ਸੰਗਰੂਰ 'ਚ ਸਿੱਖਿਆ ਮੰਤਰੀ ਦੇ ਘਿਰਾਓ ਦੀ ਕੋਸਿਸ਼ ਕਰਦੇ ਬੇਰੁਜ਼ਗਾਰ ਅਧਿਆਪਕਾਂ ਨੂੰ ਪੁਲਿਸ ਨੇ ਥਾਣਿਆਂ 'ਚ ਡੱਕਿਆ
ਬੇਰੁਜ਼ਗਾਰਾਂ ਵੱਲੋਂ ਕੀਤੇ ਜਾ ਰਹੇ ਲਗਾਤਾਰ ਵਿਰੋਧ ਪ੍ਰਦਰਸ਼ਨ/ਘਿਰਾਓ ਪ੍ਰਸ਼ਾਸਨ ਅਤੇ ਸਿੱਖਿਆ ਮੰਤਰੀ ਲਈ ਸਿਰਦਰਦੀ ਬਣੇ
ਮੁਨੀਸ਼ ਫਾਜ਼ਿਲਕਾ ਟੈਂਕੀ ਉੱਤੇ ਡੱਟਿਆ ਅਤੇ ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਦੀ ਰਿਹਾਇਸ਼ ਤੇ ਪੱਕਾ ਮੋਰਚਾ ਜਾਰੀ
ਬੇਰੁਜ਼ਗਾਰ ਸਾਂਝਾ ਮੋਰਚਾ 25 ਅਗਸਤ ਨੂੰ ਕਰੇਗਾ ਮੋਤੀ ਮਹਿਲ ਦਾ ਵੀ ਘਿਰਾਓ
ਸੰਗਰੂਰ, 24 ਅਗਸਤ, 2021: ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਦੀ ਕੋਠੀ ਅੱਗੇ ਪੱਕਾ ਮੋਰਚਾ ਲਗਾ ਕੇ ਬੈਠੇ ਬੇਰੁਜ਼ਗਾਰਾਂ ਨੇ ਜਿੱਥੇ ਸਿੱਖਿਆ ਮੰਤਰੀ ਦਾ ਕੋਠੀ ਵਿਚ ਦਾਖ਼ਲਾ ਬੰਦ ਕੀਤਾ ਹੋਇਆ ਹੈ, ਉੱਥੇ ਮੁਨੀਸ਼ ਫਾਜਲਿਕਾ ਨੇ ਸਿਵਲ ਹਸਪਤਾਲ ਵਾਲੀ ਟੈਂਕੀ ਉੱਤੇ ਚੜ੍ਹ ਕੇ ਮੰਤਰੀ ਦੀਆਂ ਮੁਸ਼ਕਿਲਾਂ ਵਿੱਚ ਵਾਧਾ ਕੀਤਾ ਹੈ। ਇਸ ਦੇ ਨਾਲ ਹੀ ਜ਼ਿਲੇ ਵਿੱਚ ਕਿਸੇ ਵੀ ਥਾਂ ਤੇ ਸਮਾਗਮ ਵਿੱਚ ਮੰਤਰੀ ਦੀ ਪਹੁੰਚਣ ਮੌਕੇ ਬੇਰੁਜ਼ਗਾਰਾਂ ਵੱਲੋਂ ਕੀਤੇ ਜਾ ਰਹੇ ਵਿਰੋਧ ਪ੍ਰਦਰਸ਼ਨਾਂ ਅਤੇ ਘਿਰਾਓ ਸਥਾਨਕ ਪੁਲਿਸ ਪ੍ਰਸ਼ਾਸਨ ਅਤੇ ਮੰਤਰੀ ਲਈ ਸਿਰਦਰਦੀ ਬਣੇ ਹੋਏ ਹਨ।
