ਡੀ.ਟੀ.ਐੱਫ. ਵੱਲੋਂ ਪ੍ਰਾਇਮਰੀ ਕਾਡਰ ਦੇ ਅਧਿਆਪਕਾਂ ਦੀਆਂ ਤਰੱਕੀਆਂ ਲਟਕਾਉਣ ਦੀ ਸਖ਼ਤ ਨਿਖੇਧੀ
ਐਚ.ਟੀ., ਸੀ.ਐਚ.ਟੀ., ਬੀ.ਪੀ.ਈ.ਓ. ਅਤੇ ਮਾਸਟਰ ਕਾਡਰ ਦੀ ਤਰੱਕੀ ਉਡੀਕਦੇ ਪ੍ਰਾਇਮਰੀ ਅਧਿਆਪਕਾਂ 'ਚ ਸਖ਼ਤ ਰੋਸ
ਤਰੱਕੀਆਂ ਉਡੀਕਦੇ-ਉਡੀਕਦੇ ਅਧਿਆਪਕ ਹੋ ਰਹੇ ਹਨ ਸੇਵਾ ਮੁਕਤ: ਡੀਟੀਐੱਫ
ਸੰਗਰੂਰ, 15 ਸਤੰਬਰ, 2021: ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਪ੍ਰਾਇਮਰੀ ਕਾਡਰ ਦੀਆਂ ਤਰੱਕੀਆਂ ਵੱਖ-ਵੱਖ ਬਹਾਨਿਆਂ ਰਾਹੀਂ ਲਟਕਾਉਣ ਅਤੇ ਸੀਨੀਆਰਤਾ ਨੂੰ ਜਿਲ੍ਹੇ ਤੋਂ ਸਟੇਟ ਪੱਧਰ 'ਤੇ ਜਬਰੀ ਤਬਦੀਲ ਕਰਨ ਵਿਰੁੱਧ ਰੋਸ ਜਾਹਰ ਕਰਦਿਆਂ ਡੈਮੋਕਰੈਟਿਕ ਟੀਚਰਜ਼ ਫਰੰਟ (ਡੀ.ਟੀ.ਐੱਫ.) ਪੰਜਾਬ ਦੇ ਸੂਬਾ ਪ੍ਰਧਾਨ ਵਿਕਰਮ ਦੇਵ ਸਿੰੰਘ, ਜਨਰਲ ਸਕੱਤਰ ਮੁਕੇਸ਼ ਗੁਜਰਾਤੀ, ਵਿੱਤ ਸਕੱਤਰ ਅਸ਼ਵਨੀ ਅਵਸਥੀ ਅਤੇ ਸੂਬਾ ਮੀਤ ਪ੍ਰਧਾਨ ਰਘਵੀਰ ਸਿੰਘ ਭਵਾਨੀਗੜ੍ਹ ਨੇ ਕਿਹਾ ਕਿ ਸਕੂਲ ਸਿੱਖਿਆ ਵਿਭਾਗ ਦੀਆਂ ਗਲਤ ਨੀਤੀਆਂ ਕਾਰਨ ਤਰੱਕੀਆਂ ਉਡੀਕਦੇ-ਉਡੀਕਦੇ ਅਧਿਆਪਕ ਸੇਵਾ ਮੁਕਤ ਹੋ ਰਹੇ ਹਨ।
ਡੀ.ਟੀ.ਐੱਫ. ਦੇ ਸੂਬਾ ਮੀਤ ਪ੍ਰਧਾਨ ਗੁਰਮੀਤ ਸੁਖਪੁਰ, ਗੁਰਪਿਆਰ ਕੋਟਲੀ, ਰਾਜੀਵ ਬਰਨਾਲਾ, ਜਗਪਾਲ ਬੰਗੀ, ਜਸਵਿੰਦਰ ਔਜਲਾ, ਸੰਯੁਕਤ ਸਕੱਤਰ ਹਰਜਿੰਦਰ ਸਿੰਘ ਵਡਾਲਾ ਬਾਂਗਰ, ਦਲਜੀਤ ਸਫੀਪੁਰ ਅਤੇ ਕੁਲਵਿੰਦਰ ਜੋਸ਼ਨ ਨੇ ਦੱਸਿਆ ਕਿ ਪ੍ਰਾਇਮਰੀ ਅਧਿਆਪਕਾਂ ਦੀਆਂ ਵੱਖ-ਵੱਖ ਜ਼ਿਲ੍ਹਿਆਂ ਵਿੱਚ ਹੈੱਡ ਟੀਚਰ, ਸੈਂਟਰ ਹੈੱਡ ਟੀਚਰ ਦੀਆਂ ਤਰੱਕੀਆਂ ਨੂੰ ਕਈ ਸਾਲਾਂ ਤੋਂ ਕਦੇ ਸੀਨੀਆਰਤਾ ਸੂਚੀ, ਕਦੇ ਅਧੂਰੇ ਰੋਸਟਰ ਅਤੇ ਹੁਣ ਉੱਪਰਲੇ ਅਧਿਕਾਰੀਆਂ ਦੁਆਰਾ ਜੁਬਾਨੀ ਰੋਕ ਦੇ ਬਹਾਨੇ ਬਣਾ ਕੇ ਲਟਕਾਇਆ ਜਾ ਰਿਹਾ ਹੈ। ਇਸੇ ਤਰ੍ਹਾਂ ਈਟੀਟੀ ਅਧਿਆਪਕ ਤੋਂ ਵੱਖ-ਵੱਖ ਵਿਸ਼ਿਆਂ ਵਿੱਚ ਮਾਸਟਰ ਕਾਡਰ ਦੀਆਂ ਤਰੱਕੀਆਂ ਵਿੱਚ ਵੀ ਜਾਣਬੁੱਝ ਕੇ ਦੇਰੀ ਕੀਤੀ ਜਾ ਰਹੀ ਹੈ, ਜਿਸ ਕਾਰਨ ਅਧਿਆਪਕ ਵਰਗ ਨਿਰਾਸ਼ਾ ਵਿੱਚ ਹੈ। ਆਗੂਆਂ ਨੇ ਕਿਹਾ ਕਿ ਬੀ.ਪੀ.ਈ.ਓ. ਅਤੇ ਸੀ.ਐੱਚ.ਟੀ. ਨੂੰ ਸਟੇਟ ਕਾਡਰ ਬਣਾਏ ਜਾਣ ਨਾਲ ਵਿਸ਼ੇਸ਼ ਜ਼ਿਲ੍ਹੇ ਦੇ ਅਨੇਕਾਂ ਸੀਨੀਅਰ ਅਧਿਆਪਕ ਸੀਨੀਆਰਤਾ ਵਿੱਚ ਪਿੱਛੇ ਚਲੇ ਗਏ ਹਨ। ਅਨੇਕਾਂ ਜ਼ਿਲ੍ਹਿਆਂ ਵਿੱਚ ਤਰੱਕੀਆਂ ਲੰਮੇ ਸਮੇਂ ਤੋਂ ਪੈਡਿੰਗ ਹੋਣ ਕਾਰਣ ਇੰਨ੍ਹਾਂ ਜ਼ਿਲ੍ਹਿਆਂ ਦੇ ਅਧਿਆਪਕ, ਹੁਣ ਸੀ.ਐੱਚ.ਟੀ. ਅਤੇ ਬੀ.ਪੀ.ਈ.ਓ. ਦੇ ਸਟੇਟ ਕਾਡਰ ਬਣਾਏ ਜਾਣ ਕਾਰਣ ਪੱਛੜ ਗਏ ਹਨ।
ਇਸ ਮੌਕੇ ਪ੍ਰੈੱਸ ਸਕੱਤਰ ਪਵਨ ਕੁਮਾਰ, ਜੱਥੇਬੰਦਕ ਸਕੱਤਰ ਨਛੱਤਰ ਸਿੰਘ ਤਰਨਤਾਰਨ ਅਤੇ ਰੁਪਿੰਦਰ ਪਾਲ ਗਿੱਲ, ਤਜਿੰਦਰ ਸਿੰਘ ਸਹਾਇਕ ਵਿੱਤ ਸਕੱਤਰ, ਪ੍ਰਚਾਰ ਸਕੱਤਰ ਸੁਖਦੇਵ ਡਾਨਸੀਵਾਲ ਤੋਂ ਇਲਾਵਾ ਡੇਮੋਕ੍ਰੇਟਿਕ ਮੁਲਾਜ਼ਮ ਫੈਡਰੇਸ਼ਨ ਦੇ ਸੂਬਾ ਪ੍ਰਧਾਨ ਜਰਮਨਜੀਤ ਸਿੰਘ ਅਤੇ ਜਨਰਲ ਸਕੱਤਰ ਹਰਦੀਪ ਸਿੰਘ ਟੋਡਰਪੁਰ ਨੇ ਪ੍ਰਾਇਮਰੀ ਵਰਗ ਦੀਆਂ ਸਾਰੀਆਂ ਤਰੱਕੀਆਂ ਫੌਰੀ ਪੂਰੀਆਂ ਕਰਨ ਦੀ ਮੰਗ ਕੀਤੀ।