖ ਮੰਤਰੀ ਚਰਨਜੀਤ ਚੰਨੀ ਦਾ ਰਵੱਈਆ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਰਗਾ ਨਹੀਂ ਹੋਵੇਗਾ ਸਗੋਂ ਕਿ ਉਹ ਬੇਰੁਜ਼ਗਾਰਾਂ ਦੀਆਂ ਮੰਗਾਂ ਨੂੰ ਪਹਿਲ ਦੇ ਆਧਾਰ ਤੇ ਹੱਲ ਕਰਨਗੇ ਪਰ ਉਨ੍ਹਾਂ ਵੱਲੋਂ ਬੇਰੁਜ਼ਗਾਰਾਂ ਦੀਆਂ ਮੰਗਾਂ ਹੱਲ ਤਾਂ ਕੀ ਕਰਨੀਆਂ ਸੁਣਨ ਤੱਕ ਦਾ ਵੀ ਸਮਾਂ ਉਨ੍ਹਾਂ ਵੱਲੋਂ ਨਹੀਂ ਕੱਢਿਆ ਗਿਆ।
ਬੇਰੁਜ਼ਗਾਰ ਅਧਿਆਪਕ ਆਗੂਆਂ ਨੇ ਕਿਹਾ ਕਿ 2364, 6635 ਤੇ 22 ਭਰਤੀ ਦੀ ਪ੍ਰਕਿਰਿਆ ਸਰਕਾਰ ਦੇ ਵੱਲੋਂ ਪੂਰੀ ਕਰਨ ਵਿੱਚ ਕੋਈ ਵੀ ਰੁਚੀ ਨਹੀਂ ਵਿਖਾਈ ਦੇ ਰਹੀ ਭਰਤੀ ਦੀ ਪ੍ਰਕਿਰਿਆ ਨੂੰ ਜਾਣਬੁੱਝ ਕੇ ਲਮਕਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਦੂਜੇ ਪਾਸੇ ਜਿਹੜੀ ਸਟੇਅ ਲੱਗੀ ਹੋਈ ਹੈ ਉਸ ਨੂੰ ਹਟਾਉਣ ਦੇ ਲਈ ਏ.ਜੀ ਪੰਜਾਬ ਦੇ ਵੱਲੋਂ ਕੋਈ ਵੀ ਠੋਸ ਕਦਮ ਨਹੀਂ ਚੁੱਕੇ ਜਾ ਰਹੇ।