ਅੱਜ ਸਥਾਨਕ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਕੰਨਿਆ) ਸੰਗਰੂਰ ’ਚ ਰੱਖੇ ਪ੍ਰੋਗਰਾਮ ’ਚ ਸ਼ਿਰਕਤ ਕਰਨ ਪਹੁੰਚੇ ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਦਾ ਵਿਰੋਧ ਕਰਨ ਲਈ ਪਹੁੰਚੇ ਬੇਰੁਜ਼ਗਾਰ ਬੀ. ਐੱਡ. ਟੈੱਟ ਪਾਸ ਅਧਿਆਪਕਾਂ ਅਤੇ ਨਵੀਂ ਬੇਰੁਜ਼ਗਾਰ ਪੀ.ਟੀ.ਆਈ. ਯੂਨੀਅਨ ਦੇ ਅਧਿਆਪਕਾਂ ਨੂੰ ਮੌਕੇ ’ਤੇ ਤੈਨਾਤ ਪੁਲਿਸ ਨੇ ਸਕੂਲ ਤੋਂ ਕਰੀਬ 100 ਮੀਟਰ ਦੀ ਦੂਰੀ ’ਤੇ ਹੀ ਬੈਰੀਗੇਡ ਲਗਾ ਕੇ ਰੋਕ ਲਿਆ। ਇਸ ਦੌਰਾਨ ਬੇਰੁਜ਼ਗਾਰਾਂ ਦੀ ਪੁਲਿਸ ਨਾਲ ਧੱਕਾ ਮੁੱਕੀ ਵੀ ਹੋਈ। ਬੇਰੁਜ਼ਗਾਰ ਅਧਿਆਪਕਾਂ ਨੂੰ ਪੁਲਿਸ ਨੇ ਗ੍ਰਿਫਤਾਰ ਕਰਕੇ ਲਿਜਾਣਾ ਚਾਹਿਆ ਤਾਂ ਦੋਵਾਂ ਜਥੇਬੰਦੀਆਂ ਦੇ ਬੇਰੁਜ਼ਗਾਰਾਂ ਨੇ ਪੰਜਾਬ ਸਰਕਾਰ ਅਤੇ ਸਿੱਖਿਆ ਮੰਤਰੀ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਇਸ ਸਮੇਂ ਮੌਕੇ ਤੇ ਮੌਜੂਦ ਡੀ.ਐੱਸ. ਪੀ. ਸੱਤਪਾਲ ਸ਼ਰਮਾ ਨੇ ਪੁਲਿਸ ਫੋਰਸ ਮੰਗਵਾ ਕੇ ਅਧਿਆਪਕਾਂ ਨੂੰ ਹਿਰਾਸਤ ਵਿੱਚ ਲੈਣ ਦਾ ਜ਼ੁਬਾਨੀ ਹੁਕਮ ਦਿੱਤਾ ਤਾਂ ਪੁਲਿਸ ਨੇ ਬੇਰੁਜ਼ਗਾਰਾਂ ਨੂੰ ਜ਼ਬਰਦਸਤੀ ਫ਼ੜ ਕੇ ਬੱਸਾਂ ਚ ਚੜ੍ਹਾ ਕੇ ਥਾਣਾ ਬਾਲੀਆਂ ਅਤੇ ਸਿਟੀ ਥਾਣਾ ਸੰਗਰੂਰ ਵਿੱਚ ਡੱਕ ਦਿੱਤਾ।
ਇਸ ਦੌਰਾਨ ਸਕੂਲ ’ਚ ਸਿੱਖਿਆ ਮੰਤਰੀ ਦਾ ਪ੍ਰੋਗਰਾਮ ਬਿਨਾ ਰੁਕਾਵਟ ਦੇ ਚੱਲਦਾ ਰਿਹਾ। ਬੇਰੁਜ਼ਗਾਰ ਅਧਿਆਪਕਾਂ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਉਨ੍ਹਾਂ ਦੀਆਂ ਮੰਗਾਂ ਨੂੰ ਅਣਸੁਣਿਆ ਕਰ ਰਹੀ ਹੈ ਜਿਸ ਨੂੰ ਕਿਸੇ ਕੀਮਤ ’ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ।
