ਪੰਜਾਬ ਕੈਬਨਿਟ ਪਹਿਲੇ ਵਫ਼ਦ ਦੇ ਤੌਰ ‘ਤੇ 18 ਨਵੰਬਰ ਨੂੰ ਸ੍ਰੀ ਕਰਤਾਰਪੁਰ ਸਾਹਿਬ ਵਿਖੇ ਹੋਵੇਗੀ ਨਤਮਸਤਕ – ਮੁੱਖ ਮੰਤਰੀ

 ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਅੱਜ ਐਲਾਨ ਕੀਤਾ ਹੈ ਕਿ ਕਰਤਾਰਪੁਰ ਲਾਂਘਾ ਮੁੜ ਖੁੱਲ੍ਹਣ ਤੋਂ ਬਾਅਦ ਪਹਿਲੇ ਵਫ਼ਦ ਦੇ ਤੌਰ ‘ਤੇ ਸਮੁੱਚੀ ਪੰਜਾਬ ਕੈਬਨਿਟ 18 ਨਵੰਬਰ ਨੂੰ ਸ੍ਰੀ ਕਰਤਾਰਪੁਰ ਸਾਹਿਬ ਵਿਖੇ ਨਤਮਸਤਕ ਹੋਵੇਗੀ।



ਅੱਜ ਇੱਥੇ ਪੰਜਾਬ ਦੇ ਸਾਬਕਾ ਮੰਤਰੀ ਅਤੇ ਕਾਂਗਰਸ ਦੇ ਉੱਘੇ ਆਗੂ ਸਰਦਾਰ ਸੰਤੋਖ ਸਿੰਘ ਰੰਧਾਵਾ ਦੀ ਬਰਸੀ ਮੌਕੇ ਹੋਏ ਸਮਾਗਮ ਦੌਰਾਨ ਇਕੱਠ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਤੋਂ ਪਹਿਲਾਂ ਕਰਤਾਰਪੁਰ ਲਾਂਘਾ ਮੁੜ ਖੋਲ੍ਹਣ ਲਈ ਪ੍ਰਧਾਨ ਮੰਤਰੀ ਅਤੇ ਕੇਂਦਰੀ ਗ੍ਰਹਿ ਮੰਤਰੀ ਦਾ ਤਹਿ ਦਿਲੋਂ ਧੰਨਵਾਦ ਕੀਤਾ। ਮੁੱਖ ਮੰਤਰੀ ਚੰਨੀ ਨੇ ਕਿਹਾ ਕਿ ਉਨ੍ਹਾਂ ਨੇ ਲਾਂਘੇ ਨੂੰ ਮੁੜ ਖੋਲ੍ਹਣ ਦਾ ਮੁੱਦਾ ਪ੍ਰਧਾਨ ਮੰਤਰੀ ਅਤੇ ਕੇਂਦਰੀ ਗ੍ਰਹਿ ਮੰਤਰੀ ਕੋਲ ਨਿੱਜੀ ਤੌਰ ‘ਤੇ ਉਠਾਇਆ ਸੀ। ਉਨ੍ਹਾਂ ਕਿਹਾ ਕਿ ਇਹ ਸਮੁੱਚੇ ਪੰਜਾਬੀ ਭਾਈਚਾਰੇ ਅਤੇ ਖਾਸ ਤੌਰ ‘ਤੇ ਸਿੱਖ ਭਰਾਵਾਂ ਲਈ ਖੁਸ਼ੀ ਦਾ ਮੌਕਾ ਹੈ ਅਤੇ 18 ਨਵੰਬਰ ਨੂੰ ਸਮੁੱਚੀ ਪੰਜਾਬ ਕੈਬਨਿਟ ਵੱਲੋਂ ਸ੍ਰੀ ਕਰਤਾਰਪੁਰ ਸਾਹਿਬ ਵਿਖੇ ਮੱਥਾ ਟੇਕਿਆ ਜਾਵੇਗਾ।


ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਪ੍ਰਗਤੀ ਦੇ ਰਾਹ ‘ਤੇ ਹੈ ਅਤੇ ਸੂਬੇ ਵਿੱਚ ਜਵਾਬਦੇਹ ਅਤੇ ਪਾਰਦਰਸ਼ੀ ਪ੍ਰਸ਼ਾਸਨ ਮੁਹੱਈਆ ਕਰਵਾਉਣ ਲਈ ਕ੍ਰਾਂਤੀਕਾਰੀ ਬਦਲਾਅ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਲੋਕ ਪੱਖੀ ਅਤੇ ਵਿਕਾਸ ਪੱਖੀ ਨੀਤੀਆਂ ਬਣਾ ਕੇ ਲੋਕਾਂ ਦੀ ਭਲਾਈ ਲਈ ਹਰ ਸੰਭਵ ਯਤਨ ਕੀਤੇ ਜਾ ਰਹੇ ਹਨ। ਮੁੱਖ ਮੰਤਰੀ ਚੰਨੀ ਨੇ ਕਿਹਾ ਕਿ ਪਹਿਲਾਂ ਹੀ ਕਈ ਪਹਿਲਕਦਮੀਆਂ ਕੀਤੀਆਂ ਜਾ ਚੁੱਕੀਆਂ ਹਨ ਅਤੇ ਹੋਰ ਪ੍ਰਗਤੀ ਅਧੀਨ ਹਨ।


ਸਰਦਾਰ ਸੰਤੋਖ ਸਿੰਘ ਰੰਧਾਵਾ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਇਸ ਮਹਾਨ ਆਗੂ ਦਾ ਜੀਵਨ ਲੱਖਾਂ ਲੋਕਾਂ ਲਈ ਪ੍ਰੇਰਨਾ ਸਰੋਤ ਹੈ। ਉਨ੍ਹਾਂ ਕਿਹਾ ਕਿ ਸਰਦਾਰ ਸੰਤੋਖ ਸਿੰਘ ਰੰਧਾਵਾ ਨੈਤਿਕਤਾ, ਇਮਾਨਦਾਰੀ ਅਤੇ ਕਦਰਾਂ-ਕੀਮਤਾਂ ‘ਤੇ ਅਧਾਰਤ ਰਾਜਨੀਤੀ ਦੇ ਸਮਰਥਕ ਸਨ। ਮੁੱਖ ਮੰਤਰੀ ਚੰਨੀ ਨੇ ਕਿਹਾ ਕਿ ਸਰਦਾਰ ਸੰਤੋਖ ਸਿੰਘ ਰੰਧਾਵਾ ਜਨਤਾ ਦੇ ਹਰਮਨ ਪਿਆਰੇ ਆਗੂ ਸਨ ਜਿਨ੍ਹਾਂ ਨੇ ਆਪਣੇ ਆਖਰੀ ਸਾਹ ਤੱਕ ਪਾਰਟੀ ਅਤੇ ਸੂਬੇ ਦੀ ਸੇਵਾ ਕੀਤੀ।


ਸਰਦਾਰ ਸੰਤੋਖ ਸਿੰਘ ਰੰਧਾਵਾ ਨਾਲ ਆਪਣੇ ਪੁਰਾਣੇ ਸਬੰਧਾਂ ਨੂੰ ਚੇਤੇ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਉਹ ਉਦੋਂ ਕਾਂਗਰਸ ਵਿੱਚ ਮੁੱਢਲੇ ਮੈਂਬਰ ਵਜੋਂ ਸ਼ਾਮਲ ਹੋਏ ਸਨ ਜਦੋਂ ਸਰਦਾਰ ਰੰਧਾਵਾ ਪੰਜਾਬ ਕਾਂਗਰਸ ਦੇ ਪ੍ਰਧਾਨ ਸਨ। ਉਨ੍ਹਾਂ ਕਿਹਾ ਕਿ ਇਹ ਬੜੇ ਮਾਣ ਅਤੇ ਤਸੱਲੀ ਦੀ ਗੱਲ ਹੈ ਕਿ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਆਪਣੇ ਪਿਤਾ ਦੀ ਮਹਾਨ ਵਿਰਾਸਤ ਨੂੰ ਅੱਗੇ ਤੋਰ ਰਹੇ ਹਨ। ਮੁੱਖ ਮੰਤਰੀ ਚੰਨੀ ਨੇ ਕਿਹਾ ਕਿ ਰੰਧਾਵਾ ਨੂੰ ਆਪਣੇ ਪਿਤਾ ਤੋਂ ਇਮਾਨਦਾਰੀ, ਮਿਹਨਤ, ਲਗਨ ਅਤੇ ਵਚਨਬੱਧਤਾ ਦੇ ਉੱਚੇ ਆਦਰਸ਼ ਵਿਰਸੇ ਵਿੱਚ ਮਿਲੇ ਹਨ।


ਮੁੱਖ ਮੰਤਰੀ ਨੇ ਅੱਗੇ ਕਿਹਾ ਕਿ ਸਰਦਾਰ ਸੰਤੋਖ ਸਿੰਘ ਰੰਧਾਵਾ ਨੇ ਲੋਕਾਂ ਦੀ ਭਲਾਈ ਅਤੇ ਖੇਤਰ ਦੇ ਸਰਬਪੱਖੀ ਵਿਕਾਸ ਲਈ ਬੇਮਿਸਾਲ ਸੇਵਾਵਾਂ ਨਿਭਾਈਆਂ ਹਨ। ਉਨ੍ਹਾਂ ਨੇ ਕੈਬਨਿਟ ਮੰਤਰੀ ਅਤੇ ਸੂਬਾ ਕਾਂਗਰਸ ਦੇ ਪ੍ਰਧਾਨ ਵਜੋਂ ਵੱਖ-ਵੱਖ ਅਹੁਦਿਆਂ ‘ਤੇ ਸੂਬੇ ਦੀ ਸੇਵਾ ਕੀਤੀ। ਮੁੱਖ ਮੰਤਰੀ ਚੰਨੀ ਨੇ ਕਿਹਾ ਕਿ ਸਰਦਾਰ ਸੰਤੋਖ ਸਿੰਘ ਰੰਧਾਵਾ ਆਪਣੇ-ਆਪ ਵਿੱਚ ਇੱਕ ਸੰਸਥਾ ਸਨ ਅਤੇ ਆਧੁਨਿਕ ਪੰਜਾਬ ਦੀ ਸਿਰਜਣਾ ਵਿੱਚ ਉਨ੍ਹਾਂ ਦੇ ਯੋਗਦਾਨ ਨੂੰ ਕਦੇ ਵੀ ਅੱਖੋਂ ਪਰੋਖੇ ਨਹੀਂ ਕੀਤਾ ਜਾ ਸਕਦਾ।


