ਵਿਜੈ ਇੰਦਰ ਸਿੰਗਲਾ ਵੱਲੋਂ ਹੋਮੀ ਭਾਬਾ ਕੈਂਸਰ ਹਸਪਤਾਲ ਸੰਗਰੂਰ ‘ਚ ਬਹੁ-ਕਰੋੜੀ ਪ੍ਰਾਜੈਕਟਾਂ ਦੀ ਸ਼ੁਰੂਆਤ
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅਤਿ-ਆਧੁਨਿਕ ਪੈਟ-ਸੀ.ਟੀ. ਮਸ਼ੀਨ ਲਈ ਮਨਜ਼ੂਰ ਕੀਤੇ 15 ਕਰੋੜ ਰੁਪਏ: ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ
ਸੰਗਰੂਰ ਵਿਚਲੇ ਕੈਂਸਰ ਹਸਪਤਾਲ ‘ਚ 90 ਫੀਸਦੀ ਤੋਂ ਵਧੇਰੇ ਮਰੀਜ਼ਾਂ ਦਾ ਇਲਾਜ ਕੀਤਾ ਜਾਂਦੈ ਮੁਫ਼ਤ: ਵਿਜੈ ਇੰਦਰ ਸਿੰਗਲਾ
ਦਲਜੀਤ ਕੌਰ ਭਵਾਨੀਗੜ੍ਹ
ਸੰਗਰੂਰ, 21 ਅਗਸਤ 2021: ਸਕੂਲ ਸਿੱਖਿਆ ਤੇ ਲੋਕ ਨਿਰਮਾਣ ਮੰਤਰੀ ਸ਼੍ਰੀ ਵਿਜੈ ਇੰਦਰ ਸਿੰਗਲਾ ਨੇ ਅੱਜ ਹੋਮੀ ਭਾਬਾ ਕੈਂਸਰ ਹਸਪਤਾਲ ਸੰਗਰੂਰ ਵਿਖੇ ਬਹੁ-ਕਰੋੜੀ ਪ੍ਰਾਜੈਕਟਾਂ ਨੂੰ ਲੋਕ ਅਰਪਿਤ ਕੀਤਾ ਅਤੇ ਲੋਕ ਭਲਾਈ ਲਈ ਵੱਖ-ਵੱਖ ਪ੍ਰਾਜੈਕਟਾਂ ਦੇ ਨੀਂਹ ਪੱਥਰ ਰੱਖੇ।
ਕੈਬਨਿਟ ਮੰਤਰੀ ਸ਼੍ਰੀ ਵਿਜੈ ਇੰਦਰ ਸਿੰਗਲਾ ਵੱਲੋਂ ਅੱਜ 12 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਕੀਤੇ ਗਏ ਅਤਿ-ਆਧੁਨਿਕ ਨਾਲ ਲੈੱਸ ਰੇਡੀਆਲੋਜੀ ਬਲਾਕ ਤੇ ਅਤੇ 6 ਕਰੋੜ 55 ਲੱਖ ਰੁਪਏ ਦੀ ਲਾਗਤ ਨਾਲ ਤਿਆਰ ਲੜਕੀਆਂ ਦੇ ਹੋਸਟਲ ਦਾ ਉਦਘਾਟਨ ਕੀਤਾ। ਇਹਨਾਂ ਪ੍ਰਾਜੈਕਟਾਂ ਤੋਂ ਇਲਾਵਾ ਕੈਬਨਿਟ ਮੰਤਰੀ ਨੇ ਸਥਾਨਕ ਰਣਬੀਰ ਕਲੱਬ ਨੇੜੇ 3 ਕਰੋੜ 92 ਹਜ਼ਾਰ ਦੀ ਲਾਗਤ ਨਾਲ ਬਣਨ ਵਾਲੀ ਡਾਕਟਰਾਂ ਦੀ ਰਿਹਾਇਸ਼ ਅਤੇ 3 ਕਰੋੜ 90 ਲੱਖ ਦੀ ਲਾਗਤ ਨਾਲ ਕੈਂਸਰ ਹਸਪਤਾਲ ‘ਚ ਹੀ ਰਿਹਾਇਸ਼ੀ ਖੇਤਰ ਦੇ ਵਿਕਾਸ ਲਈ ਬਲਾਕ ਦੇ ਨੀਂਹ ਪੱਥਰ ਵੀ ਰੱਖੇ।
