PSEB CLASS 10 SCIENCE SOLUTION CHAPTER 5 : ਜਮਾਤ 10ਵੀਂ - ਜੈਵਿਕ ਪ੍ਰਕਿਰਿਆਵਾਂ

ਜਮਾਤ 10ਵੀਂ - ਜੈਵਿਕ ਪ੍ਰਕਿਰਿਆਵਾਂ - ਭਾਗ 1

ਜਮਾਤ 10ਵੀਂ (ਸਾਇੰਸ)

ਪਾਠ-5: ਜੈਵਿਕ ਪ੍ਰਕਿਰਿਆਵਾਂ (ਭਾਗ-1)

ਪਾਠ ਦੇ ਅੰਦਰਲੇ ਪ੍ਰਸ਼ਨ (ਪੰਨਾ ਨੰ. 91)
ਪ੍ਰਸ਼ਨ 1: ਮਨੁੱਖਾਂ ਜਿਹੇ ਬਹੁਸੈੱਲੀ ਜੀਵਾਂ ਨੂੰ ਆਕਸੀਜਨ ਦੀ ਲੋੜ ਪੂਰੀ ਕਰਨ ਵਿੱਚ ਪ੍ਰਸਰਣ ਕਿਉਂ ਕਾਫ਼ੀ ਨਹੀਂ? Click to see Answer
ਉੱਤਰ: ਮਨੁੱਖਾਂ ਜਿਹੇ ਬਹੁਸੈੱਲੀ ਜੀਵਾਂ ਨੂੰ ਸਰੀਰ ਵਿੱਚ ਹੋਣ ਵਾਲੀਆਂ ਪ੍ਰਕਿਰਿਆਵਾਂ ਲਈ ਬਹੁਤ ਮਾਤਰਾ ਵਿੱਚ ਆਕਸੀਜਨ ਦੀ ਜ਼ਰੂਰਤ ਹੁੰਦੀ ਹੈ । ਹੁਣ ਕਿਉਂਕਿ ਪ੍ਰਸਰਣ ਇੱਕ ਬਹੁਤ ਹੀ ਧੀਮੀ ਪ੍ਰਕਿਰਿਆ ਹੈ ਇਸ ਲਈ ਇਹ ਸਰੀਰ ਨੂੰ ਆਕਸੀਜਨ ਉਪਲਬਧ ਕਰਾਉਣ ਵਿੱਚ ਬਹੁਤ ਸਮਾਂ ਲਗਾਏਗੀ । ਇੱਕ ਅਨੁਮਾਨ ਅਨੁਸਾਰ ਜੇਕਰ ਸਾਡੇ ਸਰੀਰ ਵਿੱਚ ਆਕਸੀਜਨ ਪ੍ਰਸਰਣ ਦੁਆਰਾ ਗਤੀ ਕਰਦੀ ਤਾਂ ਸਾਡੇ ਫੇਫੜਿਆਂ ਤੋਂ ਇੱਕ ਅਣੂ ਨੂੰ ਪੈਰ ਦੇ ਅਗੂੰਠੇ ਤੱਕ ਪਹੁੰਚਣ ਲਈ ਲੱਗਭੱਗ 3 ਸਾਲ ਦਾ ਸਮਾਂ ਲੱਗੇਗਾ। ਇਸ ਲਈ ਪ੍ਰਸਰਣ ਵਿਧੀ ਰਾਹੀਂ ਮਨੁੱਖਾਂ ਜਿਹੇ ਬਹੁਸੈੱਲੀ ਜੀਵਾਂ ਨੂੰ ਜ਼ਰੂਰਤ ਅਨੁਸਾਰ ਆਕਸੀਜਨ ਗੈਸ ਲੋੜੀਂਦੀ ਮਾਤਰਾ ਵਿੱਚ ਉਪਲਬਧ ਨਹੀਂ ਹੋ ਸਕਦੀ।
ਪ੍ਰਸ਼ਨ 2: ਕੋਈ ਵਸਤੂ ਸਜੀਵ ਹੈ, ਇਸ ਦਾ ਨਿਰਧਾਰਨ ਕਰਨ ਲਈ ਅਸੀਂ ਕਿਸ ਮਾਪਦੰਡ ਦੀ ਵਰਤੋਂ ਕਰਾਂਗੇ? Click to see Answer