ਇਸ ਮੌਕੇ ਮੁੱਖ ਮੰਤਰੀ ਅਤੇ ਹੋਰ ਪਤਵੰਤਿਆਂ ਦਾ ਧੰਨਵਾਦ ਕਰਦਿਆਂ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਉਨ੍ਹਾਂ ਦਾ ਪਰਿਵਾਰ ਸਮੂਹ ਲੋਕਾਂ ਖਾਸ ਕਰਕੇ ਮੁੱਖ ਮੰਤਰੀ ਦਾ ਰਿਣੀ ਹੈ ਜੋ ਇਸ ਮੌਕੇ ਉਨ੍ਹਾਂ ਨਾਲ ਸ਼ਾਮਲ ਹੋਏ ਹਨ। ਉਹਨਾਂ ਨੇ ਆਪਣੀ ਸ਼ਾਨਦਾਰ ਵਿਰਾਸਤ ਨੂੰ ਚੇਤੇ ਕਰਦਿਆਂ ਕਿਹਾ ਕਿ ਉਹਨਾਂ ਦੇ ਪਿਤਾ ਨੇ ਆਪਣਾ ਸਾਰਾ ਜੀਵਨ ਸੂਬੇ ਅਤੇ ਇਸ ਦੇ ਲੋਕਾਂ ਦੀ ਸੇਵਾ ਵਿੱਚ ਸਮਰਪਿਤ ਕੀਤਾ ਸੀ। ਰੰਧਾਵਾ ਨੇ ਇਹ ਵੀ ਪ੍ਰਣ ਕੀਤਾ ਕਿ ਉਨ੍ਹਾਂ ਦਾ ਪਰਿਵਾਰ ਪੰਜਾਬ ਅਤੇ ਇਸ ਦੇ ਲੋਕਾਂ ਦੀ ਭਲਾਈ ਲਈ ਆਉਣ ਵਾਲੇ ਸਮੇਂ ਵਿੱਚ ਇਸ ਸ਼ਾਨਦਾਰ ਪਰੰਪਰਾ ਨੂੰ ਜਾਰੀ ਰੱਖੇਗਾ।


ਇਸ ਮੌਕੇ ਕੈਬਨਿਟ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਅਤੇ ਸ੍ਰੀਮਤੀ ਅਰੁਣਾ ਚੌਧਰੀ, ਵਿਧਾਇਕ ਕੁਲਦੀਪ ਸਿੰਘ ਵੈਦ, ਪਰਮਿੰਦਰ ਸਿੰਘ ਪਿੰਕੀ, ਦਵਿੰਦਰ ਸਿੰਘ ਘੁਬਾਇਆ, ਕੁਲਬੀਰ ਸਿੰਘ ਜ਼ੀਰਾ, ਅਮਿਤ ਵਿੱਜ, ਦਰਸ਼ਨ ਸਿੰਘ ਬਰਾੜ, ਪ੍ਰੀਤਮ ਕੋਟਭਾਈ, ਸਾਬਕਾ ਪੰਜਾਬ ਮੰਤਰੀ ਅਤੇ ਪੰਜਾਬ ਐਗਰੋ ਇੰਡਸਟਰੀਜ਼ ਦੇ ਚੇਅਰਮੈਨ ਜੋਗਿੰਦਰ ਸਿੰਘ ਮਾਨ ਤੇ ਹੋਰ ਹਾਜ਼ਰ ਸਨ

💐🌿Follow us for latest updates 👇👇👇

Featured post

Holiday Declared: ਮੰਗਲਵਾਰ ਦੀ ਸਰਕਾਰੀ ਛੁੱਟੀ ਦਾ ਐਲਾਨ

11 ਨਵੰਬਰ ਨੂੰ ਤਰਨ ਤਾਰਨ ਵਿਧਾਨ ਸਭਾ ਉਪਚੋਣ ਮੌਕੇ ਤਨਖਾਹ ਸਮੇਤ ਛੁੱਟੀ ਦਾ ਐਲਾਨ ਤਰਨ ਤਾਰਨ, 11 ਨਵੰਬਰ 2025  ( ਜਾਬਸ ਆਫ ਟੁਡੇ) — ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਦੰ...

RECENT UPDATES

Trends