ਦਫ਼ਤਰ ਜ਼ਿਲਾ ਲੋਕ ਸੰਪਰਕ ਅਫ਼ਸਰ, ਬਠਿੰਡਾ
ਮਨਪ੍ਰੀਤ ਬਾਦਲ ਨੇ ਕੋਵਿਡ ਕੇਅਰ ਸੈਂਟਰ ਦਾ ਦੌਰਾ ਕਰਕੇ ਪ੍ਰਬੰਧਾਂ ਦਾ ਲਿਆ ਜਾਇਜ਼ਾ
ਕਿਹਾ, ਮਰੀਜ਼ਾਂ ਦੇ ਮੁਫ਼ਤ ਇਲਾਜ ਲਈ ਜਲਦ ਸ਼ੁਰੂ ਹੋਵੇਗਾ ਬਠਿੰਡਾ ਕੋਵਿਡ ਕੇਅਰ ਸੈਂਟਰ
20 ਆਕਸੀਜਨ ਕੰਨਸਨਟ੍ਰੇਟਰ ਕਰਵਾਏ ਮੁਹੱਈਆ
30 ਲੱਖ ਰੁਪਏ ਦਾ ਚੈੱਕ ਕੀਤਾ ਭੇਂਟ
#ਬਠਿੰਡਾ, 19 ਮਈ : ਕਰੋਨਾ ਮਹਾਂਮਾਰੀ ਨਾਲ ਨਜਿੱਠਣ ਲਈ ਬਠਿੰਡਾ ਵਾਸੀਆਂ ਨੂੰ ਕਿਸੇ ਤਰਾਂ ਦੀ ਕੋਈ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ। ਕਰੋਨਾ ਪ੍ਰਭਾਵਿਤ ਮਰੀਜ਼ਾਂ ਦੇ ਮੁਫ਼ਤ ਇਲਾਜ ਲਈ ਜ਼ਿਲਾ ਪ੍ਰਸਾਸ਼ਨ ਦੇ ਸਹਿਯੋਗ ਨਾਲ ਇੱਥੋਂ ਦੀਆਂ ਕਰੀਬ 24 ਵੱਖ-ਵੱਖ ਸਮਾਜ ਸੇਵੀ ਸੰਸਥਾਵਾਂ ਵੱਲੋਂ ਬਣਾਇਆ ਜਾ ਰਿਹਾ ਬਠਿੰਡਾ ਕੋਵਿਡ ਕੇਅਰ ਸੈਂਟਰ ਜਲਦ ਹੀ ਕੰਮ ਕਰਨਾ ਸ਼ੁਰੂ ਕਰ ਦੇਵੇਗਾ। ਇਹ ਜਾਣਕਾਰੀ ਵਿੱਤ ਮੰਤਰੀ ਪੰਜਾਬ ਸ. ਮਨਪ੍ਰੀਤ ਸਿੰਘ ਬਾਦਲ ਨੇ ਇੱਥੋਂ ਦੇ ਮੈਰੀਟੋਰੀਅਸ ਸਕੂਲ ਵਿੱਚ ਬਣਾਏ ਜਾ ਰਹੇ ਬਠਿੰਡਾ ਕੋਵਿਡ ਕੇਅਰ ਸੈਂਟਰ ਦਾ ਦੌਰਾ ਕਰਨ ਉਪਰੰਤ ਦਿੱਤੀ। ਇਸ ਮੌਕੇ ਉਨਾਂ ਵੱਲੋਂ ਇਸ ਕੋਵਿਡ ਕੇ ਅਰ ਸੈਂਟਰ ਦੀ ਮਦਦ ਲਈ 30 ਲੱਖ ਰੁਪਏ ਦੀ ਸਹਾਇਤਾ ਰਾਸ਼ੀ ਦਾ ਚੈੱਕ ਵੀ ਭੇਂਟ ਕੀਤਾ। ਇਸ ਮੌਕੇ ਉਨਾਂ ਵੱਲੋਂ ਕੋਵਿਡ ਕੇਅਰ ਸੈਂਟਰ ਲਈ 20 ਆਕਸੀਜਨ ਕੰਨਸਨਟ੍ਰੇਟਰ ਵੀ ਮੌਕੇ 'ਤੇ ਮੁਹੱਈਆ ਕਰਵਾਏ ਗਏ ਅਤੇ ਹੋਰ ਲੋੜੀਂਦੇ ਕੰਨਸਨਟ੍ਰੇਟਰ ਵੀ ਜਲਦ ਮੁਹੱਈਆ ਕਰਵਾਏ ਜਾਣਗੇ।
ਇਸ ਦੌਰਾਨ ਵਿੱਤ ਮੰਤਰੀ ਸ. ਮਨਪ੍ਰੀਤ ਸਿੰਘ ਬਾਦਲ ਨੇ ਕਰੋਨਾ ਵਰਗੀ ਭਿਆਨਕ ਮਹਾਂਮਾਰੀ ਦੇ ਚਲਦਿਆਂ ਬਠਿੰਡਾ ਸ਼ਹਿਰ ਦੀਆਂ ਸਮਾਜ ਸੇਵੀ ਸੰਸਥਾਵਾਂ ਵੱਲੋਂ ਕੀਤੇ ਜਾ ਰਹੇ ਇਸ ਵਡਮੁੱਲੇ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਸਮਾਜ ਸੇਵੀਆਂ ਦੀ ਨਿਸ਼ਕਾਮ ਸੇਵਾ ਨੂੰ ਉਹ ਕਦੇ ਵੀ ਭੁਲਾ ਨਹੀਂ ਸਕਦੇ। ਬਠਿੰਡਾ ਦੇ ਸਮਾਜ ਸੇਵੀਆਂ ਨੂੰ ਮਹਾਨ ਦੱਸਦਿਆਂ ਉਨਾਂ ਕਿਹਾ ਕਿ ਇਸ ਕੋਵਿਡ ਕੇਅਰ ਸੈਂਟਰ ਵਿੱਚ ਮਰੀਜ਼ਾਂ ਲਈ ਮੁਫ਼ਤ ਇਲਾਜ ਤੇ ਖਾਣੇ ਦਾ ਪ੍ਰਬੰਧ ਹੋਵੇਗਾ। ਇੱਥੇ ਹਾਲ ਦੀ ਘੜੀ ਲੈਵਲ 2 ਦੇ 50 ਬੈੱਡ ਸਥਾਪਿਤ ਕੀਤੇ ਜਾ ਰਹੇ ਹਨ।
ਇਸ ਮੌਕੇ ਵਿੱਤ ਮੰਤਰੀ ਨੇ ਇਹ ਵੀ ਦੱਸਿਆ ਕਿ ਬਠਿੰਡਾ ਵਾਸੀਆਂ ਦੀ ਸੁਰੱਖਿਆ ਲਈ ਜੇਕਰ ਇਸ ਕੋਵਿਡ ਕੇਅਰ ਸੈਂਟਰ ਲਈ ਹੋਰ ਵੀ ਮਦਦ ਦੀ ਲੋੜ ਪਈ ਤਾਂ ਉਹ ਕਦੇ ਪਿੱਛੇ ਨਹੀਂ ਹਟਣਗੇ। ਇਸ ਮੌਕੇ ਤਹਿਸੀਲਦਾਰ ਬਠਿੰਡਾ ਸ੍ਰੀ ਸੁਖਬੀਰ ਸਿੰਘ ਬਰਾੜ, ਸ੍ਰੀ ਅਰੁਣ ਵਿਧਾਵਨ ਆਦਿ ਵਿਸ਼ੇਸ਼ ਤੌਰ 'ਤੇ ਉਨਾਂ ਦੇ ਨਾਲ ਹਾਜ਼ਰ ਰਹੇ।