ਸਕੂਲ ਸਿੱਖਿਆ ਦੇ ਖੇਤਰ ‘ਚ ਦੇਸ਼ ਦਾ ਅੱਵਲ ਨੰਬਰ ਸੂਬਾ ਬਣਨ ‘ਤੇ ਵਿੱਦਿਅਕ ਹਲਕਿਆਂ ‘ਚ ਖੁਸ਼ੀ ਦੀ ਲਹਿਰ
ਲੁਧਿਆਣਾ, 8 ਜੂਨ (ਦਵਿੰਦਰ ਸਿੰਘ ਛੀਨਾ) - ਕੇਂਦਰ ਸਰਕਾਰ ਵੱਲੋਂ ਸਕੂਲ ਸਿੱਖਿਆ ਦੇ ਖੇਤਰ ‘ਚ ਕੀਤੀ ਗਈ ਤਾਜ਼ਾ ਦਰਜ਼ਾਬੰਦੀ (ਪਰਫਾਰਮੈਂਸ ਗਰੇਡਿੰਗ ਇੰਡੈਕਸ) ਤਹਿਤ ਦੇਸ਼ ਭਰ ‘ਚੋਂ ਪੰਜਾਬ ਵੱਲੋਂ ਪਹਿਲਾ ਸਥਾਨ ਹਾਸਿਲ ਕਰਨ ਨਾਲ ਵਿੱਦਿਅਕ ਹਲਕਿਆਂ ‘ਚ ਖੁਸ਼ੀ ਦੀ ਲਹਿਰ ਦੌੜ ਗਈ ਹੈ। ਇਸ ਵੱਡੀ ਪ੍ਰਾਪਤੀ ਨਾਲ ਰਾਜ ਦੇ ਸਕੂਲ ਸਿੱਖਿਆ ਵਿਭਾਗ ਨਾਲ ਜੁੜਿਆ ਹਰ ਸ਼ਖਸ਼ ਮਾਣ ਮਹਿਸੂਸ ਕਰਨ ਲੱਗਿਆ ਹੈ। ਇਸ ਸਬੰਧੀ ਜਿਲ੍ਹਾ ਸਿੱਖਿਆ ਅਫਸਰ (ਸੈ.ਸਿੱ.) ਲਖਵੀਰ ਸਿੰਘ ਸਮਰਾ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਦੀ ਸਰਪ੍ਰਸਤੀ ‘ਚ ਸਕੂਲ ਸਿੱਖਿਆ ਵਿਭਾਗ ਪੰਜਾਬ ਵੱਲੋਂ ਪਿਛਲੇ ਕੁਝ ਸਾਲਾਂ ਤੋਂ ਜੋ ਵੱਡੇ ਉਪਰਾਲੇ ਕੀਤੇ ਜਾ ਰਹੇ ਸਨ, ਉਨ੍ਹਾਂ ਦੀ ਬਦੌਲਤ ਪੰਜਾਬ ਦੇਸ਼ ਭਰ ‘ਚੋਂ ਪਹਿਲੇ ਸਥਾਨ ‘ਤੇ ਆਇਆ ਹੈ। ਇਸ ਪ੍ਰਾਪਤੀ ਨੇ ਵਿਭਾਗ ‘ਚ ਨਵਾਂ ਉਤਸ਼ਾਹ ਭਰ ਦਿੱਤਾ ਹੈ।
ਜਿਲ੍ਹਾ ਸਿੱਖਿਆ ਅਫਸਰ (ਐਲੀ.ਸਿੱ.) ਮੈਡਮ ਜਸਵਿੰਦਰ ਕੌਰ ਦਾ ਕਹਿਣਾ ਹੈ ਕਿ ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਦੀ ਅਗਵਾਈ ‘ਚ ਵਿਭਾਗ ਦੇ ਉੱਚ ਅਧਿਕਾਰੀਆਂ ਦੀ ਯੋਜਨਾਬੰਦੀ, ਸਕੂਲ ਮੁਖੀਆਂ ਦੀ ਵਧੀਆ ਅਗਵਾਈ ਤੇ ਅਧਿਆਪਕਾਂ ਦੀ ਸਖਤ ਮਿਹਨਤ ਸਦਕਾ ਪੰਜਾਬ ਨੂੰ ਇਹ ਕੌਮੀ ਪੱਧਰ ਦੀ ਪ੍ਰਾਪਤੀ ਹੋਈ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਪਿਛਲੇ ਸਮੇਂ ਦੌਰਾਨ ਰਾਜ ਦੇ ਸਕੂਲੀ ਢਾਂਚੇ ‘ਚ ਆਏ ਬਦਲਾਅ ‘ਤੇ ਮੋਹਰ ਲਗਾ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਉਹ ਇਸ ਇਤਿਹਾਸਿਕ ਪ੍ਰਾਪਤੀ ਦਾ ਹਿੱਸਾ ਬਣਨ ‘ਤੇ ਮਾਣ ਮਹਿਸੂਸ ਕਰਦੇ ਹਨ। ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਸ਼ਾਹਪੁਰ ਦੇ ਪ੍ਰਿੰਸੀਪਲ ਡਾ. ਦਵਿੰਦਰ ਸਿੰਘ ਛੀਨਾ ਦਾ ਕਹਿਣਾ ਹੈ ਕਿ ਸਕੱਤਰ ਸਕੂਲ ਸਿੱਖਿਆ ਕ੍ਰਿਸ਼ਨ ਕੁਮਾਰ ਦੀ ਦੇਖ-ਰੇਖ ‘ਚ ਪੰਜਾਬ ਦੇ ਸਕੂਲੀ ਢਾਂਚੇ ਨੂੰ ਹਰ ਪੱਖੋਂ ਸਮੇਂ ਦੇ ਹਾਣ ਦਾ ਬਣਾਉਣ ਲਈ ਕੀਤੇ ਗਏ ਉਪਰਾਲਿਆ ਨਾਲ ਪੰਜਾਬ ਦਾ ਵਿੱਦਿਅਕ ਖੇਤਰ ‘ਚ ਸਿਰ ਉੱਚਾ ਹੋਇਆ ਹੈ ਅਤੇ ਸਰਕਾਰੀ ਸਕੂਲਾਂ ਦੇ ਅਧਿਆਪਕਾਂ, ਮਾਪਿਆਂ ਤੇ ਵਿਦਿਆਰਥੀਆਂ ‘ਚ ਰਾਜ ਦਾ ਵਿੱਦਿਅਕ ਖੇਤਰ ‘ਚ ਦੇਸ਼ ਦਾ ਅੱਵਲ ਨੰਬਰ ਸੂਬਾ ਬਣਨ ਨਾਲ, ਹੋਰ ਜੋਸ਼ ਪੈਦਾ ਹੋ ਗਿਆ ਹੈ। ਕੌਮੀ ਪੁਰਸਕਾਰ ਜੇਤੂ ਅਧਿਆਪਕ ਸ. ਕਿਰਨਦੀਪ ਸਿੰਘ ਟਿਵਾਣਾ ਦਾ ਕਹਿਣਾ ਹੈ ਕਿ ਉਸ ਨੂੰ ਦੋ ਸਾਲ ਪਹਿਲਾ ਮਿਲੇ ਕੌਮੀ ਪੁਰਸਕਾਰ ਮੌਕੇ ਜੋ ਖੁਸ਼ੀ ਹੋਈ ਸੀ, ਹੁਣ ਪੰਜਾਬ ਦੇ ਦੇਸ਼ ਭਰ ‘ਚੋਂ ਮੋਹਰੀ ਸੂਬਾ ਬਣਨ ‘ਤੇ ਉਸ ਤੋਂ ਚੌਗੁਣੀ ਖੁਸ਼ੀ ਹੋਈ ਹੈ ਕਿਉਂਕਿ ਇਹ ਸਿੱਖਿਆ ਵਿਭਾਗ ਨਾਲ ਜੁੜੇ ਹਰ ਸਖਸ਼ ਲਈ ਵੱਡਾ ਪੁਰਸਕਾਰ ਹੈ।
ਪ੍ਰਿੰਸੀਪਲ ਨਰਿੰਦਰ ਕੌਰ ਰਛੀਨ ਸਕੂਲ, ਪ੍ਰਿੰਸੀਪਲ ਡਾ. ਸਮ੍ਰਿਤੀ ਭਾਰਗਵ ਗਿੱਲ (ਲੜਕੀਆਂ), ਪ੍ਰਿੰਸੀਪਲ ਹਰਦੀਪ ਕੌਰ ਲਹਿਲ, ਪ੍ਰਿੰਸੀਪਲ ਸੁਰਿੰਦਰ ਕੌਰ ਘੁਡਾਣੀ ਕਲਾਂ, ਪ੍ਰਿੰਸੀਪਲ ਕਰਮਜੀਤ ਕੌਰ ਪਾਇਲ, ਪ੍ਰਿੰਸੀਪਲ ਹਰਵਿੰਦਰ ਰੂਪਰਾਇ ਦੋਰਾਹਾ, ਪ੍ਰਿੰਸੀਪਲ ਸੰਜੀਵ ਥਾਪਰ ਪੀਏਯੂ ਸਕੂਲ, ਪ੍ਰਿੰਸੀਪਲ ਚਰਨਜੀਤ ਕੌਰ ਹੰਬੜਾਂ ਸਕੂਲ, ਪ੍ਰਿੰਸੀਪਲ ਹਰਮੀਤ ਸਿੰਘ ਭਾਟੀਆ, ਪ੍ਰਿੰਸੀਪਲ ਬਲਵਿੰਦਰ ਸਿੰਘ ਗਰੇਵਾਲ ਡੇਹਲੋਂ ਸਕੂਲ, ਪ੍ਰਿੰਸੀਪਲ ਤਕਸੀਨ ਅਖ਼ਤਰ ਸਿਮੀਟਰੀ ਰੋਡ ਸਕੂਲ, ਪ੍ਰਿੰਸੀਪਲ ਹਰਨੇਕ ਸਿੰਘ ਲਿਬੜਾ, ਪ੍ਰਿੰਸੀਪਲ ਬਲਦੇਵ ਸਿੰਘ ਸਰਾਭਾ ਸਕੂਲ, ਮੁੱਖ ਅਧਿਆਪਕਾ ਹਰਲੀਨ ਕੌਰ ਜਸਪਾਲ ਬਾਂਗੜ, ਇੰਚਾਰਜ ਮਨਜਿੰਦਰ ਸਿੰਘ ਮੁਸ਼ਕਾਬਾਦ ਸਕੂਲ, ਮੁੱਖ ਅਧਿਆਪਕਾ ਫਲੋਰੈਂਸ, ਇੰਚਾਰਜ ਨਵਜੋਤ ਸ਼ਰਮਾ ਅਤੇ ਹੋਰਨਾਂ ਨੇ ਵੀ ਪੰਜਾਬ ਸਕੂਲ ਸਿੱਖਿਆ ਵਿਭਾਗ ਦੀ ਇਸ ਪ੍ਰਾਪਤੀ ਉੱਤੇ ਖੁਸ਼ੀ ਪ੍ਰਗਟਾਈ ਹੈ ਅਤੇ ਸਿੱਖਿਆ ਵਿਭਾਗ ਦੀ ਇਸ ਪ੍ਰਾਪਤੀ ਨੂੰ ਇਤਿਹਾਸਕ ਕਰਾਰ ਦਿੱਤਾ ਹੈ।