TET ਪਾਸ ਨਾ ਕਰਨ ਵਾਲੇ ਅਧਿਆਪਕਾਂ ਦੀਆਂ ਤਰੱਕੀਆਂ ‘ਤੇ ਹਾਈਕੋਰਟ ਦੀ ਰੋਕ
ਪੰਜਾਬ ਸਰਕਾਰ ਨੂੰ ਨੋਟਿਸ, ਅਗਲੀ ਸੁਣਵਾਈ 5 ਫਰਵਰੀ 2026
ਚੰਡੀਗੜ੍ਹ, 22 ਜਨਵਰੀ 2026 –( ਜਾਬਸ ਆਫ ਟੁਡੇ)
ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ Teacher Eligibility Test (TET) ਪਾਸ ਨਾ ਕਰਨ ਵਾਲੇ ਅਧਿਆਪਕਾਂ ਨੂੰ ਮਾਸਟਰ ਕੈਡਰ ਵਿੱਚ ਦਿੱਤੀਆਂ ਤਰੱਕੀਆਂ ‘ਤੇ ਵੱਡਾ ਅੰਤਰਿਮ ਫ਼ੈਸਲਾ ਲੈਂਦੇ ਹੋਏ ਅਗਲੀ ਸੁਣਵਾਈ ਤੱਕ ਰੋਕ ਲਗਾ ਦਿੱਤੀ ਹੈ।
ਇਹ ਹੁਕਮ CWP-1659-2026 : ਹੋਸ਼ਿਆਰ ਸਿੰਘ ਅਤੇ ਹੋਰ ਬਨਾਮ ਪੰਜਾਬ ਸਰਕਾਰ ਮਾਮਲੇ ਦੀ ਸੁਣਵਾਈ ਦੌਰਾਨ ਮਾਣਯੋਗ ਜਸਟਿਸ ਦੀਪਿੰਦਰ ਸਿੰਘ ਨਾਲਵਾ ਵੱਲੋਂ ਜਾਰੀ ਕੀਤਾ ਗਿਆ।
ਕੀ ਹੈ ਮਾਮਲਾ
ਪਟੀਸ਼ਨਰਾਂ ਵੱਲੋਂ ਹਾਈਕੋਰਟ ‘ਚ ਦਲੀਲ ਦਿੱਤੀ ਗਈ ਕਿ ਪੰਜਾਬ ਸਰਕਾਰ ਨੇ 14.09.2017 ਦੇ ਸਰਕੁਲਰ ਦੇ ਆਧਾਰ ‘ਤੇ ਕੁਝ ਅਧਿਆਪਕਾਂ ਨੂੰ ਮਾਸਟਰ ਕੈਡਰ ਵਿੱਚ ਤਰੱਕੀ ਦੇ ਦਿੱਤੀ, ਹਾਲਾਂਕਿ ਉਨ੍ਹਾਂ ਨੇ Teacher Eligibility Test (TET) ਪਾਸ ਨਹੀਂ ਕੀਤਾ ਸੀ।
ਇਹ ਤਰੱਕੀਆਂ 12.11.2025 ਅਤੇ 24.12.2025 ਨੂੰ ਜਾਰੀ ਹੁਕਮਾਂ ਰਾਹੀਂ ਕੀਤੀਆਂ ਗਈਆਂ।
ਸੁਪਰੀਮ ਕੋਰਟ ਦੇ ਫ਼ੈਸਲੇ ਦਾ ਹਵਾਲਾ
ਪਟੀਸ਼ਨਰਾਂ ਦੇ ਵਕੀਲਾਂ ਨੇ ਦਲੀਲ ਦਿੱਤੀ ਕਿ ਇਹ ਤਰੱਕੀਆਂ ਮਾਣਯੋਗ ਸੁਪਰੀਮ ਕੋਰਟ ਦੇ ਫ਼ੈਸਲੇ
Anjuman Ishaat-E-Taleem Trust ਬਨਾਮ ਮਹਾਰਾਸ਼ਟਰ ਸਰਕਾਰ (2025)
ਦੇ ਉਲਟ ਹਨ, ਜਿਸ ਵਿੱਚ ਸਪੱਸ਼ਟ ਤੌਰ ‘ਤੇ ਕਿਹਾ ਗਿਆ ਹੈ ਕਿ TET ਪਾਸ ਕੀਤੇ ਬਿਨਾਂ ਕਿਸੇ ਵੀ ਅਧਿਆਪਕ ਨੂੰ ਤਰੱਕੀ ਨਹੀਂ ਦਿੱਤੀ ਜਾ ਸਕਦੀ।
ਸਰਕਾਰ ਨੂੰ ਨੋਟਿਸ
ਹਾਈਕੋਰਟ ਨੇ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ ਕਰਦਿਆਂ ਸਰਕਾਰ ਵੱਲੋਂ ਹਾਜ਼ਰ ਡੀਏਜੀ ਨੂੰ ਮਾਮਲੇ ‘ਚ ਸਪੱਸ਼ਟੀਕਰਨ ਲਈ ਸਮਾਂ ਦਿੱਤਾ।
ਮਾਮਲੇ ਦੀ ਅਗਲੀ ਸੁਣਵਾਈ 5 ਫਰਵਰੀ 2026 ਨੂੰ ਨਿਰਧਾਰਤ ਕੀਤੀ ਗਈ ਹੈ।
ਅਹਿਮ ਹੁਕਮ
ਅਦਾਲਤ ਨੇ ਸਪੱਸ਼ਟ ਹੁਕਮ ਦਿੱਤਾ ਹੈ ਕਿ
TET ਪਾਸ ਨਾ ਕਰਨ ਵਾਲੇ ਕਿਸੇ ਵੀ ਅਧਿਆਪਕ ਨੂੰ ਮਾਸਟਰ ਕੈਡਰ ਵਿੱਚ ਹੋਰ ਤਰੱਕੀ ਨਹੀਂ ਦਿੱਤੀ ਜਾਵੇਗੀ, ਅਤੇ ਇਹ ਰੋਕ ਅਗਲੀ ਸੁਣਵਾਈ ਤੱਕ ਲਾਗੂ ਰਹੇਗੀ।
ਤੁਰੰਤ ਸੁਣਵਾਈ ਵਾਲੀ ਸੂਚੀ ‘ਚ ਮਾਮਲਾ
ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਹਾਈਕੋਰਟ ਨੇ ਇਸਨੂੰ ਅਰਜੈਂਟ ਲਿਸਟ ਵਿੱਚ ਸ਼ਾਮਲ ਕਰਨ ਦੇ ਹੁਕਮ ਵੀ ਜਾਰੀ ਕੀਤੇ ਹਨ।