ਸ੍ਰੀ ਵਿਜੈ ਇੰਦਰ ਸਿੰਗਲਾ ਨੇ ਦੱਸਿਆ ਕਿ ਇਹ ਹਸਪਤਾਲ ਨਾ ਕੇਵਲ ਸੰਗਰੂਰ ਸਗੋਂ ਪੰਜਾਬ ਦੇ ਨਾਲ-ਨਾਲ ਹੋਰਨਾਂ ਸੂਬਿਆਂ ਦੇ ਕੈਂਸਰ ਪੀੜਤਾਂ ਦੇ ਇਲਾਜ ਲਈ ਵੀ ਵਰਦਾਨ ਸਾਬਤ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਹਾਲ ਹੀ ਵਿੱਚ ਮਿਲੀਆਂ ਰਿਪੋਰਟਾਂ ਮੁਤਾਬਕ ਪਹਿਲਾਂ ਕੈਂਸਰ ਦੇ ਮਰੀਜ਼ ਰੇਲ ਗੱਡੀ ਰਾਹੀਂ ਬੀਕਾਨੇਰ ਜਾਂਦੇ ਸਨ ਪਰ ਹੁਣ ਦੂਰ-ਦਾਰਡਿਉਂ ਇਲਾਜ ਲਈ ਸੰਗਰੂਰ ਦੇ ਕੈਂਸਰ ਹਸਪਤਾਲ ‘ਚ ਆਉਂਦੇ ਹਨ।
ਸ਼੍ਰੀ ਸਿੰਗਲਾ ਨੇ ਕਿਹਾ ਕਿ ਉਹ ਨਿੱਜੀ ਤੌਰ ‘ਤੇ ਦਿਲਚਸਪੀ ਲੈ ਕੇ ਕੈਂਸਰ ਜਿਹੀ ਨਾਮੁਰਾਦ ਬਿਮਾਰੀ ਤੋਂ ਮਰੀਜ਼ਾਂ ਨੂੰ ਰਾਹਤ ਦਿਵਾਉਣ ਲਈ ਲੰਬੇ ਸਮੇਂ ਤੋਂ ਯਤਨਸ਼ੀਲ ਹਨ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਰਹਿਨੁਮਾਈ ਹੇਠ ਸੰਗਰੂਰ ਹਲਕੇ ਨੂੰ ਕੈਂਸਰ ਮੁਕਤ ਕਰਨ ਦੀ ਮੁਹਿੰਮ ਨੂੰ ਹੋਰ ਮਜ਼ਬੂਤ ਕਰਨ ਲਈ ਵਚਨਬੱਧ ਹਨ। ਉਨ੍ਹਾਂ ਦੱਸਿਆ ਕਿ ਹਾਲ ਹੀ ਵਿੱਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੈਟ-ਸੀ.