ਮਈ ਮਹੀਨੇ `ਚ ਪਹਿਲੀ ਵਾਰ 200 ਤੋਂ ਘੱਟ ਆਏ ਨਵੇਂ ਪਾਜੀਟਿਵ ਕੇਸ -ਡਿਪਟੀ ਕਮਿਸ਼ਨਰ
ਜ਼ਿਲੇ੍ਹ ਅੰਦਰ ਵੈਕਸੀਨੇਸ਼ਨ ਦਾ ਆਂਕੜਾ 1 ਲੱਖ ਤੋਂ ਪਾਰ, ਸਾਰਿਆਂ ਨੂੰ ਵੈਕਸੀਨ ਲਗਾਉਣ ਦੀ ਅਪੀਲ
15405 ਜਣਿਆਂ ਨੇ ਕਰੋਨਾ ਨੂੰ ਹਰਾ ਕੇ ਕੋਵਿਡ `ਤੇ ਪਾਈ ਫਤਿਹ
ਫਾਜ਼ਿਲਕਾ, 29 ਮਈ
ਡਿਪਟੀ ਕਮਿਸ਼ਨਰ ਸ੍ਰੀ ਹਰੀਸ਼ ਨਾਇਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਹਿਲਾਂ ਨਾਲੋਂ ਕਰੋਨਾ ਕੇ ਕੇਸਾਂ `ਚ ਕਮੀ ਆਈ ਹੈ। ਉਨ੍ਹਾਂ ਦੱਸਿਆ ਕਿ 30 ਅਪ੍ਰੈਲ ਤੋਂ ਬਾਅਦ ਅੱਜ ਮਈ ਮਹੀਨੇ `ਚ ਪਹਿਲੀ ਵਾਰ 200 ਤੋਂ ਘੱਟ ਨਵੇਂ ਪਾਜੀਟਿਵ ਕੇਸ ਆਏ ਹਨ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਵਾਸੀਆਂ ਲਈ ਖੁਸ਼ੀ ਦੀ ਗੱਲ ਹੈ ਜ਼ਿਨ੍ਹਾਂ ਨੇ ਸਾਵਧਾਨੀਆਂ ਦੀ ਪਾਲਣਾ ਕਰਕੇ ਅਤੇ ਵੈਕਸੀਨੇਸ਼ਨ ਲਗਵਾ ਕੇ ਇਸ ਆਂਕੜੇ ਨੂੰ ਘਟਾਇਆ ਹੈ ਅਤੇ ਇਸੇ ਤਰ੍ਹਾਂ ਸਾਵਧਾਨੀਆਂ ਦੀ ਪਾਲਣਾ ਕਰਕੇ ਕਰੋਨਾ `ਤੇ ਫਤਿਹ ਹਾਸਲ ਕਰਨੀ ਹੈ।
ਉਨ੍ਹਾਂ ਦੱਸਿਆ ਕਿ ਜ਼ਿਲੇ੍ਹ ਅੰਦਰ ਵੈਕਸੀਨੇਸ਼ਨ ਲਗਵਾਉਣ ਦਾ ਆਂਕੜਾ ਵੀ 1 ਲੱਖ ਤੋਂ ਪਾਰ ਹੋ ਗਿਆ ਹੈ।ਉਨ੍ਹਾਂ ਕਿਹਾ ਕਿ ਵੈਕਸੀਨੇਸ਼ਨ ਦੀ ਮਹੱਤਤਾ ਨੂੰ ਵੇਖਦੇ ਹੋਏ ਭਾਰੀ ਗਿਣਤੀ ਵਿਚ ਲੋਕਾਂ ਨੂੰ ਵੈਕਸੀਨੇਸ਼ਨ ਲਗਵਾਈ ਹੈ। ਉਨ੍ਹਾਂ ਕਿਹਾ ਕਿ ਕਰੋਨਾ `ਤੇ ਕਾਬੂ ਪਾਉਣ ਲਈ ਵੈਕਸੀਨੇਸ਼ਨ ਕਰਵਾਉਣੀ ਹਰੇਕ ਵਿਅਕਤੀ ਲਈ ਲਾਜਮੀ ਹੈ। ਉਨ੍ਹਾਂ ਕਿਹਾ ਕਿ ਵੈਕਸੀਨੇਸ਼ਨ ਲਗਵਾਉਣ ਨਾਲ ਅਸੀਂ ਕਰੋਨਾ ਸੰਕਰਮਿਤ ਹੋਣ ਤੋਂ ਬਚ ਸਕਦੇ ਹਾਂ ਅਤੇ ਹੋਰਨਾਂ ਜਣਿਆਂ `ਚ ਬਿਮਾਰੀ ਫੈਲਾਉਣ ਨੂੰ ਰੋਕ ਸਕਦੇ ਹਾਂ। ਉਨ੍ਹਾਂ ਕਿਹਾ ਕਿ ਉਹ ਜ਼ਿਲ੍ਹਾ ਵਾਸੀਆਂ ਤੋਂ ਆਸ ਕਰਦੇ ਹਨ ਕਿ ਜ਼ੋ ਕੋਈ ਵੀ ਵਿਅਕਤੀ ਵੈਕਸੀਨ ਲਗਵਾਉਣ ਤੋਂ ਰਹਿ ਗਿਆ ਹੈ ਉਹ ਜਲਦ ਤੋਂ ਜਲਦ ਵੈਕਸੀਨ ਲਗਵਾਏਗਾ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਵੈਕਸੀਨ ਦੇ ਨਾਲ-ਨਾਲ ਹਰ ਵਿਅਕਤੀ ਲਈ ਸਮੇਂ ਸਿਰ ਟੈਸਟਿੰਗ ਵੀ ਲਾਜ਼ਮੀ ਹੈ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਨੂੰ ਖੰਘ, ਜੁਕਾਮ, ਬੁਖਾਰ ਆਦਿ ਲੱਛਣ ਹੋਣ ਤਾਂ ਜਲਦ ਤੋਂ ਜਲਦ ਟੈਸਟ ਕਰਵਾਇਆ ਜਾਵੇ ਤਾਂ ਜ਼ੋ ਸਮੇਂ ਸਿਰ ਮੁੱਢਲੇ ਲੱਛਣਾਂ `ਤੇ ਹੀ ਇਲਾਜ ਲਿਆ ਜਾਵੇ ਤਾਂ ਇਸ ਬਿਮਾਰੀ ਨੂੰ ਅੱਗੇ ਵੱਧਣ ਤੋਂ ਰੋਕਿਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸੈਂਪਲਿੰਗ ਅਤੇ ਵੈਕਸੀਨੇਸ਼ਨ ਦੇ ਕੈਂਪ ਲਗਾਏ ਜਾ ਰਹੇ ਹਨ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਕੈਂਪ ਵਿਚ ਸ਼ਿਰਕਤ ਕਰਕੇ ਆਪਣਾ ਟੈਸਟ ਕਰਵਾਉਣ ਅਤੇ ਰਿਪੋਰਟ ਆਉਣ ਤੱਕ ਆਪਣੇ ਆਪ ਨੂੰ ਆਈਸੋਲੇਟ ਰੱਖਣ।
ਡਿਪਟੀ ਕਮਿਸ਼ਨਰ ਨੇ ਕੋਵਿਡ ਦੀ ਤਾਜ਼ਾ ਸਥਿਤੀ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬੀਤੇ ਦਿਨ ਤੱਕ 1 ਲੱਖ 99 ਹਜ਼ਾਰ 280 ਵਿਅਕਤੀਆਂ ਦੇ ਸੈਂਪਲ ਲਏ ਜਾ ਚੁੱਕੇ ਹਨ।ਉਨ੍ਹਾਂ ਦੱਸਿਆ ਕਿ ਹੁਣ ਤੱਕ 18378 ਵਿਅਕਤੀ ਪਾਜੀਟਿਵ ਪਾਏ ਗਏ ਹਨ ਅਤੇ 15405 ਵਿਅਕਤੀ ਕਰੋਨਾ ਨੂੰ ਹਰਾ ਕੇ ਸਿਹਤਯਾਬ ਹੋ ਚੁੱਕੇ ਹਨ। ਉਨ੍ਹਾਂ ਕਿਹਾ ਕਿ ਅੱਜ 278 ਜਣੇ ਠੀਕ ਹੋਏ ਹਨ ਅਤੇ 173 ਨਵੇ ਪਾਜੀਟਿਵ ਕੇਸ ਆਏ ਹਨ। ਉਨ੍ਹਾਂ ਦੱਸਿਆ ਕਿ ਐਕਟਿਵ ਕੇਸਾਂ ਦੀ ਗਿਣਤੀ 2540 ਅਤੇ ਮੌਤ ਦਾ ਆਂਕੜਾ 433 ਹੋ ਗਿਆ ਹੈ। ਉਨ੍ਹਾਂ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਕਰੋਨਾ ਦੇ ਫੈਲਾਅ ਨੂੰ ਰੋਕਣ ਲਈ ਸਾਵਧਾਨੀਆਂ ਦੀ ਪਾਲਣਾ ਲਾਜਮੀ ਕੀਤੀ ਜਾਵੇ, ਮਾਸਕ ਲਾਜ਼ਮੀ ਲਗਾਇਆ ਜਾਵੇ, ਸਮਾਜਿਕ ਦੂਰੀ ਬਰਕਰਾਰ ਰੱਖੀ ਜਾਵੇ ਅਤੇ ਹੱਥਾਂ ਨੂੰ ਵਾਰ-ਵਾਰ ਧੋਤਾ ਜਾਵੇ।