ਉੱਤਰ: ਕੋਈ ਵਸਤੂ ਸਜੀਵ ਹੈ ਇਸਦਾ ਨਿਰਧਾਰਨ ਕਰਨ ਲਈ ਅਸੀਂ ਮੁੱਖ ਤੌਰ ਤੇ ਉਸ ਵਿੱਚ ਹੋਣ ਵਾਲੀ 'ਗਤੀ' ਨੂੰ ਮਾਪਦੰਡ ਮੰਨਦੇ ਹਾਂ । ਇਹ ਗਤੀਆਂ ਸਾਨੂੰ ਸਾਫ਼ ਤੌਰ ਤੇ ਵਿਖਾਈ ਵੀ ਦੇ ਸਕਦੀਆਂ ਹਨ ਜਿਵੇਂ ਕਿ ਸਾਹ ਲੈਣਾ, ਵਾਧਾ ਕਰਨਾ ਆਦਿ ਅਤੇ ਕਈ ਗਤੀਆਂ ਅਦਿੱਖ ਵੀ ਹੁੰਦੀਆਂ ਹਨ ਜਿਵੇਂ ਕਿ ਅਣੂਆਂ ਦੀ ਗਤੀ।
ਪ੍ਰਸ਼ਨ 3: ਕਿਸੇ ਜੀਵ ਦੁਆਰਾ ਕਿਹੜੀ ਬਾਹਰੀ ਕੱਚੀ ਸਮੱਗਰੀ ਦੀ ਵਰਤੋਂ ਕੀਤੀ ਜਾਂਦੀ ਹੈ? Click to see Answer
ਉੱਤਰ: ਕਿਸੇ ਜੀਵ ਦੁਆਰਾ ਬਾਹਰੀ ਕੱਚੀ ਸਮੱਗਰੀ ਦੇ ਤੌਰ ਤੇ ਮੁੱਖ ਤੌਰ ਤੇ 'ਭੋਜਨ' ਅਤੇ 'ਆਕਸੀਜਨ' ਦੀ ਵਰਤੋਂ ਕੀਤੀ ਜਾਂਦੀ ਹੈ।
ਪ੍ਰਸ਼ਨ 4: ਜੀਵਨ ਦੇ ਰੱਖ-ਰਖਾਅ ਲਈ ਤੁਸੀਂ ਕਿਹੜੀਆਂ ਪ੍ਰਕਿਰਿਆਵਾਂ ਨੂੰ ਜ਼ਰੂਰੀ ਮੰਨੋਗੇ? Click to see Answer
ਉੱਤਰ: ਜੀਵਨ ਦੇ ਰੱਖ ਰਖਾਅ ਲਈ ਪੋਸ਼ਣ, ਸਾਹ ਕਿਰਿਆ, ਪਰਿਵਹਿਨ ਅਤੇ ਮਲ ਤਿਆਗ ਪ੍ਰਕਿਰਿਆਵਾਂ ਬਹੁਤ ਜ਼ਰੂਰੀ ਹਨ।
ਪਾਠ ਦੇ ਅੰਦਰਲੇ ਪ੍ਰਸ਼ਨ (ਪੰਨਾ ਨੰ. 96-101)
ਪ੍ਰਸ਼ਨ 5: ਸਵੈਪੋਸ਼ੀ ਪੋਸ਼ਣ ਅਤੇ ਪਰਪੋਸ਼ੀ ਪੋਸ਼ਣ ਵਿੱਚ ਕੀ ਅੰਤਰ ਹੈ? Click to see Answer
ਉੱਤਰ: ਅੰਤਰ ਇਸ ਪ੍ਰਕਾਰ ਹੈ: ਸਵੈਪੋਸ਼ੀ ਪੋਸ਼ਣ: 1. ਇਸ ਵਿੱਚ ਜੀਵ ਆਪਣਾ ਭੋਜਨ ਅਕਾਰਬਨਿਕ ਪਦਾਰਥਾਂ (CO2, ਪਾਣੀ) ਤੋਂ ਸੂਰਜੀ ਪ੍ਰਕਾਸ਼ ਦੀ ਮੌਜੂਦਗੀ ਵਿੱਚ ਖੁਦ ਤਿਆਰ ਕਰਦੇ ਹਨ । 