ਗੁਰਦਾਸਪੁਰ: ਸਪੈਸ਼ਲ ਕੈਂਪ ਦੌਰਾਨ ਗੈਰ-ਹਾਜ਼ਰ ਰਹਿਣ ਵਾਲੇ ਸਕੂਲ ਸਟਾਫ਼ ਖ਼ਿਲਾਫ਼ ਵਿਭਾਗੀ ਕਾਰਵਾਈ ਦੇ ਹੁਕਮ
ਫ਼ਤਿਹਗੜ੍ਹ ਚੂੜੀਆਂ:( ਜਾਬਸ ਆਫ ਟੁਡੇ) ਹਲਕਾ 009 ਫ਼ਤਿਹਗੜ੍ਹ ਚੂੜੀਆਂ ਵਿਖੇ ਚੋਣ ਕਮਿਸ਼ਨ ਦੀਆਂ ਹਦਾਇਤਾਂ ਤਹਿਤ ਚੱਲ ਰਹੇ 'Special Intensive Revision' (SIR) ਪ੍ਰੋਗਰਾਮ ਦੌਰਾਨ ਇੱਕ ਵੱਡੀ ਲਾਪਰਵਾਹੀ ਸਾਹਮਣੇ ਆਈ ਹੈ। ਸਪੈਸ਼ਲ ਕੈਂਪ ਦੌਰਾਨ ਚੈਕਿੰਗ ਦੌਰਾਨ ਕਈ ਸਕੂਲਾਂ ਦੇ ਸਟਾਫ਼ ਮੈਂਬਰ ਡਿਊਟੀ ਤੋਂ ਗੈਰ-ਹਾਜ਼ਰ ਪਾਏ ਗਏ, ਜਿਸ ਤੋਂ ਬਾਅਦ ਉਪ-ਮੰਡਲ ਮੈਜਿਸਟ੍ਰੇਟ-ਕਮ-ਚੋਣਕਾਰ ਰਜਿਸਟ੍ਰੇਸ਼ਨ ਅਫ਼ਸਰ ਵੱਲੋਂ ਉਨ੍ਹਾਂ ਖ਼ਿਲਾਫ਼ ਸਖ਼ਤ ਵਿਭਾਗੀ ਕਾਰਵਾਈ ਕਰਨ ਲਈ ਜ਼ਿਲ੍ਹਾ ਚੋਣ ਅਫ਼ਸਰ ਗੁਰਦਾਸਪੁਰ ਨੂੰ ਪੱਤਰ ਲਿਖਿਆ ਗਿਆ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ, ਮੁੱਖ ਚੋਣ ਅਫ਼ਸਰ ਪੰਜਾਬ ਦੀਆਂ ਹਦਾਇਤਾਂ ਦੀ ਪਾਲਣਾ ਕਰਦਿਆਂ ਅੱਜ ਮਿਤੀ 11.07.2026 ਨੂੰ ਹਲਕੇ ਦੇ ਵੱਖ-ਵੱਖ ਸਕੂਲਾਂ ਵਿੱਚ ਬੂਥ ਲੈਵਲ ਅਫ਼ਸਰਾਂ (B.L.O.) ਵੱਲੋਂ ਸਪੈਸ਼ਲ ਇੰਟੈਂਸਿਵ ਰਿਵੀਜ਼ਨ ਸਬੰਧੀ EF ਫਾਰਮ ਭਰਨ ਅਤੇ ਡਾਟਾ ਡਿਜੀਟਾਈਜ਼ ਕਰਨ ਦਾ ਕੰਮ ਕੀਤਾ ਜਾ ਰਿਹਾ ਸੀ। ਇਸ ਦੌਰਾਨ ਜਦੋਂ ਪ੍ਰਸ਼ਾਸਨਿਕ ਟੀਮ ਵੱਲੋਂ ਚੈਕਿੰਗ ਕੀਤੀ ਗਈ, ਤਾਂ ਪਾਇਆ ਗਿਆ ਕਿ ਬੀ.ਐਲ.ਓ. ਤੋਂ ਇਲਾਵਾ ਸਕੂਲ ਦਾ ਕੋਈ ਵੀ ਹੋਰ ਕਰਮਚਾਰੀ ਹਾਜ਼ਰ ਨਹੀਂ ਸੀ। ਇਸ ਲਾਪਰਵਾਹੀ ਨੂੰ ਮੁੱਖ ਚੋਣ ਅਫ਼ਸਰ ਪੰਜਾਬ ਦੇ ਹੁਕਮਾਂ ਦੀ ਸਿੱਧੀ ਉਲੰਘਣਾ ਮੰਨਿਆ ਗਿਆ ਹੈ।
- ਬੂਥ ਨੰਬਰ 66: ਸਰਕਾਰੀ ਪ੍ਰਾਇਮਰੀ ਸਕੂਲ ਆਜ਼ਮਪੁਰ
- ਬੂਥ ਨੰਬਰ 69: ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਘਣੀਏ ਕੇ ਬਾਂਗਰ
- ਬੂਥ ਨੰਬਰ 70: ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਘਣੀਏ ਕੇ ਬਾਂਗਰ
ਇਸ ਮਾਮਲੇ ਦਾ ਗੰਭੀਰ ਨੋਟਿਸ ਲੈਂਦਿਆਂ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ.ਸਿ./ਐਲ.ਸਿ.) ਗੁਰਦਾਸਪੁਰ ਨੂੰ ਹਦਾਇਤ ਕੀਤੀ ਗਈ ਹੈ ਕਿ ਸਬੰਧਿਤ ਸਕੂਲ ਮੁਖੀਆਂ ਅਤੇ ਸਟਾਫ਼ ਨੂੰ ਡਿਊਟੀ ਤੋਂ ਗੈਰ-ਹਾਜ਼ਰ ਰਹਿਣ ਸਬੰਧੀ ਕਾਰਨ ਦੱਸੋ ਨੋਟਿਸ ਜਾਰੀ ਕੀਤੇ ਜਾਣ। ਇਸ ਦੇ ਨਾਲ ਹੀ ਪ੍ਰਸ਼ਾਸਨ ਨੇ ਸਖ਼ਤ ਨਿਰਦੇਸ਼ ਦਿੱਤੇ ਹਨ ਕਿ ਅਗਲੇ ਦਿਨ (12.07.2026) ਨੂੰ ਸਪੈਸ਼ਲ ਕੈਂਪ ਦੇ ਦੂਸਰੇ ਦਿਨ ਕੋਈ ਵੀ ਸਕੂਲ ਬੰਦ ਨਾ ਰਹੇ ਅਤੇ ਸਮੁੱਚਾ ਸਟਾਫ਼ ਹਾਜ਼ਰ ਰਹਿ ਕੇ ਚੋਣ ਕੰਮਾਂ ਵਿੱਚ ਪੂਰਨ ਸਹਿਯੋਗ ਯਕੀਨੀ ਬਣਾਵੇ।
