ਅੱਜ 4 ਜੂਨ ਸ਼ੁੱਕਰਵਾਰ ਸਵੇਰ ਹੁਸ਼ਿਆਰਪੁਰ, ਨਵਾਂਸ਼ਹਿਰ, ਨੰਗਲ, ਆਨੰਦਪੁਰ ਸਾਹਿਬ, ਲੁਧਿਆਣਾ ਪੂਰਬੀ ਤੇ ਜਲੰਧਰ ਦੇ ਕੁਝ ਹਿੱਸਿਆਂ ਚ ਪ੍ਰੀ-ਮਾਨਸੂਨ ਦੀ ਚੰਗੀ ਬਰਸਾਤ ਦਰਜ ਹੋਈ। ਕੇਂਦਰੀ ਪੰਜਾਬ ਤੇ ਦੁਆਬਾ ਲਾਗੇ ਅਨੁਕੂਲ ਖੇਤਰੀ ਸਥਿਤੀਆਂ ਕਾਰਨ ਪੈਦਾ ਹੋਏ ਹਵਾਵਾਂ ਦੇ ਚੱਕਰਵਾਤ ਨਾਲ, ਮੁੜ ਮੁੜ ਮੀਂਹ ਡਿੱਗਿਆ। ਨੰਗਲ, ਆਨੰਦਪੁਰ ਸਾਹਿਬ ਤੇ ਨਾਲ ਲਗਦੇ ਇਲਾਕਿਆਂ ਚ ਰਿਪੋਰਟ ਲਿਖਣ ਸਮੇਂ ਵੀ ਬਰਸਾਤ ਜਾਰੀ ਹੈ। ਹਾਲਾਂਕਿ ਆਗਾਮੀ ਦਿਨੀ ਸਮੁੱਚੇ ਸੂਬੇ ਚ ਹੁਣ ਪਾਰਾ ਵਧਣ ਦੀ ਉਮੀਦ ਹੈ।
ਜਿਕਰਯੋਗ ਹੈ ਕਿ ਗੁਜਰੇ ਦਹਾਕੇ ਦਾ ਸਭ ਤੋਂ ਗਰਮ ਫਰਬਰੀ-ਮਾਰਚ ਤੋਂ ਬਾਅਦ, ਪੰਜਾਬ ਚ ਸਭ ਤੋਂ ਠੰਢਾ(ਅਪ੍ਰੈਲ, ਮਈ, ਜੂਨ) ਪ੍ਰੀ ਮਾਨਸੂਨ ਸੀਜਨ ਜਾਰੀ ਹੈ। ਜਿੱਥੇ ਮਈ ਦੇ ਆਖਰੀ ਹਫਤੇ ਲੂ ਦਾ ਦੌਰ ਦੇਖਿਆ ਗਿਆ। ਮੌਜੂਦਾ ਸਥਿਤੀ ਅੱਗੇ ਵੀ ਜਾਰੀ ਰਹਿਣ ਦੀ ਉਮੀਦ ਹੈ। ਪੱਛਮੀ ਸਰਹੱਦੀ ਜਿਲਿਆਂ ਤੋਂ ਇਲਾਵਾ ਸੂਬੇ ਚ ਪਾਰੇ ਦੇ 45° ਤੱਕ ਪੁੱਜਣ ਦੀ ਉਮੀਦ ਘੱਟ ਹੈ।