2. ਇਸ ਵਿੱਚ ਕਲੋਰੋਫਿਲ ਦੀ ਜਰੂਰਤ ਹੁੰਦੀ ਹੈ। 3. ਉਦਾਹਰਨ ਲਈ: ਹਰੇ ਪੌਦੇ। ਪਰਪੋਸ਼ੀ ਪੋਸ਼ਣ: 1. ਇਸ ਵਿੱਚ ਜੀਵ ਆਪਣੇ ਭੋਜਨ ਲਈ ਦੂਜੇ ਜੀਵਾਂ ਤੇ ਨਿਰਭਰ ਕਰਦੇ ਹਨ । 2. ਇਸ ਵਿੱਚ ਕਲੋਰੋਫਿਲ ਦੀ ਜਰੂਰਤ ਨਹੀਂ ਹੁੰਦੀ। 3. ਉਦਾਹਰਨ ਲਈ: ਮਨੁੱਖ, ਜਾਨਵਰ ਅਤੇ ਉੱਲੀ।
ਪ੍ਰਸ਼ਨ 6: ਪ੍ਰਕਾਸ਼ ਸੰਸ਼ਲੇਸ਼ਣ ਲਈ ਜ਼ਰੂਰੀ ਕੱਚੀ ਸਮੱਗਰੀ ਪੌਦਾ ਕਿੱਥੋਂ ਪ੍ਰਾਪਤ ਕਰਦਾ ਹੈ? Click to see Answer
ਉੱਤਰ: ਪ੍ਰਕਾਸ਼ ਸੰਸ਼ਲੇਸ਼ਣ ਲਈ ਪੌਦੇ ਪਾਣੀ ਮਿੱਟੀ ਵਿੱਚੋਂ ਜੜ੍ਹਾਂ ਰਾਹੀਂ ਪ੍ਰਾਪਤ ਕਰਦੇ ਹਨ । ਕਾਰਬਨ-ਡਾਈਆਕਸਾਈਡ ਗੈਸ ਵਾਤਾਵਰਨ ਵਿੱਚੋਂ ਪੱਤਿਆਂ ਤੇ ਮੌਜੂਦ ਸਟੋਮੈਟਾ ਰਾਹੀਂ ਪ੍ਰਾਪਤ ਕਰਦੇ ਹਨ। ਸੂਰਜ ਦਾ ਪ੍ਰਕਾਸ਼ ਸੂਰਜ ਤੋਂ ਪ੍ਰਾਪਤ ਕਰਦੇ ਹਨ।
ਪ੍ਰਸ਼ਨ 7: ਸਾਡੇ ਮਿਹਦੇ ਵਿੱਚ ਤੇਜ਼ਾਬ ਦੀ ਕੀ ਭੂਮਿਕਾ ਹੈ? Click to see Answer
ਉੱਤਰ: ਸਾਡੇ ਮਿਹਦੇ ਵਿੱਚ ਮੌਜੂਦ ਹਾਈਡਰੋਕਲੋਰਿਕ ਤੇਜ਼ਾਬ (HCl) ਹੇਠ ਲਿਖੇ ਕੰਮ ਕਰਦਾ ਹੈ: 1. ਇਹ ਇੱਕ ਤੇਜ਼ਾਬੀ ਮਾਧਿਅਮ ਤਿਆਰ ਕਰਦਾ ਹੈ ਜੋ ਪੈਪਸਿਨ ਐਨਜ਼ਾਈਮ ਦੀ ਕਿਰਿਆ ਵਿੱਚ ਸਹਾਇਕ ਹੁੰਦਾ ਹੈ। 2. ਇਹ ਭੋਜਨ ਵਿੱਚ ਮੌਜੂਦ ਹਾਨੀਕਾਰਕ ਜੀਵਾਣੂਆਂ ਨੂੰ ਨਸ਼ਟ ਕਰਦਾ ਹੈ। 3. ਇਹ ਭੋਜਨ ਨੂੰ ਨਰਮ ਬਣਾਉਣ ਵਿੱਚ ਮਦਦ ਕਰਦਾ ਹੈ।
ਪ੍ਰਸ਼ਨ 8: ਪਾਚਨ ਐਨਜ਼ਾਈਮਾਂ ਦਾ ਕੀ ਕੰਮ ਹੈ? Click to see Answer
