ਸਕੂਲ ਪ੍ਰਿੰਸੀਪਲਾਂ ਦੀ ਅਸਾਮੀਆਂ ਲਈ ਤਜਰਬੇ ਦੀ ਸਮਾਂ ਸੀਮਾ ਵਧਾਈ ਜਾਵੇ: ਡੈਮੋਕਰੇਟਿਕ ਟੀਚਰਜ਼ ਫਰੰਟ
ਡੀਟੀਐੱਫ ਦੇ ਵਫਦ ਨੇ ਪੰਜਾਬ ਪਬਲਿਕ ਸਰਵਿਸ ਕਮਿਸ਼ਨ ਦੇ ਚੇਅਰਮੈਨ ਨੂੰ ਦਿੱਤਾ ਮੰਗ ਪੱਤਰ
ਦਲਜੀਤ ਕੌਰ ਭਵਾਨੀਗੜ੍ਹ,
ਸੰਗਰੂਰ/ਪਟਿਆਲਾ, 20 ਸਤੰਬਰ, 2021: ਪੰਜਾਬ ਸਕੂਲ ਸਿੱਖਿਆ ਵਿਭਾਗ ਅਧੀਨ ਪ੍ਰਿੰਸੀਪਲਾਂ ਦੀਆਂ 119 ਅਸਾਮੀਆਂ ਲਈ ਦਿੱਤੇ ਇਸ਼ਤਿਹਾਰ ਵਿੱਚ ਤਜਰਬੇ ਦੀ ਸਮਾਂ ਸੀਮਾ ਵਿੱਚ ਵਾਧਾ ਕਰਵਾਉਣ ਲਈ ਡੈਮੋਕਰੈਟਿਕ ਟੀਚਰਜ਼ ਫਰੰਟ ਦੇ ਸੂਬਾ ਪ੍ਰਧਾਨ ਵਿਕਰਮਦੇਵ ਸਿੰਘ ਦੀ ਅਗਵਾਈ ਵਿੱਚ ਵਫ਼ਦ ਨੇ ਅੰਡਰ ਸੈਕਟਰੀ ਕਮ ਓ ਐੱਸ ਡੀ ਟੂ ਚੇਅਰਮੈਨ ਪੰਜਾਬ ਪਬਲਿਕ ਸਰਵਿਸ ਕਮਿਸ਼ਨ, ਮੀਨਾ ਕੁਮਾਰੀ ਸ਼ਰਮਾ ਨੂੰ ਮਿਲ ਕੇ ਆਪਣਾ ਪੱਖ ਰੱਖਿਆ ਗਿਆ ਅਤੇ ਵਾਜਬ ਹੱਲ ਲਈ ਮੰਗ ਪੱਤਰ ਸੌਂਪਿਆ ਗਿਆ।
ਡੀਟੀਐੱਫ ਵੱਲੋੰ ਉਠਾਏ ਇਸ ਮਸਲੇ ਸਬੰਧੀ ਪ੍ਰੈੱਸ ਨੂੰ ਬਿਆਨ ਜਾਰੀ ਕਰਦਿਆਂ ਰਵਿੰਦਰ ਕੰਬੋਜ ਨੇ ਦੱਸਿਆ ਕਿ ਪੰਜਾਬ ਪਬਲਿਕ ਸਰਵਿਸ ਕਮਿਸ਼ਨ ਦੁਆਰਾ ਪਿਛਲੇ ਮਹੀਨੇ 27 ਅਗਸਤ ਨੂੰ ਪੰਜਾਬ ਸਕੂਲ ਸਿੱਖਿਆ ਵਿਭਾਗ ਅਧੀਨ ਪ੍ਰਿੰਸੀਪਲਾਂ ਦੀਆਂ 119 ਅਸਾਮੀਆਂ ਦੀ ਨਿਯੁਕਤੀ ਲਈ ਇਸ਼ਤਿਹਾਰ ਜਾਰੀ ਕੀਤਾ ਗਿਆ ਸੀ। ਜਿਸ ਤਹਿਤ ਇਹਨਾਂ ਅਸਾਮੀਆਂ ਲਈ ਅਪਲਾਈ ਕਰਨ ਲਈ 20/09/2021 ਤੱਕ ਤਿੰਨ ਸਾਲ ਦਾ ਤਜਰਬਾ ਹੋਣ ਦੀ ਸ਼ਰਤ ਰੱਖੀ ਗਈ ਸੀ ਜੋ ਉਕਤ ਪੋਸਟਾਂ ਲਈ ਅਪਲਾਈ ਕਰਨ ਦੀ ਅੰਤਮ ਮਿਤੀ ਵੀ ਹੈ।
ਜੱਥੇਬੰਦੀ ਵੱਲੋੰ ਮੰਗ ਕੀਤੀ ਗਈ ਕਿ ਪ੍ਰਿੰਸੀਪਲ ਦੀ ਅਸਾਮੀ ਲਈ ਤਜਰਬਾ ਪੂਰਾ ਹੋਣ ਦੀ ਅੰਤਿਮ ਮਿਤੀ ਵਿੱਚ ਵਾਧਾ ਕਰਕੇ 10 ਅਕਤੂਬਰ 2021 ਰੱਖੀ ਜਾਵੇ, ਤਾਂ ਜੋ ਪੰਜਾਬ ਸਕੂਲ ਸਿੱਖਿਆ ਵਿਭਾਗ ਵਿੱਚ 3582 ਮਾਸਟਰ ਕਾਡਰ ਕੈਟਾਗਰੀ (ਅੰਗਰੇਜ਼ੀ ਅਤੇ ਹਿੰਦੀ) ਨਾਲ ਸਬੰਧਤ ਅਧਿਆਪਕ ਜਿਨ੍ਹਾਂ ਦਾ ਤਿੰਨ ਸਾਲਾ ਦਾ ਤਜਰਬਾ ਅਕਤੂਬਰ ਦੇ ਪਹਿਲੇ ਹਫ਼ਤੇ ਵਿੱਚ ਪੂਰਾ ਹੋ ਰਿਹਾ ਹੈ, ਉਹ ਵੀ ਪ੍ਰਿੰਸੀਪਲ ਦੀਆਂ ਅਸਾਮੀਆਂ ਲਈ ਅਪਲਾਈ ਕਰ ਸਕਣ।
ਇਸ ਸਬੰਧੀ ਪੀ.ਪੀ.ਐੱਸ.ਸੀ.ਦੇ ਅਧਿਕਾਰੀਆਂ ਨੇ ਹਾਂ ਪੱਖੀ ਹੁੰਗਾਰਾ ਦਿੱਤਾ ਅਤੇ ਜਲਦ ਇਸ ਮਸਲੇ ਦਾ ਹੱਲ ਕਰਨ ਦਾ ਭਰੋਸਾ ਦਿੱਤਾ। ਇਸ ਮੌਕੇ 3582 ਮਾਸਟਰ ਕਾਡਰ ਯੂਨੀਅਨ ਵੱਲੋਂ ਦਲਵੀਰ ਸਿੰਘ, ਅਮ੍ਰਿਤਪਾਲ ਸਿੰਘ, ਰਵਿੰਦਰ ਕੰਬੋਜ ਡੀ.ਟੀ.ਐੱਫ.ਪਟਿਆਲਾ ਆਦਿ ਹਾਜ਼ਰ ਰਹੇ।