ਪੰਜਾਬ ਦੀਆਂ 32 ਕਿਸਾਨ ਜਥੇਬੰਦੀਆਂ ਵੱਲੋਂ 27 ਦੇ ਭਾਰਤ ਬੰਦ ਦੀਆਂ ਤਿਆਰੀਆਂ ਜ਼ੋਰਾਂ ਤੇ
ਭਾਰਤ ਬੰਦ ਲਈ ਲਾਮਬੰਦੀ; ਕਾਰਾਂ, ਜੀਪਾਂ, ਮੋਟਰਸਾਈਕਲਾਂ ਦੇ ਕਾਫਲਿਆਂ ਰਾਹੀਂ ਪਿੰਡਾਂ ਵਿੱਚ ਵਿਸ਼ੇਸ਼ ਪ੍ਰਚਾਰ ਮੁਹਿੰਮ ਜਾਰੀ
ਕਿਸਾਨ ਅੰਦੋਲਨ ਵਿਸ਼ਵ-ਵਿਆਪੀ ਹੋਇਆ; ਕਿਸਾਨ ਅੰਦੋਲਨ ਦੇ ਸਮਰਥਕਾਂ ਨੇ ਭਾਰਤੀ ਪ੍ਰਧਾਨ ਮੰਤਰੀ ਦੇ ਅਮਰੀਕਾ ਦੌਰੇ ਮੌਕੇ ਪ੍ਰਭਾਵਸ਼ਾਲੀ ਰੋਸ-ਪ੍ਰਦਰਸ਼ਨ
ਸੰਯੁਕਤ ਕਿਸਾਨ ਮੋਰਚੇ ਵੱਲੋਂ ਭਾਰਤ ਬੰਦ ਲਈ ਵਿਸ਼ੇਸ਼ ਨਾਅਰੇ ਜਾਰੀ; ਮੋਦੀ ਕਰੇਗਾ ਮੰਡੀ ਬੰਦ-ਕਿਸਾਨ ਕਰਨਗੇ ਭਾਰਤ ਬੰਦ; ਨਰਿੰਦਰ ਮੋਦੀ-ਕਿਸਾਨ ਵਿਰੋਧੀ
ਚੰਡੀਗੜ੍ਹ, 25 ਸਤੰਬਰ, 2021: ਸੰਯੁਕਤ ਕਿਸਾਨ ਮੋਰਚੇ 'ਚ ਸ਼ਾਮਿਲ ਪੰਜਾਬ ਦੀਆਂ 32 ਕਿਸਾਨ-ਜਥੇਬੰਦੀਆਂ ਨੇ 27 ਸਤੰਬਰ ਦੇ ਭਾਰਤ-ਬੰਦ ਤਿਆਰੀਆਂ ਮੁਕੰਮਲ ਕਰ ਲਈਆਂ ਹਨ। ਜਥੇਬੰਦੀਆਂ ਵੱਲੋਂ 3 ਖੇਤੀ ਕਾਨੂੰਨਾਂ, ਪਰਾਲੀ ਆਰਡੀਨੈਂਸ ਅਤੇ ਬਿਜਲੀ ਸੋਧ ਬਿਲ-2020 ਨੂੰ ਰੱਦ ਕਰਵਾਉਣ ਅਤੇ ਐੱਮਐੱਸਪੀ ਦੀ ਗਾਰੰਟੀ ਦੇਣ ਵਾਲਾ ਨਵਾਂ ਕਾਨੂੰਨ ਬਣਵਾਉਣ ਲਈ ਪੰਜਾਬ ਭਰ 'ਚ 100 ਤੋਂ ਵੱਧ ਥਾਵਾਂ 'ਤੇ ਲਾਏ ਪੱਕੇ-ਧਰਨੇ 360ਵੇਂ ਦਿਨ ਵੀ ਪੂਰੇ ਜੋਸ਼ੋ-ਖਰੋਸ਼ ਨਾਲ ਜਾਰੀ ਰਹੇ।
ਜਿਉਂ ਜਿਉਂ 27 ਸਤੰਬਰ ਨਜ਼ਦੀਕ ਆ ਰਹੀ ਹੈ, ਭਾਰਤ-ਬੰਦ ਨਾਲ ਸਬੰਧਤ ਸਰਗਰਮੀਆਂ ਵਿੱਚ ਤੇਜ਼ੀ ਆ ਰਹੀ ਹੈ। ਸੜਕਾਂ ਅਤੇ ਰੇਲਾਂ ਜਾਮ ਕੀਤੇ ਜਾਣ ਵਾਲੀਆਂ ਥਾਵਾਂ ਨਿਸ਼ਚਿਤ ਕਰਕੇ ਜਥੇਬੰਦੀਆਂ ਦੀਆਂ ਡਿਊਟੀਆਂ ਲਾ ਦਿੱਤੀਆਂ ਹਨ। ਸੰਯੁਕਤ ਕਿਸਾਨ ਮੋਰਚੇ ਨੇ ਭਾਰਤ ਬੰਦ ਲਈ ਵਿਸ਼ੇਸ਼ ਨਾਅਰੇ ਜਾਰੀ ਕੀਤੇ ਹਨ:-
1. ਕਿਸਾਨ ਵਿਰੋਧੀ ਮੋਦੀ ਸਰਕਾਰ ਖਿਲਾਫ਼-ਭਾਰਤ ਬੰਦ;
2. ਮੋਦੀ ਕਰੇਗਾ ਮੰਡੀ ਬੰਦ-ਕਿਸਾਨ ਕਰਨਗੇ ਭਾਰਤ-ਬੰਦ;
3. ਨਰਿੰਦਰ ਮੋਦੀ-ਕਿਸਾਨ ਵਿਰੋਧੀ।
ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ਬਲਬੀਰ ਸਿੰਘ ਰਾਜੇਵਾਲ ਅਤੇ ਜਗਮੋਹਨ ਸਿੰਘ ਪਟਿਆਲਾ ਨੇ ਦੱਸਿਆ ਕਿ ਸ਼ਹਿਰਾਂ ਅਤੇ ਪਿੰਡਾਂ ਵਿੱਚ ਜਨਤਕ ਜਥੇਬੰਦੀਆਂ ਅਤੇ ਵੱਖ ਵੱਖ ਸਮਾਜਿਕ ਸਮੂਹਾਂ ਦੀਆਂ ਮੀਟਿੰਗਾਂ ਕਰਵਾਈਆਂ ਜਾ ਰਹੀਆਂ ਹਨ। ਮੋਟਰਸਾਈਕਲਾਂ, ਕਾਰਾਂ, ਜੀਪਾਂ ਅਤੇ ਟ੍ਰੈਕਟਰਾਂ ਦੇ ਕਾਫਲੇ ਪਿੰਡਾਂ ਵਿੱਚ ਪ੍ਰਚਾਰ ਮੁਹਿੰਮ ਚਲਾ ਰਹੇ ਹਨ। ਸ਼ਹਿਰਾਂ ਅਤੇ ਬਾਜਾਰਾਂ 'ਚ ਮਿਲ ਕੇ ਆਮ ਲੋਕਾਂ ਤੋਂ ਭਾਰਤ ਬੰਦ ਲਈ ਸਹਿਯੋਗ ਮੰਗਿਆ ਜਾ ਰਿਹਾ ਹੈ। ਲੋਕਾਂ ਵਿੱਚ ਪਾਏ ਜਾ ਰਹੇ ਉਤਸ਼ਾਹ ਅਤੇ ਜੋਸ਼ ਤੋਂ ਪਤਾ ਚਲਦਾ ਹੈ ਕਿ ਇਹ ਭਾਰਤ ਬੰਦ ਇਤਿਹਾਸਕ ਹੋਣ ਜਾ ਰਿਹਾ ਹੈ ।
ਕਿਸਾਨ ਆਗੂਆਂ ਨੇ ਕਿਹਾ ਕਿ ਅਮਰੀਕਾ ਦੌਰੇ 'ਤੇ ਗਏ ਪ੍ਰਧਾਨ ਮੰਤਰੀ ਮੋਦੀ ਖਿਲਾਫ਼ ਅਮਰੀਕੀ 'ਚ ਵਸਦੇ ਪ੍ਰਵਾਸੀ ਪੰਜਾਬੀ ਭਰਾਵਾਂ ਨੇ ਖੇਤੀ-ਕਾਨੂੰਨ ਰੱਦ ਕਰਵਾਉਣ ਲਈ ਰੋਹ-ਭਰਪੂਰ ਪ੍ਰਦਰਸ਼ਨ ਕੀਤੇ ਹਨ। ਸਾਡਾ ਕਿਸਾਨ ਅੰਦੋਲਨ ਵਿਸ਼ਵ-ਵਿਆਪੀ ਬਣ ਚੁੱਕਿਆ ਹੈ।