ਪੁਲਸ ਨੇ ਬੇਰੁਜ਼ਗਾਰ ਬੀ.ਐੱਡ, ਟੈੱਟ ਪਾਸ ਅਧਿਆਪਕਾਂ ਗਗਨਦੀਪ ਕੌਰ, ਸਮੇਤ ਪ੍ਰੀਤ ਇੰਦਰ, ਰਿੰਪੀ ਕਲੇਰ, ਪ੍ਰਿਤਪਾਲ ਕੌਰ, ਗੁਰਪ੍ਰੀਤ ਕੌਰ ਗਾਜੀਪੁਰ, ਗੁਰਪ੍ਰੀਤ ਮਾਲੇਰਕੋਟਲਾ, ਸੰਨੀ ਝਨੇੜੀ, ਸੰਦੀਪ ਕੌਰ, ਗੁਰਮੇਲ ਸਿੰਘ ਬਰਗਾੜੀ ਆਦਿ ਨੂੰ ਹਿਰਾਸਤ ਵਿੱਚ ਲੈ ਕੇ ਥਾਣਾ ਬਾਲੀਆਂ ਵਿੱਚ ਡੱਕ ਦਿੱਤਾ ਗਿਆ।
ਇਸੇ ਤਰਾਂ ਨਵੀਂ ਪੀ. ਟੀ. ਆਈ. ਅਧਿਆਪਕ ਯੂਨੀਅਨ ਦੇ ਸੂਬਾ ਪ੍ਰਧਾਨ ਜਸਵੀਰ ਸਿੰਘ ਗਲੋਟੀ, ਜਰਨਲ ਸਕੱਤਰ ਅਮਨਦੀਪ ਕੰਬੋਜ, ਸੁਮਨ, ਵੀਰ ਸਿੰਘ, ਗੋਬਿੰਦ ਬਿੱਲਾ, ਸ਼ਮਸੇਰ ਸਿੰਘ ਗੁਰਮੀਤ ਸਿੰਘ ਮਾਨਸਾ, ਮਹਿੰਦਰਪਾਲ, ਸੰਦੀਪ, ਰਾਜਵਿੰਦਰ ਸਿੰਘ, ਗੁਰਮੇਲ, ਗੁਰਪ੍ਰੀਤ, ਵਰਿੰਦਰ ਸਿੰਘ ਬਠਿੰਡਾ, ਬਲਜਿੰਦਰ ਸਿੰਘ ਮੋਗਾ, ਅਵਤਾਰ ਸਿੰਘ ਮੁਹਾਲੀ, ਸ਼ੁਮਾਰ ਸਿੰਘ ਆਦਿ ਨੂੰ ਵੀ ਸਿਟੀ ਥਾਣਾ ਸੰਗਰੂਰ ਵਿੱਚ ਡੱਕਿਆ ਗਿਆ।
ਖ਼ਬਰ ਲਿਖੇ ਜਾਣ ਤੱਕ ਬੇਰੁਜ਼ਗਾਰਾਂ ਨੂੰ ਬਾਲੀਆਂ ਅਤੇ ਸਿਟੀ ਥਾਣੇ ਵਿੱਚ ਡੱਕਿਆ ਹੋਇਆ ਸੀ। ਉਧਰ ਦੂਜੇ ਪਾਸੇ ਮੁਨੀਸ਼ ਫਾਜਲਿਕਾ ਚੌਥੇ ਦਿਨ ਵੀ ਟੈਂਕੀ ਉੱਤੇ ਚੜਿਆ ਹੋਇਆ ਸੀ।
*ਬੀ.ਐਡ. ਟੈੱਟ ਪਾਸ ਬੇਰੁਜ਼ਗਾਰ ਅਧਿਆਪਕ ਯੂਨੀਅਨ ਪੰਜਾਬ ਦੀਆਂ ਮੰਗਾਂ :-
1.ਪੰਜਾਬੀ , ਸਮਾਜਿਕ ਸਿੱਖਿਆ ਅਤੇ ਹਿੰਦੀ ਦੀਆਂ ਘੱਟੋ ਘੱਟ 9 ਹਜਾਰ ਅਸਾਮੀਆਂ ਅਤੇ 5000 ਹੋਰ ਵਿਸ਼ੇ (ਜਿਵੇਂ ਸੰਸਸਿਕ੍ਰਤ) ਦਾ ਇਸ਼ਤਿਹਾਰ ਤੁਰੰਤ ਜਾਰੀ ਕੀਤਾ ਜਾਵੇ।
