ਦਸਵੀਂ ਅਤੇ ਬਾਰ੍ਹਵੀਂ ਦੇ ਸਰਟੀਫਿਕੇਟ ਦੀ ਹਾਰਡ ਕਾਪੀ ਲੈਣ ਦੇ ਨਾਂ ਹੇਠ ਵਿਦਿਆਰਥੀਆਂ ਤੋਂ ਤਿੰਨ ਸੌ ਰੁਪਏ ਵਸੂਲਣ ਦੀ ਨਿਖੇਧੀ ।
ਮਾਸਟਰ ਕਾਡਰ ਯੂਨੀਅਨ ਪੰਜਾਬ ਵੱਲੋਂ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਲਗਾਤਾਰ ਪਿਛਲੇ ਦੋ ਸਾਲਾਂ ਵਿੱਚ ਬਿਨਾਂ ਪ੍ਰੀਖਿਆਵਾਂ ਲਏ ਵੱਡੀ ਮਾਤਰਾ ਵਿੱਚ ਪ੍ਰੀਖਿਆ ਫੀਸਾਂ ਡਕਾਰ ਜਾਣ ਤੋਂ ਬਾਅਦ ਹੁਣ ਵਿਦਿਆਰਥੀਆਂ ਨੂੰ ਸਰਟੀਫਿਕੇਟ ਦੀ ਹਾਰਡ ਕਾਪੀ ਦੇਣ ਲਈ ਵੀ ਤਿੰਨ ਸੌ ਰੁਪਏ ਦੀ ਮੰਗ ਕਰ ਰਿਹਾ ਹੈ ।ਜੋ ਕਿ ਸਰਾਸਰ ਵਿਦਿਆਰਥੀਆਂ ਨਾਲ ਲੁੱਟ ਹੈ ।ਮਾਸਟਰ ਕਾਡਰ ਯੂਨੀਅਨ ਦੇ ਪ੍ਰਧਾਨ ਸਰਦਾਰ ਬਲਦੇਵ ਸਿੰਘ ਬੁੱਟਰ, ਸਰਪ੍ਰਸਤ ਸ. ਗੁਰਪ੍ਰੀਤ ਸਿੰਘ ਰਿਆੜ, ਵਸ਼ਿੰਗਟਨ ਸਿੰਘ ਸਮੀਰੋਵਾਲ ,ਬਲਜਿੰਦਰ ਸਿੰਘ ਧਾਲੀਵਾਲ ਅਤੇ ਸ੍ਰੀ ਮੁਕਤਸਰ ਸਾਹਿਬ ਦੇ ਜ਼ਿਲ੍ਹਾ ਪ੍ਰਧਾਨ ਸੁਖਰਾਜ ਸਿੰਘ ਬੁੱਟਰ ਵੱਲੋਂ ਕਿਹਾ ਗਿਆ ਕਿ ਪਿਛਲੇ ਦੋ ਸਾਲਾਂ ਵਿੱਚ ਪੰਜਾਬ ਸਕੂਲ ਸਿੱਖਿਆ ਬੋਰਡ ਵਿੱਚ ਵਿਦਿਆਰਥੀਆਂ ਤੋਂ ਬੋਰਡ ਪ੍ਰੀਖਿਆਵਾਂ ਦੇ ਨਾਮ ਤੇ ਵੱਡੀ ਰਕਮ ਵਸੂਲੀ ਕੀਤੀ ਗਈ ਹੈ ਜਦੋਂ ਕਿ ਪਿਛਲੇ ਦੋਹਾਂ ਸੈਸ਼ਨਾਂ ਦੀਆਂ ਬੋਰਡ ਵੱਲੋਂ ਕੋਈ ਪ੍ਰੀਖਿਆਵਾਂ ਨਹੀਂ ਕਰਾਈਆਂ ਗਈਆਂ ।ਇਸ ਲਈ ਪਿਛਲੇ ਦੋ ਸਾਲਾਂ ਦੀ ਫ਼ੀਸ ਵੀ ਵਾਪਸ ਕਰਨੀ ਬਣਦੀ ਹੈ । ਜਦੋਂ ਕਿ ਬੋਰਡ ਪਿਛਲੀਆਂ ਫੀਸਾਂ ਵਾਪਸ ਕਰਨ ਦੀ ਜਗ੍ਹਾ ਤੇ ਵਿਦਿਆਰਥੀਆਂ ਤੋਂ ਤਿੱਨ ਸੌ ਰੁਪਏ ਪ੍ਰਤੀ ਵਿਦਿਆਰਥੀ ਸਰਟੀਫਿਕੇਟ ਦੀ ਹਾਰਡ ਕਾਪੀ ਲੈਣ ਲਈ ਹੋਰ ਮੰਗ ਕਰ ਰਿਹਾ ਹੈ ਜੋ ਕਿ ਸਰਾਸਰ ਵਿਦਿਆਰਥੀਆਂ ਨਾਲ ਧੱਕਾ ਹੈ । ਸ੍ਰੀ ਮੁਕਤਸਰ ਸਾਹਿਬ ਦੇ ਸਰਪ੍ਰਸਤ ਕੁਲਜੀਤ ਸਿੰਘ ਮਾਨ , ਜਨਰਲ ਸਕੱਤਰ ਹਰਪਾਲ ਸਿੰਘ, ਸੀਨੀਅਰ ਮੀਤ ਪ੍ਰਧਾਨ ਗੁਰਸੇਵਕ ਸਿੰਘ ਬਰਾੜ, ਗੁਰਮੀਤ ਸਿੰਘ ਗਿੱਲ,ਗੁਰਦੀਪ ਸਿੰਘ, ਦਲਜੀਤ ਸਿੰਘ ,ਕੁਲਦੀਪ ਸਿੰਘ ,ਹਰਕੇਵਲ ਸਿੰਘ ਸੁਖਮੰਦਰ ਸਿੰਘ ਚੰਨੂ ਹਰਜੀਤ ਸਿੰਘ ਮਧੀਰ ,ਗੁਰਕ੍ਰਿਪਾਲ ਸਿੰਘ ਅਤੇ ਮਨਜੀਤ ਸਿੰਘ ਨੇ ਕਿਹਾ ਕਿ ਅਸੀਂ ਮੰਗ ਕਰਦੇ ਹਾਂ ਕੇ ਬੋਰਡ ਵਿਦਿਆਰਥੀਆਂ ਨੂੰ ਪਿਛਲੇ ਦੋ ਸਾਲਾਂ ਦੀ ਫੀਸ ਵਾਪਸ ਕਰੇ ਅਤੇ ਸਰਟੀਫਿਕੇਟਾਂ ਦੀਆਂ ਹਾਰਡ ਕਾਪੀਆਂ ਬਿਨਾਂ ਕੋਈ ਰਕਮ ਵਸੂਲ ਕੀਤੀਆਂ ਪ੍ਰਦਾਨ ਕਰਾਏ ਨਹੀਂ ਤਾਂ ਆਉਣ ਵਾਲੇ ਦਿਨਾਂ ਵਿੱਚ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੇ ਦਫ਼ਤਰ ਦਾ ਘਿਰਾਓ ਕੀਤਾ ਜਾਵੇਗਾ ।