ਨਵੇਂ ਪਦ-ਉੱਨਤ ਹੋਏ ਅੰਗਰੇਜ਼ੀ ਲੈਕਚਰਾਰਾਂ ਦੀ 4 ਰੋਜ਼ਾ ਰਾਜ ਪੱਧਰੀ ਇੰਡਕਸ਼ਨ ਟ੍ਰੇਨਿੰਗ ਹੋਈ ਮੁਕੰਮਲ
ਐੱਸ.ਏ.ਐੱਸ.ਨਗਰ 6 ਜੂਨ ( ਪ੍ਰਮੋਦ ਭਾਰਤੀ) ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਅਤੇ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਦੀ ਰਹਿਨੁਮਾਈ ਵਿੱਚ ਨਵੇਂ ਪਦ-ਉੱਨਤ ਹੋਏ ਦੋ ਸੌ ਤੋਂ ਵੱਧ ਅੰਗਰੇਜ਼ੀ ਲੈਕਚਰਾਰਾਂ ਦੀ 2 ਜੂਨ ਤੋਂ ਸ਼ੁਰੂ ਹੋਈ ਚਾਰ ਰੋਜ਼ਾ ਇੰਡਕਸ਼ਨ ਟ੍ਰੇਨਿੰਗ ਅੱਜ ਮੁਕੰਮਲ ਹੋ ਗਈ।
ਸਿੱਖਿਆ ਸਕੱਤਰ ਵੱਲੋਂ ਪਹਿਲੇ ਦਿਨ ਟ੍ਰੇਨਿੰਗ ਦਾ ਆਗਾਜ਼ ਕਰਦੇ ਹੋਏ ਸਾਰੇ ਪਦ-ਉੱਨਤ ਲੈਕਚਰਾਰਾਂ ਨੂੰ ਵਧਾਈਆਂ ਦਿੱਤੀਆਂ ਗਈਆਂ ਅਤੇ ਅੰਗਰੇਜ਼ੀ ਦੀਆਂ ਚਾਰ ਸਕਿੱਲਜ਼ ਜਿਵੇਂ ਕਿ ਲਿਸਨਿੰਗ, ਸਪੀਕਿੰਗ, ਰੀਡਿੰਗ ਅਤੇ ਰਾਈਟਿੰਗ ਨੂੰ ਪੜ੍ਹਾਉਣ ਦੀ ਮਹੱਤਤਾ ਦੱਸਦੇ ਹੋਏ ਸਪੀਕਿੰਗ ਸਕਿੱਲ ਉਤੇ ਵਿਸ਼ੇਸ਼ ਧਿਆਨ ਦੇਣ ਲਈ ਪ੍ਰੇਰਿਆ ਗਿਆ। ਉਨ੍ਹਾਂ ਕਿਹਾ ਕਿ ਸਮੇਂ ਦੇ ਨਾਲ-ਨਾਲ ਇੱਕ ਅਧਿਆਪਕ ਨੂੰ ਨਵੇਂ-ਨਵੇਂ ਢੰਗ ਤਰੀਕੇ ਅਪਣਾ ਕੇ ਪੜ੍ਹਨ-ਪੜ੍ਹਾਉਣ ਦੀ ਪ੍ਰਕਿਰਿਆ ਨੂੰ ਰੌਚਕ ਬਣਾਉਣਾ ਚਾਹੀਦਾ ਹੈ।
ਜਗਤਾਰ ਸਿੰਘ ਕੁਲੜੀਆ ਡਾਇਰੈਕਟਰ ਐਸ.ਸੀ.ਈ.ਆਰ.ਟੀ. ਪੰਜਾਬ ਨੇ ਵੀ ਇਨ੍ਹਾਂ ਸਭ ਲੈਕਚਰਾਰਾਂ ਨੂੰ ਵਧਾਈ ਦਿੰਦੇ ਹੋਏ ਆਉਣ ਵਾਲੇ ਸਮੇਂ ਵਿੱਚ ਦਰਪੇਸ਼ ਚੁਣੌਤੀਆਂ ਦਾ ਡਟ ਕੇ ਸਾਹਮਣਾ ਕਰਨ ਲਈ ਪ੍ਰੇਰਿਆ।
ਇਸ ਸਿਖਲਾਈ ਵਿੱਚ ਸਲਿੰਦਰ ਸਿੰਘ ਸਹਾਇਕ ਡਾਇਰੈਕਟਰ (ਟ੍ਰੇਨਿੰਗਾਂ) ਵੀ ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ । ਉਨ੍ਹਾਂ ਆਪਣੇ ਪ੍ਰੇਰਨਾਦਾਇਕ ਸ਼ਬਦਾਂ ਨਾਲ ਸਾਰਿਆਂ ਨੂੰ ਜੋਸ਼ ਅਤੇ ਜਜ਼ਬੇ ਨਾਲ ਭਰ ਦਿੱਤਾ । ਉਨ੍ਹਾਂ ਕਿਹਾ ਕਿ ਉਹ ਦਿਨ ਦੂਰ ਨਹੀਂ ਜਦੋਂ ਸਰਕਾਰੀ ਸਕੂਲ ਹਰ ਤਰ੍ਹਾਂ ਦੀ ਚੁਣੌਤੀ ਨੂੰ ਪਾਰ ਕਰਦੇ ਹੋਏ ਸਰਵੋਤਮ ਸਾਬਤ ਹੋਣਗੇ।
ਸ੍ਰੀਮਤੀ ਵਰਿੰਦਰ ਕੌਰ ਸੇਖੋਂ ਸਟੇਟ ਰਿਸੋਰਸ ਪਰਸਨ ਅਤੇ ਚੰਦਰਸ਼ੇਖਰ ਸਟੇਟ ਰਿਸੋਰਸ ਪਰਸਨ ਵੱਲੋਂ 2 ਜੂਨ ਤੋਂ 5 ਜੂਨ ਤੱਕ ਆਯੋਜਿਤ ਕਰਵਾਈ ਗਈ ਇਸ ਚਾਰ ਰੋਜ਼ਾ ਟ੍ਰੇਨਿੰਗ ਵਿੱਚ ਨੌਂ ਰਿਸੋਰਸ ਪਰਸਨਜ਼ ਵੱਲੋਂ ਲੈਕਚਰਾਰਾਂ ਨੂੰ ਅਹਿਮ ਵਿਸ਼ਿਆਂ ਤੇ ਟ੍ਰੇਨਿੰਗ ਦਿੱਤੀ ਗਈ।
ਸਿਖਲਾਈ ਦੌਰਾਨ ਜਲੰਧਰ ਜ਼ਿਲ੍ਹੇ ਦੇ ਜ਼ਿਲ੍ਹਾ ਮੈਂਟਰ ਅੰਗਰੇਜ਼ੀ ਸ਼ਰਨਜੀਤ ਸਿੰਘ ਵੱਲੋਂ ਵਿਭਾਗ ਵਿੱਚ ਵਿਸ਼ੇਸ਼ ਤੌਰ ਤੇ ਚੱਲ ਰਹੇ ਸਪੋਕਨ ਇੰਗਲਿਸ਼ ਦੇ ਪ੍ਰਾਜੈਕਟ ਈ.ਬੀ.ਸੀ. ਬਾਰੇ ਵਿਸਥਾਰ ਨਾਲ ਦੱਸਿਆ ਗਿਆ। ਸ਼੍ਰੀਮਤੀ ਵਰਿੰਦਰ ਕੌਰ ਸੇਖੋਂ, ਸ੍ਰੀਮਤੀ ਅਨੁਰਾਗ ਸਿੱਧੂ, ਸ਼੍ਰੀਮਤੀ ਹਰਪ੍ਰੀਤ ਕੌਰ, ਸ੍ਰੀਮਤੀ ਫ਼ਰਜ਼ਾਨਾ ਸ਼ਮੀਮ, ਦੀਪਕ ਸ਼ਰਮਾ, ਰੋਹਿਤ ਸਿੰਘ ਸੈਣੀ, ਸ਼ਕਤੀ ਕੁਮਾਰ, ਜਤਿੰਦਰ ਕੈਂਥ ਅਤੇ ਸ੍ਰੀਮਤੀ ਯੋਗਿਤਾ ਜੋਸ਼ੀ ਨੇ ਬਤੌਰ ਰਿਸੋਰਸ ਪਰਸਨ ਸੇਵਾ ਨਿਭਾਈ। ਇਸ ਟ੍ਰੇਨਿੰਗ ਦੌਰਾਨ ਵਿਭਾਗ ਵਿੱਚ ਚੱਲ ਰਹੇ ਵੱਖ ਵੱਖ ਪ੍ਰੋਗਰਾਮਾਂ ਦੀ ਜਾਣਕਾਰੀ ਤੋਂ ਇਲਾਵਾ ਫੋਨੈਟਿਕਸ, ਲਿਸਨਿੰਗ, ਸਪੀਕਿੰਗ, ਰੀਡਿੰਗ, ਰਾਈਟਿੰਗ ਟੀਚਿੰਗ ਆਫ ਪਰੋਜ਼ , ਟੀਚਿੰਗ ਆਫ਼ ਪੋਇਟਰੀ, ਏਨਰਜਾਇਜਰਜ਼ ਅਤੇ ਟੀਚਿੰਗ ਆਫ਼ ਗਰਾਮਰ ਵਿਸ਼ਿਆਂ ਨਾਲ ਸਬੰਧਿਤ ਵਿਸ਼ੇਸ਼ ਐਕਟੀਵਿਟੀ ਓਰੀਐਂਟਿਡ ਸੈਸ਼ਨ ਲਗਾਏ ਗਏ। ਸਿਖਲਾਈ ਪ੍ਰਾਪਤ ਕਰ ਰਹੇ ਲੈਕਚਰਾਰਾਂ ਨੂੰ ਵੱਖ-ਵੱਖ ਐਕਟੀਵਿਟੀਜ਼ ਦੁਆਰਾ ਟ੍ਰੇਨਿੰਗ ਪ੍ਰਦਾਨ ਕਰਦਿਆਂ ਨਵੀਂਆਂ ਤਕਨੀਕਾਂ ਸਿਖਾਈਆਂ ਗਈਆਂ ਤਾਂ ਜੋ ਆਉਣ ਵਾਲੇ ਸਮੇਂ ਵਿੱਚ ਉਹ ਵਿਦਿਆਰਥੀਆਂ ਨੂੰ ਪੜ੍ਹਾਉਣ ਲਈ ਆਪਣੇ ਢੰਗ-ਤਰੀਕਿਆਂ ਨੂੰ ਨਵਾਂ ਰੂਪ ਦੇ ਸਕਣ। ਟ੍ਰੇਨਿੰਗ ਦੇ ਆਖ਼ਰੀ ਦਿਨ ਸਾਰੇ ਜ਼ਿਲ੍ਹਿਆਂ ਦੇ ਜ਼ਿਲ੍ਹਾ ਇੰਚਾਰਜਾਂ ਅਤੇ ਜ਼ਿਲ੍ਹਾ ਰਿਸੋਰਸ ਪਰਸਨਾਂ ਨਾਲ ਵੀ ਇਹਨਾਂ ਲੈਕਚਰਾਰਾਂ ਦਾ ਤਾਅਰੁਫ਼ ਕਰਵਾਇਆ ਗਿਆ ਤਾਂ ਜੋ ਜ਼ਿਲਾ ਪੱਧਰ ਤੇ ਵੀ ਇਨ੍ਹਾਂ ਲੈਕਚਰਾਰਾਂ ਨੂੰ ਲਗਾਤਾਰ ਯੋਗ ਅਗਵਾਈ ਦਿੱਤੀ ਜਾ ਸਕੇ।
ਇਸ ਟ੍ਰੇਨਿੰਗ ਦੇ ਅਖੀਰਲੇ ਦਿਨ ਸ਼੍ਰੀਮਤੀ ਵਰਿੰਦਰ ਕੌਰ ਸੇਖੋਂ, ਸਟੇਟ ਰਿਸੋਰਸ ਪਰਸਨ ਨੇ ਸਭ ਦਾ ਧੰਨਵਾਦ ਕਰਦੇ ਹੋਏ ਭਰੋਸਾ ਦਿਵਾਇਆ ਕਿ ਭਵਿੱਖ ਵਿੱਚ ਅਜਿਹੀਆਂ ਸ਼ਾਰਟ ਟਰਮ ਟਰੇਨਿੰਗਾਂ ਲਾ ਕੇ ਲਗਾਤਾਰ ਲੈਕਚਰਾਰਾਂ ਨੂੰ ਯੋਗ ਅਗਵਾਈ ਦਿੱਤੀ ਜਾਂਦੀ ਰਹੇਗੀ। ਸਾਰੇ ਹੀ ਟ੍ਰੇਨੀਜ਼ ਵੱਲੋਂ ਪੂਰੇ ਜੋਸ਼ੋ-ਖ਼ਰੋਸ਼ ਨਾਲ ਇਸ ਟ੍ਰੇਨਿੰਗ ਵਿੱਚ ਵੱਧ-ਚਡ਼੍ਹ ਕੇ ਹਿੱਸਾ ਲਿਆ ਗਿਆ ਅਤੇ ਇਹ ਟ੍ਰੇਨਿੰਗ ਯਾਦਗਾਰ ਹੋ ਨਿੱਬੜੀ ।