*ਪੰਜਾਬ - ਯੂ. ਟੀ. ਮੁਲਾਜ਼ਮ ਅਤੇ ਪੈਨਸ਼ਨਰਜ਼ ਸਾਂਝਾ ਫਰੰਟ ਵੱਲੋਂ ਅੰਗਦ ਸਿੰਘ ਦੀ ਕੋਠੀ ਵੱਲ ਰੋਸ ਮਾਰਚ*
*ਮੰਤਰੀਆਂ / ਵਿਧਾਇਕਾਂ ਰਾਹੀਂ ਮੁੱਖ ਮੰਤਰੀ ਨੂੰ ਭੇਜੇ ਚਿਤਾਵਨੀ ਪੱਤਰ*
*ਮਾਨਸੂਨ ਸੈਸ਼ਨ ਦੇ ਦੂਜੇ ਦਿਨ ਇਕ ਲੱਖ ਤੋਂ ਵੱਧ ਮੁਲਾਜ਼ਮ/ ਪੈਨਸ਼ਨਰ ਕਰਨਗੇ ਵਿਧਾਨ ਸਭਾ ਵੱਲ ਮਾਰਚ*
*04 ਸਤੰਬਰ ਤੋਂ ਵਧਣਗੇ ਲੰਬੀ ਹੜਤਾਲ ਵੱਲ*
ਨਵਾਂ ਸ਼ਹਿਰ 20 ਅਗਸਤ ( ) ਪੰਜਾਬ - ਯੂ. ਟੀ. ਮੁਲਾਜ਼ਮ ਅਤੇ ਪੈਨਸ਼ਨਰਜ਼ ਸਾਂਝਾ ਫਰੰਟ ਦੇ ਸੱਦੇ ਤੇ ਅੱਜ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਵੱਲੋਂ ਜ਼ਿਲ੍ਹਾ ਕਨਵੀਨਰ ਕਰਨੈਲ ਸਿੰਘ ਰਾਹੋਂ, ਅਜੀਤ ਸਿੰਘ ਬਰਨਾਲਾ, ਗੁਲਸ਼ਨ ਕੁਮਾਰ, ਰਾਮ ਲੁਭਾਇਆ, ਮੁਕੰਦ ਲਾਲ ਦੀ ਅਗਵਾਈ ਵਿੱਚ ਬੱਸ ਸਟੈਂਡ ਨਵਾਂ ਸ਼ਹਿਰ ਵਿਖੇ ਰੋਸ ਰੈਲੀ ਕੀਤੀ ਗਈ। ਰੋਸ ਰੈਲੀ ਨੂੰ ਸੰਬੋਧਨ ਕਰਦਿਆਂ ਸੁਰਿੰਦਰ ਸਿੰਘ ਸੋਇਤਾ, ਕੁਲਦੀਪ ਸਿੰਘ ਦੌੜਕਾ, ਮਨਜੀਤ ਕੁਮਾਰ, ਪਰਮਜੀਤ ਸਿੰਘ, ਗੁਰਦਿਆਲ ਸਿੰਘ ਜਗਤਪੁਰ, ਗੁਰਕੀਰਤ ਸਿੰਘ, ਰੇਸ਼ਮ ਲਾਲ, ਸ਼ੰਕੁਤਲਾ ਦੇਵੀ, ਸੋਮ ਲਾਲ ਆਦਿ ਆਗੂਆਂ ਨੇ ਕਿਹਾ ਕਿ ਪੰਜਾਬ ਦੇ ਮੁਲਾਜ਼ਮਾਂ / ਪੈਨਸ਼ਨਰਾਂ ਦੀਆਂ ਮੰਗਾਂ ਦੇ ਸੰਬੰਧ ਵਿਚ ਬਣਾਈ ਗਈ ਮੰਤਰੀਆਂ ਦੀ ਕਮੇਟੀ ਨਾਲ ਚਾਰ ਦੌਰ ਦੀ ਗੱਲਬਾਤ ਦੌਰਾਨ ਮੁਲਾਜ਼ਮਾਂ /ਪੈਨਸ਼ਨਰਾਂ ਦੀਆਂ ਮੰਗਾਂ ਦਾ ਕੋਈ ਹੱਲ ਨਹੀਂ ਨਿਕਲਿਆ ਸਗੋਂ ਮੰਤਰੀਆਂ ਦਾ ਵਤੀਰਾ ਹੈਂਕੜਬਾਜ਼ ਹੀ ਨਜ਼ਰ ਆਇਆ ਹੈ। ਇੱਥੋਂ ਤੱਕ ਕਿ ਇਹ ਕਮੇਟੀ ਪੂਰੇ ਮੰਗ ਪੱਤਰ ਉਤੇ ਗੱਲਬਾਤ ਕਰਨ ਲਈ ਵੀ ਤਿਆਰ ਨਹੀਂ ਹੈ ਅਤੇ ਉਹ ਸਿਰਫ਼ ਤੇ ਸਿਰਫ਼ ਤਨਖਾਹ ਕਮਿਸ਼ਨ ਨੂੰ ਹੀ ਮੁੱਦਾ ਸਮਝਦੀ ਹੈ ਅਤੇ ਉਸ ਦਾ ਨਿਪਟਾਰਾ ਵੀ ਝੂਠੇ ਅੰਕੜੇ ਅਤੇ ਬੇਈਮਾਨੀ ਨਾਲ ਕਰਨਾ ਚਾਹੁੰਦੀ ਹੈ, ਨਾ ਕਿ ਮੁਲਾਜ਼ਮਾਂ/ ਪੈਨਸ਼ਨਰਾਂ ਨੂੰ ਇਨਸਾਫ਼ ਦੇ ਕੇ। ਪੈਨਸ਼ਨਰਜ਼ ਦਾ ਨੋਟੀਫਿਕੇਸ਼ਨ ਅਜੇ ਤੱਕ ਜਾਰੀ ਨਹੀਂ ਕੀਤਾ ਗਿਆ, ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਸਬੰਧੀ ਇਹ ਕਮੇਟੀ ਆਪਣਾ ਰਾਜਨੀਤਕ ਮੁੱਦਾ ਦੱਸਦੀ ਹੈ ਅਤੇ ਇਹ ਕਹਿ ਰਹੀ ਹੈ ਕਿ ਮੌਨਸੂਨ ਸ਼ੈਸਨ ਵਿਚ ਐਕਟ ਪਾਸ ਕੀਤਾ ਜਾਵੇਗਾ। ਜਦੋਂ ਕਿ ਇਹ ਐਕਟ ਬਿਲਕੁਲ ਹੀ ਮੁਲਾਜ਼ਮ ਵਿਰੋਧੀ ਹੈ, ਮਾਣ ਭੱਤਾ/ ਇਨਸੈੱਟਿਵ ਮੁਲਾਜ਼ਮਾਂ ਨੂੰ ਘੱਟੋ ਘੱਟ ਜਿਉਣ ਯੋਗ ਪੈਸੇ ਦੇਣ ਵਾਸਤੇ ਤਿਆਰ ਨਹੀਂ, ਸਮਾਜਿਕ ਸੁਰੱਖਿਆ ਦੇ ਤੌਰ ਤੇ ਮਿਲਦੀ ਪੁਰਾਣੀ ਪੈਨਸ਼ਨ ਬਹਾਲ ਕਰਨ ਤੋਂ ਇਹ ਕਮੇਟੀ ਭੱਜ ਰਹੀ ਹੈ। ਆਗੂਆਂ ਆਖਿਆ ਕਿ ਪੁਨਰਗਠਨ ਦੇ ਨਾਂ ਉੱਤੇ ਅਦਾਰਿਆਂ ਦਾ ਉਜਾੜਾ ਲਗਾਤਾਰ ਜਾਰੀ ਹੈ ਅਤੇ ਮੁਢਲੀ ਤਨਖਾਹ 'ਤੇ ਨਿਯੁਕਤੀ ਦਾ ਪੱਤਰ, ਮੁਲਾਜ਼ਮ ਵਿਰੋਧੀ 3 ਸਾਲ ਪ੍ਰੋਵੇਸ਼ਨਲ ਸਮੇਂ ਦਾ ਪੱਤਰ, 17 ਜੁਲਾਈ 2020 ਦਾ ਕੇਂਦਰ ਦੇ ਤਨਖਾਹ ਸਕੇਲਾਂ ਨਾਲ ਜੋੜਨ ਵਾਲਾ ਪੱਤਰ ਅਤੇ ਡਿਵੈਲਪਮੈਂਟ ਦੇ ਨਾਂ ਤੇ ਕੱਟਿਆ ਜਾ ਰਿਹਾ 200 ਰੁਪਏ ਵਾਲਾ ਪੱਤਰ ਅਜੇ ਤੱਕ ਵਾਪਸ ਨਹੀਂ ਲਿਆ ਗਿਆ। ਇਸ ਕਰਕੇ ਪੰਜਾਬ ਦੇ ਮੁਲਾਜ਼ਮਾਂ / ਪੈਨਸ਼ਨਰਾਂ ਅੰਦਰ ਇਸ ਸਰਕਾਰ ਪ੍ਰਤੀ ਵਿਆਪਕ ਗੁੱਸਾ ਹੈ, ਜਿਸ ਦਾ ਪ੍ਰਗਟਾਵਾ ਅੱਜ ਮੰਤਰੀਆਂ ਦੀਆਂ ਮਹਿਲਨੁਮਾ ਕੋਠੀਆਂ ਵੱਲ ਰੋਸ ਮਾਰਚ ਕਰਕੇ ਮੁੱਖ ਮੰਤਰੀ ਨੂੰ ਚੇਤਾਵਨੀ ਪੱਤਰ ਭੇਜ ਕੇ ਕੀਤਾ ਗਿਆ ਹੈ। ਆਗੂਆਂ ਨੇ ਐਲਾਨ ਕੀਤਾ ਕਿ ਵਿਧਾਨ ਸਭਾ ਸੈਸ਼ਨ ਦੇ ਦੂਜੇ ਕੰਮ ਵਾਲੇ ਦਿਨ ਇੱਕ ਲੱਖ ਤੋਂ ਵੱਧ ਮੁਲਾਜ਼ਮ ਪੈਨਸ਼ਨਰ ਵਿਧਾਨ ਸਭਾ ਵੱਲ ਮਾਰਚ ਕਰਨਗੇ ਅਤੇ 04 ਸਤੰਬਰ ਤੋਂ ਲੰਬੀ ਹੜਤਾਲ ਵੱਲ ਵਧਣਗੇ।
ਰੋਸ ਰੈਲੀ ਉਪਰੰਤ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨੇ ਵਿਧਾਇਕ ਅੰਗਦ ਸਿੰਘ ਦੀ ਕੋਠੀ ਵੱਲ ਰੋਸ ਮਾਰਚ ਕਰਕੇ ਕੋਠੀ ਦਾ ਘਿਰਾਓ ਕੀਤਾ। ਇਸ ਸਮੇਂ ਮੋਹਨ ਸਿੰਘ ਪੂਨੀਆ, ਜਸਵਿੰਦਰ ਔਜਲਾ, ਸੁਰਿੰਦਰਪਾਲ ਆਦਿ ਆਗੂਆਂ ਨੇ ਸੰਬੋਧਨ ਕੀਤਾ। ਘਿਰਾਓ ਦੌਰਾਨ ਹਲਕਾ ਵਿਧਾਇਕ ਅੰਗਦ ਸਿੰਘ ਨੇ ਮੁੱਖ ਮੰਤਰੀ ਦੇ ਨਾਂ ਚਿਤਾਵਨੀ ਪੱਤਰ ਪ੍ਰਾਪਤ ਕੀਤਾ।