ਪੁਰਾਣੀ ਪੈਨਸ਼ਨ ਦੀ ਬਹਾਲੀ ਲਈ ਪਟਿਆਲਾ ਵਿਖੇ ਸੂਬਾ ਪੱਧਰੀ ਵਿਸ਼ਾਲ ਰੋਸ਼ ਰੈਲੀ
- ਪ੍ਰਸ਼ਾਸਨ ਨੇ ਯੂਨੀਅਨ ਆਗੂਆਂ ਦੀ ਮੁੱਖ ਮੰਤਰੀ ਪੰਜਾਬ ਨਾਲ 2 ਸਤੰਬਰ ਦੀ ਮੀਟਿੰਗ ਤੈਅ ਕਰਵਾਈ
- ਨਵੀਂ ਪੈਨਸ਼ਨ ਤੋਂ ਪੀੜ੍ਹਤ ਹਜ਼ਾਰਾਂ ਦੀ ਗਿਣਤੀ ਵਿਚ 25 ਹਜ਼ਾਰ ਤੋਂ ਵੱਧ ਮੁਲਾਜ਼ਮਾਂ ਵਲੋਂ ਸ਼ਿਰਕਤ
- ਜੇਕਰ ਮੰਗ ਨਾ ਮੰਨੀ ਗਈ ਤਾਂ ਮੁੜ ਕਰਾਂਗੇ ਪਟਿਆਲਾ ਜਾਮ : ਸੁਖਜੀਤ ਸਿੰਘ
- ਕਿਸਾਨ ਆਗੂਆਂ ਸਮੇਤ 50 ਵੱਡੀਆਂ ਮੁਲਾਜ਼ਮ ਜਥੇਬੰਦੀਆਂ ਦਾ ਸਮਰੱਥਨ
- ਕਾਂਗਰਸੀ ਵਿਧਾਇਕਾਂ ਸਮੇਤ ਕਰੀਬ 90 ਵਿਧਾਇਕ ਵੀ ਕਰ ਚੁੱਕੇ ਨੇ ਪੁਰਾਣੀ ਪੈਨਸ਼ਨ ਦੇ ਹੱਕ ਵਿਚ ਸਮਰੱਥਨ, ਮੁੱਖ ਮੰਤਰੀ ਨੂੰ ਲਿਖ ਚੁੱਕੇ ਨੇ ਪੱਤਰ
ਪਟਿਆਲਾ, 24 ਅਗਸਤ, 2021: ਪੁਰਾਣੀ ਪੈਨਸ਼ਨ ਸਕੀਮ ਲਈ ਸੰਘਰਸ਼ ਕਰ ਰਹੀ ਜਥੇਬੰਦੀ ਸੀ. ਪੀ. ਐਫ. ਕਰਮਚਾਰੀ ਯੂਨੀਅਨ ਵਲੋਂ ਪੁਰਾਣੀ ਪੈਨਸ਼ਨ ਦੀ ਬਹਾਲੀ ਲਈ ਵਿਸ਼ਾਲ ਸੂਬਾ ਪੱਧਰੀ ਰੈਲੀ ਪਟਿਆਲਾ ਦੇ ਪੁੱਡਾ ਗਰਾਉਂਡ ਵਿਖੇ ਕੀਤੀ ਗਈ, ਜਿਸ ਵਿਚ ਪੰਜਾਬ ਸਰਕਾਰ ਦੇ ਵੱਖ ਵੱਖ ਵਿਭਾਗਾਂ ਤੋਂ ਹਜ਼ਾ ਦੀ ਗਿਣਤੀ ਮੁਲਾ ਵਲੋਂ ਰੈਲੀ ਵਿਚ ਸ਼ਿਰਕਤ ਕੀਤੀ ਗਈ। ਪੁਰਾਣੀ ਪੈਨਸ਼ਨ ਬਹਾਲੀ ਦੇ ਹੱਕ ਵਿਚ ਮੁਲਾਜ਼ਮਾਂ ਦਾ ਕੱਠ ਐਨਾ ਵੱਡਾ ਸੀ ਕਿ ਪੂਰੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਹੱਥਾਂ ਪੈਰਾਂ ਦੀ ਪੈ ਗਈ ਤੇ ਝੱਟ ਹੀ ਉਨ੍ਹਾਂ ਨੂੰ ਮੁੱਖ ਮੰਤਰੀ ਨਾਲ ਮੀਟਿੰਗ ਦਾ ਸਮਾਂ ਲੈ ਕੇ ਦੇ ਦਿੱਤਾ। ਯੂਨੀਅਨ ਆਗੂਆਂ ਦੀ 2 ਸਤੰਬਰ ਨੂੰ ਮੁੱਖ ਮੰਤਰੀ ਪੰਜਾਬ ਨਾਲ ਮੀਟਿੰਗ ਤੈਅ ਹੋਈ ਹੈ।ਪ੍ਰਧਾਨ ਸੁਖਜੀਤ ਸਿੰਘ ਦੀ ਖੁਦ ਮਹਾਰਾਣੀ ਨਾਲ ਮੀਟਿੰਗ ਹੋਈ ਤੇ ਉਨ੍ਹਾਂ ਵਲੋਂ ਮੁੱਖ ਮੰਤਰੀ ਨਾਲ ਮੁਲਾਕਾਤ ਦਾ ਭਰੋਸਾ ਦਿਵਾਇਆ।