ਟੀ. ਮਸ਼ੀਨ ਲਈ 15 ਕਰੋੜ ਰੁਪਏ ਮਨਜ਼ੂਰ ਕੀਤੇ ਹਨ ਅਤੇ ਜਲਦ ਹੀ ਇਹ ਅਤਿ-ਆਧੁਨਿਕ ਮਸ਼ੀਨ ਕੈਂਸਰ ਹਸਪਤਾਲ ‘ਚ ਮਰੀਜ਼ਾਂ ਦੇ ਇਲਾਜ ਲਈ ਸਥਾਪਿਤ ਕਰਵਾ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਇਹ ਮਸ਼ੀਨਾਂ ਕੈਂਸਰ ਦਾ ਸ਼ੁਰੂਆਤ ਸਟੇਜ ‘ਤੇ ਪਤਾ ਲਗਾਉਣ ‘ਚ ਵੱਡੀ ਮਦਦ ਕਰਨਗੀਆਂ।
ਕੈਬਨਿਟ ਮੰਤਰੀ ਨੇ ਕਿਹਾ ਕਿ ਹੋਮੀ ਭਾਬਾ ਕੈਂਸਰ ਹਸਪਤਾਲ ਵਿਖੇ ਇਲਾਜ ਕਰਵਾਉਣ ਵਾਲੇ 90 ਫੀਸਦੀ ਤੋਂ ਵਧੇਰੇ ਮਰੀਜ਼ਾਂ ਦਾ ਇਲਾਜ ਮੁਫ਼ਤ ਹੁੰਦਾ ਹੈ ਕਿਉਂ ਜੋ ਕੈਂਸਰ ਪੀੜਤਾਂ ਨੂੰ ਬਹੁਤ ਹੀ ਸੀਮਤ ਦਰਾਂ ‘ਤੇ ਇਲਾਜ ਸੁਵਿਧਾ ਮੁਹੱਈਆ ਕਰਵਾਉਣ ਦੇ ਉਦੇਸ਼ ਨਾਲ ਹਸਪਤਾਲ ਵਿੱਚ ਕੀਮੋਥੈਰੇਪੀ ਦਵਾਈਆਂ, ਸਾਧਾਰਨ ਦਵਾਈਆਂ ਅਤੇ ਸਰਜੀਕਲ ਦੇ ਮੁੱਲ ‘ਤੇ 70 ਪ੍ਰਤੀਸ਼ਤ ਤੱਕ ਦੀ ਛੋਟ ਦਿੱਤੀ ਜਾਂਦੀ ਹੈ। ਇਸ ਤੋਂ ਇਲਾਵਾ ਟਾਟਾ ਹਸਪਤਾਲ ਦੀ ਤਰਫੋਂ ਇਲਾਜ ਲਈ ਵਿਸ਼ੇਸ਼ ਛੋਟ ਅਤੇ ਮੁੱਖ ਮੰਤਰੀ ਕੈਂਸਰ ਰਾਹਤ ਕੋਸ਼ ਯੋਜਨਾ ਦੇ ਤਹਿਤ ਡੇਢ ਲੱਖ ਰੁਪਏ ਤੱਕ ਦਾ ਨਗਦੀ ਰਹਿਤ ਇਲਾਜ ਹੋਣ ਕਰਕੇ ਬਹੁਤੇ ਮਰੀਜ਼ਾਂ ਨੂੰ ਇਸ ਨਾਮੁਰਾਦ ਬਿਮਾਰੀ ਦੇ ਅਤਿ-ਆਧੁਨਿਕ ਇਲਾਜ ਲਈ ਕੋਈ ਖਰਚਾ ਨਹੀਂ ਕਰਨਾ ਪੈਂਦਾ। ਉਨ੍ਹਾ ਦੱਸਿਆ ਕਿ ਪਿਛਲੇ 5 ਸਾਲਾਂ ਦੌਰਾਨ 26 ਹਜ਼ਾਰ ਤੋਂ ਵਧੇਰੇ ਮਰੀਜ਼ਾਂ ਦਾ ਇੱਥੇ ਸਫ਼ਲ ਇਲਾਜ਼ ਹੋ ਚੁੱਕਾ ਹੈ।