ਉੱਤਰ: ਪਾਚਨ ਐਨਜ਼ਾਈਮ ਗੁੰਝਲਦਾਰ ਭੋਜਨ ਪਦਾਰਥਾਂ ਨੂੰ ਸਰਲ ਪਦਾਰਥਾਂ ਵਿੱਚ ਤੋੜਨ ਦਾ ਕੰਮ ਕਰਦੇ ਹਨ ਤਾਂ ਜੋ ਸਾਡਾ ਸਰੀਰ ਇਨ੍ਹਾਂ ਨੂੰ ਆਸਾਨੀ ਨਾਲ ਸੋਖ ਸਕੇ। ਉਦਾਹਰਨ ਲਈ- ਐਮੀਲੇਜ਼ ਸਟਾਰਚ ਨੂੰ ਤੋੜਦਾ ਹੈ, ਪੈਪਸਿਨ ਪ੍ਰੋਟੀਨ ਨੂੰ ਤੋੜਦਾ ਹੈ ਅਤੇ ਲਾਈਪੇਜ਼ ਚਰਬੀ ਨੂੰ ਤੋੜਦਾ ਹੈ।
ਪ੍ਰਸ਼ਨ 9: ਪਚੇ ਹੋਏ ਭੋਜਨ ਨੂੰ ਸੋਖਣ ਲਈ ਛੋਟੀ ਆਂਦਰ ਨੂੰ ਕਿਵੇਂ ਡਿਜ਼ਾਈਨ ਕੀਤਾ ਗਿਆ ਹੈ? Click to see Answer
ਉੱਤਰ: ਛੋਟੀ ਆਂਦਰ ਦੀ ਅੰਦਰਲੀ ਸਤ੍ਹਾ ਤੇ ਉਂਗਲਾਂ ਵਰਗੇ ਉਭਾਰ ਹੁੰਦੇ ਹਨ ਜਿਨ੍ਹਾਂ ਨੂੰ 'ਵਿੱਲੀ' (Villi) ਕਹਿੰਦੇ ਹਨ। ਇਹ ਵਿੱਲੀ ਭੋਜਨ ਦੇ ਸੋਖਣ ਲਈ ਸਤ੍ਹਾ ਦਾ ਖੇਤਰਫਲ ਵਧਾ ਦਿੰਦੇ ਹਨ। ਇਨ੍ਹਾਂ ਵਿੱਲੀਆਂ ਵਿੱਚ ਖੂਨ ਦੀਆਂ ਵਹਿਣੀਆਂ ਦੀ ਬਹੁਤ ਮਾਤਰਾ ਹੁੰਦੀ ਹੈ ਜੋ ਸੋਖੇ ਹੋਏ ਭੋਜਨ ਨੂੰ ਸਰੀਰ ਦੇ ਹਰ ਸੈੱਲ ਤੱਕ ਪਹੁੰਚਾਉਂਦੀਆਂ ਹਨ।
ਪਾਠ ਦੇ ਅੰਦਰਲੇ ਪ੍ਰਸ਼ਨ (ਪੰਨਾ ਨੰ. 105)
ਪ੍ਰਸ਼ਨ 10: ਸਾਹ ਕਿਰਿਆ ਲਈ ਆਕਸੀਜਨ ਪ੍ਰਾਪਤ ਕਰਨ ਦੀ ਦਿਸ਼ਾ ਵਿੱਚ ਇੱਕ ਜਲੀ ਜੀਵ ਦੀ ਤੁਲਨਾ ਵਿੱਚ ਥਲੀ ਜੀਵ ਕਿਸ ਪ੍ਰਕਾਰ ਲਾਭਵੰਦ ਹੈ? Click to see Answer
ਉੱਤਰ: ਜਲੀ ਜੀਵ ਪਾਣੀ ਵਿੱਚ ਘੁਲੀ ਹੋਈ ਆਕਸੀਜਨ ਦੀ ਵਰਤੋਂ ਕਰਦੇ ਹਨ। ਪਾਣੀ ਵਿੱਚ ਆਕਸੀਜਨ ਦੀ ਮਾਤਰਾ ਹਵਾ ਦੇ ਮੁਕਾਬਲੇ ਬਹੁਤ ਘੱਟ ਹੁੰਦੀ ਹੈ, ਜਿਸ ਕਰਕੇ ਜਲੀ ਜੀਵਾਂ ਨੂੰ ਬਹੁਤ ਤੇਜ਼ੀ ਨਾਲ ਸਾਹ ਲੈਣਾ ਪੈਂਦਾ ਹੈ। ਇਸ ਦੇ ਉਲਟ ਥਲੀ ਜੀਵ ਹਵਾ ਵਿੱਚ ਮੌਜੂਦ ਆਕਸੀਜਨ ਦੀ ਵਰਤੋਂ ਕਰਦੇ ਹਨ। ਹਵਾ ਵਿੱਚ ਆਕਸੀਜਨ ਦੀ ਮਾਤਰਾ ਕਾਫੀ ਜ਼ਿਆਦਾ ਹੁੰਦੀ ਹੈ। ਇਸ ਲਈ ਥਲੀ ਜੀਵ ਆਰਾਮ ਨਾਲ ਸਾਹ ਲੈ ਕੇ ਆਪਣੀ ਲੋੜ ਪੂਰੀ ਕਰ ਸਕਦੇ ਹਨ ਅਤੇ ਉਨ੍ਹਾਂ ਨੂੰ ਜਲੀ ਜੀਵਾਂ ਵਾਂਗ ਬਹੁਤ ਜ਼ਿਆਦਾ ਊਰਜਾ ਸਾਹ ਲੈਣ ਤੇ ਹੀ ਖਰਚ ਨਹੀਂ ਕਰਨੀ ਪੈਂਦੀ।
ਪ੍ਰਸ਼ਨ 11: ਗੁਲੂਕੋਜ਼ ਦੇ ਆਕਸੀਕਰਨ ਨਾਲ ਭਿੰਨ ਭਿੰਨ ਜੀਵਾਂ ਵਿੱਚ ਊਰਜਾ ਪ੍ਰਾਪਤ ਕਰਨ ਦੇ ਭਿੰਨ ਪੱਥ ਕੀ ਹਨ? Click to see Answer
ਉੱਤਰ: ਗੁਲੂਕੋਜ਼ ਦੇ ਆਕਸੀਕਰਨ ਦੇ ਵੱਖ-ਵੱਖ ਪੱਥ ਹੇਠ ਲਿਖੇ ਅਨੁਸਾਰ ਹਨ : ਸਭ ਤੋਂ ਪਹਿਲਾਂ ਸੈੱਲ ਦ੍ਰਵ ਵਿੱਚ ਗੁਲੂਕੋਜ਼ (6-ਕਾਰਬਨ ਅਣੂ) 3-ਕਾਰਬਨ ਅਣੂ 'ਪਾਇਰੂਵੇਟ' ਵਿੱਚ ਟੁੱਟਦਾ ਹੈ । ਇਸ ਤੋਂ ਬਾਅਦ ਪਾਇਰੂਵੇਟ ਹੇਠ ਲਿਖੇ ਤਿੰਨ ਤਰੀਕਿਆਂ ਨਾਲ ਟੁੱਟ ਸਕਦਾ ਹੈ: 1. ਆਕਸੀਜਨ ਦੀ ਅਣਹੋਂਦ ਵਿੱਚ (ਖਮੀਰ ਵਿੱਚ): ਪਾਇਰੂਵੇਟ ਈਥਾਨੋਲ, ਕਾਰਬਨ ਡਾਈਆਕਸਾਈਡ ਅਤੇ ਊਰਜਾ ਵਿੱਚ ਬਦਲ ਜਾਂਦਾ ਹੈ । 2. ਆਕਸੀਜਨ ਦੀ ਕਮੀ ਵਿੱਚ (ਸਾਡੀਆਂ ਮਾਸਪੇਸ਼ੀਆਂ ਵਿੱਚ): ਜਦੋਂ ਅਸੀਂ ਅਚਾਨਕ ਕੋਈ ਤੇਜ਼ ਗਤੀ ਵਾਲੀ ਕਿਰਿਆ ਕਰਦੇ ਹਾਂ ਤਾਂ ਆਕਸੀਜਨ ਦੀ ਕਮੀ ਕਾਰਨ ਪਾਇਰੂਵੇਟ ਲੈਕਟਿਕ ਤੇਜ਼ਾਬ ਅਤੇ ਊਰਜਾ ਵਿੱਚ ਬਦਲ ਜਾਂਦਾ ਹੈ । ਲੈਕਟਿਕ ਤੇਜ਼ਾਬ ਦੇ ਬਣਨ ਨਾਲ ਮਾਸਪੇਸ਼ੀਆਂ ਵਿੱਚ ਖਿੱਚ (Cramps) ਪੈਦਾ ਹੋ ਜਾਂਦੀ ਹੈ । 