ਪੰਜਾਬ ਦੇ ਮੁਲਾਜ਼ਮ ਹੀ ਨਹੀਂ ਹਰਿਆਣਾ, ਹਿਮਾਚਲ ਪ੍ਰਦੇਸ਼, ਨਵੀਂ ਦਿੱਲੀ ਦੀਆਂ ਜਥੇਬੰਦੀਆਂ ਵਲੋਂ ਵੀ ਆਪਣੇ ਮੁਲਾਜ਼ਮ ਸਾਥੀਆਂ ਨਾਲ ਸ਼ਿਰਕਤ ਕੀਤੀ ਗਈ।ਰੈਲੀ ਵਿਚ ਤਿੰਨ ਵੱਡੇ ਕਿਸਾਨ ਆਗੂ ਡਾ. ਦਰਸ਼ਨਪਾਲ ਸਿੰਘ, ਕਿਸਾਨ ਆਗੂ ਜੋਗਿੰਦਰ ਸਿੰਘ ਉਗਰਾਹਾਂ, ਕਿਸਾਨ ਆਗੂ ਰੁਲਦੂ ਸਿੰਘ ਮਾਨਸਾ ਵਲੋਂ ਸ਼ਮੂਲੀਅਤ ਕਰਕੇ ਮੁਲਾਜ਼ਮਾਂ ਦੀ ਪੁਰਾਣੀ ਪੈਨਸ਼ਨ ਸਕੀਮ ਦੇ ਹੱਥ ਵਿਚ ਡਟਵਾਂ ਸਮਰੱਥਨ ਦਿੱਤਾ ਗਿਆ।ਇਸ ਸਬੰਧ ਵਿਚ ਸੂਬਾ ਪ੍ਰਧਾਨ ਸੁਖਜੀਤ ਸਿੰਘ ਨੇ ਕਿਹਾ ਕਿ ਜੇਕਰ ਪੁਰਾਣੀ ਪੈਨਸ਼ਨ ਬਹਾਲੀ ਦੀ ਮੰਗ ਨਾ ਮੰਨੀ ਗਈ ਤਾਂ ਉਹ ਅਗਲੀ ਵਾਰ ਵੱਡੇ ਕਾਫਲੇ ਦੇ ਰੂਪ ਵਿਚ ਮੁੱਖ ਮੰਤਰੀ ਦੀ ਰਿਹਾਇਸ਼ ਅੱਗੇ ਧਰਨਾ ਦੇਣਗੇ।ਇਸ ਸਭ ਦੀ ਜ਼ਿੰਮੇਵਾਰ ਪ੍ਰਸ਼ਾਸਨ ਦੀ ਹੋਵੇਗੀ। ਇਸ ਯੂਨੀਅਨ ਦੀ ਇਕੋ ਇਕ ਮੰਗ ਹੈ, ਸਾਲ 2004 ਵਿਚ ਬੰਦ ਹੋਈ ਪੁਰਾਣੀ ਪੈਨਸ਼ਨ ਸਕੀਮ ਬਹਾਲ ਕੀਤੀ ਜਾਵੇ।
ਉਨ੍ਹਾਂ ਕਿਹਾ ਕਿ ਇਸ ਰੈਲੀ ਵਿਚ ਰੇਲਵੇ ਮੁਲਾਜ਼ਮਾਂ, ਅਧਿਆਪਕ ਯੂਨੀਅਨਾਂ, ਪੰਜਾਬੀ ਯੂਨੀਵਰਸਿਟੀ ਦੇ ਮੁਲਾਜ਼ਮਾਂ ਸਮੇਤ ਲਗਭਗ 50 ਵੱਡੀਆਂ ਜਥੇਬੰਦੀਆਂ ਵਲੋਂ ਇਸ ਰੈਲੀ ਨੂੰ ਸਮਰੱਥਨ ਦਿੱਤਾ ਗਿਆ ਹੈ ਤੇ ਵੱਡੀ ਗਿਣਤੀ ’ਚ ਮੁਲਾਜ਼ਮ ਆਪਣੇ ਹੱਕ ਲਈ ਰੈਲੀ ਅਤੇ ਰੋਸ ਮਾਰਚ ਵਿਚ ਸ਼ਾਮਲ ਹੋਏ ਹਨ। ਸੁਖਜੀਤ ਸਿੰਘ ਨੇ ਕਿਹਾ ਕਿ ਕਾਂਗਰਸ ਸਰਕਾਰ ਨੇ 2017 ਵਿਚ ਮੁਲਾਜ਼ਮਾਂ ਨਾਲ ਵਾਅਦਾ ਕੀਤਾ ਸੀ ਕਿ ਸਰਕਾਰ ਬਣਨ ‘ਤੇ ਪੁਰਾਣੀ ਪੈਨਸ਼ਨ ਸਕੀਮ ਲਾਗੂ ਕੀਤੀ ਜਾਵੇਗੀ, ਪਰ ਸਰਕਾਰ ਬਣਦੇ ਹੀ ਕੈਪਟਨ ਆਪਣਾ ਵਾਅਦਾ ਭੁੱਲ ਗਏ। ਸੁਖਜੀਤ ਸਿੰਘ ਨੇ ਕਿਹਾ ਕਿ ਹੁਣ ਮੁਲਾਜ਼ਮ ਜਾਗ ਗਏ ਹਨ ਤੇ ਆਪਣਾ ਹੱਕ ਲੈ ਕੇ ਹੀ ਰਹਿਣਗੇ। ਇਹ ਰੈਲੀ ਇੱਕ ਇਕੱਠ ਤੇ ਇਕਜੁਟਤਾ ਪੱਖੋਂ ਇਤਿਹਾਸ ਹੈ।
ਸੀ ਪੀ ਐੱਫ ਕਰਮਚਾਰੀ ਯੂਨੀਅਨ ਦੇ ਹੱਕ ਵਿਚ ਹੋਰ ਵੀ ਕਈ ਪਾਰਟੀਆਂ ਦੇ ਆਗੂਆਂ ਵਲੋਂ ਸਮਰੱਥਨ ਕੀਤਾ ਗਿਆ ਹੈ। ਇਹੀ ਨਹੀਂ ਕਾਂਗਰਸ ਪਾਰਟੀ ਸਮੇਤ ਪੂਰੇ ਪੰਜਾਬ ਦੇ ਲਗਭਗ 90 ਤੋਂ ਵੱਧ ਐਮ ਐਲ ਐਲ ਏ ਪੁਰਾਣੀ ਪੈਨਸ਼ਨ ਬਹਾਲ ਕਰਾਉਣ ਲਈ ਮੁੱਖ ਮੰਤਰੀ ਪੰਜਾਬ ਨੂੰ ਪੱਤਰ ਲਿਖ ਚੁੱਕੇ ਹਨ ਤੇ ਸੀ ਪੀ ਐਫ ਕਰਮਚਾਰੀ ਯੂਨੀਅਨ ਦੀ ਇਕੋ ਇਕ ਮੰਗ ਦਾ ਸਮਰੱਥਨ ਕਰ ਚੁੱਕੇ ਹਨ।
ਦੱਸਣਯੋਗ ਹੈ ਕਿ ਸਾਲ 2004 ਵਿਚ ਪੁਰਾਣੀ ਪੈਨਸ਼ਨ ਸਕੀਮ ਬੰਦ ਕਰਕੇ ਨਵੇਂ ਮੁਲਾਜ਼ਮਾਂ ਲਈ ਐਨ ਪੀ ਐਸ (ਨਿਊ ਪੈਨਸ਼ਨ ਸਕੀਮ) ਲਾਗੂ ਕਰ ਦਿੱਤੀ ਸੀ, ਜੋ ਕਿ ਸ਼ੇਅਰ ਬਾਜ਼ਾਰ ‘ਤੇ ਆਧਾਰਤ ਹੈ ਤੇ ਮੁਲਾਜ਼ਮਾਂ ਦਾ ਜਮ੍ਹਾਂ ਹੋਇਆ ਸਾਰਾ ਫੰਡ ਸ਼ੇਅਰ ਮਾਰਕਿਟ ਵਿਚ ਇਨਵੈਸਟ ਹੋ ਰਿਹਾ ਹੈ ਤੇ ਐਨ ਪੀ ਐਸ ਨੂੰ ਵਾਪਸ ਕਰਾਉਣ ਲਈ ਮੁਲਾਜ਼ਮ ਸੰਘਰਸ਼ ਕਰ ਰਹੇ ਹਨ। ਇਸ ਮੌਕੇ ਗੁਰਮੇਲ ਵਿਰਕ, ਗੁਰਜੰਟ ਸਿੰਘ, ਰਵਿੰਦਰ ਸ਼ਰਮਾ ਜਤਿੰਦਰ ਕੰਬੋਜ਼ ਪ੍ਰੈਸ ਸੈਕਟਰੀ, ਡੈਮੋਕ੍ਰੇਟਿਕ ਟੀਚਰਜ਼ ਫਰੰਟ ਪੰਜਾਬ ਦੇ ਸੂਬਾ ਪ੍ਰਧਾਨ ਵਿਕਰਮ ਦੇਵ ਸਿੰਘ, ਸੂਬਾ ਮੀਤ ਪ੍ਰਧਾਨ ਰਘਵੀਰ ਸਿੰਘ ਭਵਾਨੀਗੜ੍ਹ ਸਮੇਤ ਕਈ ਯੂਨੀਅਨਾਂ ਦੇ ਆਗੂ ਅਤੇ ਪ੍ਰਧਾਨ ਮੌਜੂਦ ਰਹੇ।