ਇਸ ਮੌਕੇ ਟਾਟਾ ਮੈਮੋਰੀਅਲ ਸੈਂਟਰ ਮੁੰਬਈ ਦੇ ਡਾਇਰੈਕਟਰ ਡਾ. ਆਰ.ਏ. ਬਡਵੇ ਨੇ ਪੰਜਾਬ ਸਰਕਾਰ ਅਤੇ ਕੈਬਨਿਟ ਮੰਤਰੀ ਸ਼੍ਰੀ ਵਿਜੈ ਇੰਦਰ ਸਿੰਗਲਾ ਦਾ ਇਸ ਉਪਰਾਲੇ ਪ੍ਰਤੀ ਧੰਨਵਾਦ ਕੀਤਾ। ਉਨ੍ਹਾਂ ਦੱਸਿਆ ਕਿ ਸ਼੍ਰੀ ਵਿਜੈ ਇੰਦਰ ਸਿੰਗਲਾ ਵੱਲੋਂ ਐਮ.ਪੀ. ਹੁੰਦੇ ਹੋਏ ਕੀਤੇ ਗਏ ਠੋਸ ਤੇ ਅਣਥੱਕ ਯਤਨਾਂ ਦੇ ਨਾਲ 30 ਬਿਸਤਰਿਆਂ ਦੀ ਸਮਰੱਥਾ ਵਾਲੇ ਹੋਮੀ ਭਾਬਾ ਕੈਂਸਰ ਹਸਪਤਾਲ ਦੀ ਸ਼ੁਰੂਆਤ ਸਾਲ 2013 ਵਿੱਚ ਓਦੋਂ ਦੇ ਪ੍ਰਧਾਨ ਮੰਤਰੀ ਡਾ ਮਨਮੋਹਨ ਸਿੰਘ ਦੀ ਅਗਵਾਈ ਹੇਠਲੀ ਸਰਕਾਰ ਵੱਲੋਂ ਟਾਟਾ ਮੈਮੋਰੀਅਲ ਸੈਂਟਰ ਮੁੰਬਈ ਅਤੇ ਪੰਜਾਬ ਸਰਕਾਰ ਦੇ ਸਾਂਝੇ ਉਦਮ ਸਦਕਾ ਕੀਤੀ ਗਈ ਸੀ। ਉਨ੍ਹਾਂ ਕਿਹਾ ਕਿ ਟਾਟਾ ਮੈਮੋਰੀਅਲ ਸੈਂਟਰ ਵਿੱਚ ਮਰੀਜ਼ਾਂ ਦੇ ਕੀਮਤੀ ਸਮੇਂ ਨੂੰ ਧਿਆਨ ਵਿੱਚ ਰੱਖਦੇ ਹੋਏ ਪੂਰੀ ਤਰ੍ਹਾਂ ਕੰਪਿਊਟਰਾਈਜ਼ਡ ਪ੍ਰਣਾਲੀ ਦਾ ਇਸਤੇਮਾਲ ਕੀਤਾ ਜਾਂਦਾ ਹੈ ਅਤੇ ਲੋੜਵੰਦ ਮਰੀਜ਼ਾਂ ਲਈ ਇਹ ਇੱਕ ਵੱਡੀ ਸੁਵਿਧਾ ਪ੍ਰਦਾਨ ਕਰ ਰਿਹਾ ਹੈ।
ਇਸ ਮੌਕੇ ਡਿਪਟੀ ਕਮਿਸ਼ਨਰ ਸੰਗਰੂਰ ਰਾਮਵੀਰ, ਡਾਇਰੈਕਟਰ ਹੋਮੀ ਭਾਬਾ ਕੈਂਸਰ ਹਸਪਤਾਲ ਅਤੇ ਰਿਸਰਚ ਸੈਂਟਰ ਡਾ. ਰਾਕੇਸ਼ ਕਪੂਰ, ਚੀਫ਼ ਇੰਜਨੀਅਰ ਪੀ.ਡਬਲਿਯੂ.ਡੀ. ਇੰਜ. ਐਨ ਆਰ. ਗੋਇਲ, ਐਚ.ਡੀ.ਐਫ.ਸੀ. ਬੈਂਕ ਦੇ ਉੱਤਰੀ-2 ਦੇ ਬ੍ਰਾਂਚ ਬੈਂਕਿੰਗ ਮੁਖੀ ਵਿਨੀਤ ਅਰੋੜਾ, ਡਾ. ਨਿਤਿਨ ਮਰਾਠੇ, ਡਾ. ਸੁਆਸ਼ ਕੁਲਕਰਨੀ, ਡਾ. ਰਾਹਤਦੀਪ ਸਿੰਘ ਬਰਾੜ, ਡਾ. ਸੰਕਲਪ ਸੰਚੇਤੀ ਅਤੇ ਡਾ. ਸ਼ਵੇਤਾ ਤਾਲਨ ਤੋਂ ਇਲਾਵਾ ਹਸਪਤਾਲ ਦਾ ਸਟਾਫ਼ ਤੇ ਹੋਰ ਪਤਵੰਤੇ ਹਾਜ਼ਰ ਸਨ।