3. ਆਕਸੀਜਨ ਦੀ ਮੌਜੂਦਗੀ ਵਿੱਚ (ਮਾਈਟੋਕਾਂਡਰੀਆ ਵਿੱਚ): ਪਾਇਰੂਵੇਟ ਆਕਸੀਜਨ ਦੀ ਵਰਤੋਂ ਕਰਕੇ ਕਾਰਬਨ ਡਾਈਆਕਸਾਈਡ, ਪਾਣੀ ਅਤੇ ਬਹੁਤ ਜ਼ਿਆਦਾ ਮਾਤਰਾ ਵਿੱਚ ਊਰਜਾ ਪੈਦਾ ਕਰਦਾ ਹੈ ।
ਪ੍ਰਸ਼ਨ 12: ਮਨੁੱਖਾਂ ਵਿੱਚ ਆਕਸੀਜਨ ਅਤੇ ਕਾਰਬਨ ਡਾਈਆਕਸਾਈਡ ਦਾ ਪਰਿਵਹਿਨ ਕਿਵੇਂ ਹੁੰਦਾ ਹੈ? Click to see Answer
ਉੱਤਰ: ਮਨੁੱਖਾਂ ਵਿੱਚ ਗੈਸਾਂ ਦਾ ਪਰਿਵਹਿਨ ਹੇਠ ਲਿਖੇ ਅਨੁਸਾਰ ਹੁੰਦਾ ਹੈ : 1. ਆਕਸੀਜਨ ਦਾ ਪਰਿਵਹਿਨ: ਖੂਨ ਵਿੱਚ ਮੌਜੂਦ ਲਾਲ ਰਕਤ ਕਣਾਂ (RBCs) ਵਿੱਚ 'ਹੀਮੋਗਲੋਬਿਨ' ਨਾਮਕ ਸਾਹ ਵਰਣਕ ਹੁੰਦਾ ਹੈ । ਹੀਮੋਗਲੋਬਿਨ ਵਿੱਚ ਆਕਸੀਜਨ ਲਈ ਬਹੁਤ ਜ਼ਿਆਦਾ ਖਿੱਚ (Affinity) ਹੁੰਦੀ ਹੈ । ਇਹ ਫੇਫੜਿਆਂ ਵਿੱਚੋਂ ਆਕਸੀਜਨ ਸੋਖ ਕੇ ਸਰੀਰ ਦੇ ਸਾਰੇ ਟਿਸ਼ੂਆਂ ਅਤੇ ਸੈੱਲਾਂ ਤੱਕ ਪਹੁੰਚਾਉਂਦਾ ਹੈ। 2. ਕਾਰਬਨ ਡਾਈਆਕਸਾਈਡ ਦਾ ਪਰਿਵਹਿਨ: ਕਾਰਬਨ ਡਾਈਆਕਸਾਈਡ ਪਾਣੀ ਵਿੱਚ ਆਕਸੀਜਨ ਦੇ ਮੁਕਾਬਲੇ ਵਧੇਰੇ ਘੁਲਣਸ਼ੀਲ ਹੁੰਦੀ ਹੈ। ਇਸ ਲਈ ਇਸਦਾ ਪਰਿਵਹਿਨ ਮੁੱਖ ਤੌਰ ਤੇ ਸਾਡੇ ਲਹੂ ਦੇ ਪਲਾਜ਼ਮਾ ਵਿੱਚ ਘੁਲੇ ਹੋਏ ਰੂਪ ਵਿੱਚ ਹੁੰਦਾ ਹੈ ।
ਪ੍ਰਸ਼ਨ 13: ਗੈਸਾਂ ਦੇ ਵਟਾਂਦਰੇ ਲਈ ਮਨੁੱਖੀ ਫੇਫੜਿਆਂ ਵਿੱਚ ਵੱਧ ਤੋਂ ਵੱਧ ਖੇਤਰਫਲ ਨੂੰ ਕਿਵੇਂ ਡਿਜ਼ਾਈਨ ਕੀਤਾ ਗਿਆ ਹੈ? Click to see Answer