2.ਲੰਬੇ ਸਮੇਂ ਤੋਂ ਕੋਈ ਭਰਤੀ ਨਾ ਆਉਣ ਕਾਰਨ ਜ਼ਿਆਦਾਤਰ ਉਮੀਦਵਾਰ ਆਪਣੀ ਉਮਰ ਹੱਦ ਲੰਘਾ ਚੁੱਕੇ ਹਨ ਇਸ ਕਰਕੇ ਉਮਰ ਹੱਦ 37 ਤੋਂ 42 ਸਾਲ ਕੀਤੀ ਜਾਵੇ।
3.ਸਮਾਜਿਕ ਸਿੱਖਿਆ ਵਿਸ਼ੇ ਦੇ ਕੰਬੀਨੇਸ਼ਨ ਵਿੱਚੋਂ ਕੱਢੇ ਗਏ ਵਿਸ਼ਿਆਂ ਜਿਵੇਂ ਕਿ:- ਰਿਲੀਜਨ ਸਟੱਡੀਜ਼ , ਡਿਫੈਂਸ ਸਟੱਡੀਜ਼ , ਪਬਲਿਕ ਵਰਕ ਅਤੇ ਐਜੂਕੇਸ਼ਨ ਨੂੰ ਸ਼ਾਮਿਲ ਕੀਤਾ ਜਾਵੇ।
4.ਹਰੇਕ ਵਿਸ਼ੇ ਦੇ ਅਧਿਆਪਕ ਤੋਂ ਸਬੰਧਤ ਵਿਸ਼ੇ ਦਾ ਹੀ ਕੰਮ ਲਿਆ ਜਾਵੇ , ਇੱਕ ਦੂਜੇ ਦਾ ਵਿਸ਼ਾ ਦੇ ਕੇ ਅਸਾਮੀਆਂ ਖਤਮ ਕਰਨ ਦੀ ਨੀਤੀ ਬੰਦ ਕੀਤੀ ਜਾਵੇ।
*ਨਵੀਂ ਬੇਰੁਜ਼ਗਾਰ ਪੀਟੀਆਈ ਅਧਿਆਪਕ ਯੂਨੀਅਨ ਦੀਆਂ ਮੰਗਾਂ :-
1. ਪੀ ਟੀ ਆਈ ਅਧਿਆਪਕਾਂ ਦੀਆਂ 5000 ਨਵੀਆਂ ਪੋਸਟਾਂ ਕੱਢੀਆਂ ਜਾਣ।
2. ਪੀ.ਟੀ.ਆਈ ਅਧਿਆਪਕਾਂ ਨੂੰ ਪ੍ਰਾਇਮਰੀ ਪੱਧਰ ਤੋ ਲੈ ਕੇ ਮਿਡਲ ਪੱਧਰ ਤੱਕ ਨਿਯੁਕਤ ਕੀਤਾ ਜਾਵੇ।
3. ਨਵੀ ਭਰਤੀ ਦਾ ਇਸ਼ਤਿਹਾਰ ਜਲਦੀ ਤੋਂ ਜਲਦੀ ਜਾਰੀ ਕੀਤਾ ਜਾਵੇ।
4. ਸਰੀਰਕ ਸਿੱਖਿਆ ਦੇ ਵਿਸ਼ੇ ਨੂੰ ਪ੍ਰਇਮਾਰੀ ਸਕੂਲ ਤੋਂ ਲੈ ਕੇ ਹਰ ਜਮਾਤ ਲਈ ਲਾਜਮੀ ਕੀਤਾ ਜਾਵੇ ਕਿਉਂਕਿ ਅੱਜ ਦੇ ਸਮੇਂ ਵਿੱਚ ਤੰਦਰੁਸਤੀ ਬਹੁਤ ਹੀ ਜਰੂਰੀ ਹੈ।
ਸੰਗਰੂਰ 'ਚ ਸਿੱਖਿਆ ਮੰਤਰੀ ਦੇ ਘਿਰਾਓ ਦੀ ਕੋਸਿਸ਼ ਕਰਦੇ ਬੇਰੁਜ਼ਗਾਰ ਅਧਿਆਪਕ ਅਤੇ ਪ੍ਰਦਰਸ਼ਨਕਾਰੀਆਂ ਨੂੰ ਪੁਲਿਸ ਫ਼ੜ ਕੇ ਲਿਜਾਂਦੀ ਹੋਈ। |