ਉੱਤਰ: ਫੇਫੜਿਆਂ ਦੇ ਅੰਦਰ ਹਵਾ ਮਾਰਗ ਛੋਟੀਆਂ ਅਤੇ ਬਾਰੀਕ ਨਾਲੀਆਂ ਵਿੱਚ ਵੰਡਿਆ ਹੁੰਦਾ ਹੈ, ਜੋ ਅੰਤ ਵਿੱਚ ਗੁਬਾਰੇ ਵਰਗੀਆਂ ਰਚਨਾਵਾਂ ਵਿੱਚ ਖੁੱਲ੍ਹਦਾ ਹੈ ਜਿਨ੍ਹਾਂ ਨੂੰ 'ਐਲਵਿਓਲਾਈ' (Alveoli) ਕਹਿੰਦੇ ਹਨ । ਐਲਵਿਓਲਾਈ ਗੈਸਾਂ ਦੇ ਵਟਾਂਦਰੇ ਲਈ ਇੱਕ ਬਹੁਤ ਵੱਡਾ ਸਤਹੀ ਖੇਤਰਫਲ ਪ੍ਰਦਾਨ ਕਰਦੀਆਂ ਹਨ । ਇਨ੍ਹਾਂ ਐਲਵਿਓਲਾਈ ਦੀਆਂ ਦੀਵਾਰਾਂ ਵਿੱਚ ਖੂਨ ਦੀਆਂ ਕੇਸ਼ਿਕਾਵਾਂ ਦਾ ਇੱਕ ਬਹੁਤ ਵੱਡਾ ਜਾਲ ਹੁੰਦਾ ਹੈ ਜੋ ਗੈਸਾਂ ਦੇ ਵਟਾਂਦਰੇ ਵਿੱਚ ਮਦਦ ਕਰਦਾ ਹੈ । ਜੇਕਰ ਸਾਡੀਆਂ ਸਾਰੀਆਂ ਐਲਵਿਓਲਾਈ ਦੀ ਸਤ੍ਹਾ ਨੂੰ ਫੈਲਾ ਦਿੱਤਾ ਜਾਵੇ ਤਾਂ ਇਹ ਲੱਗਭੱਗ 80 ਵਰਗ ਮੀਟਰ ਖੇਤਰ ਘੇਰ ਲਵੇਗੀ ।
ਪਾਠ ਦੇ ਅੰਦਰਲੇ ਪ੍ਰਸ਼ਨ (ਪੰਨਾ ਨੰ. 110)
ਪ੍ਰਸ਼ਨ 14: ਮਨੁੱਖਾਂ ਵਿੱਚ ਪਰਿਵਹਿਨ ਤੰਤਰ ਦੇ ਘਟਕ ਕਿਹੜੇ ਹਨ? ਇਨ੍ਹਾਂ ਘਟਕਾਂ ਦੇ ਕੀ ਕੰਮ ਹਨ? Click to see Answer
ਉੱਤਰ: ਮਨੁੱਖੀ ਪਰਿਵਹਿਨ ਤੰਤਰ ਦੇ ਮੁੱਖ ਘਟਕ ਦਿਲ, ਲਹੂ (ਖੂਨ) ਅਤੇ ਲਹੂ ਵਹਿਣੀਆਂ ਹਨ । ਇਨ੍ਹਾਂ ਦੇ ਕੰਮ ਹੇਠ ਲਿਖੇ ਅਨੁਸਾਰ ਹਨ: 1. ਦਿਲ (Heart): ਇਹ ਇੱਕ ਪੰਪ ਦੀ ਤਰ੍ਹਾਂ ਕੰਮ ਕਰਦਾ ਹੈ ਜੋ ਲਹੂ ਨੂੰ ਪੂਰੇ ਸਰੀਰ ਵਿੱਚ ਪੰਪ ਕਰਦਾ ਹੈ । 2. ਲਹੂ (Blood): ਇਹ ਇੱਕ ਤਰਲ ਟਿਸ਼ੂ ਹੈ ਜੋ ਆਕਸੀਜਨ, ਭੋਜਨ, ਹਾਰਮੋਨ, ਕਾਰਬਨ ਡਾਈਆਕਸਾਈਡ ਅਤੇ ਹੋਰ ਵਿਅਰਥ ਪਦਾਰਥਾਂ ਨੂੰ ਸਰੀਰ ਦੇ ਇੱਕ ਭਾਗ ਤੋਂ ਦੂਜੇ ਭਾਗ ਤੱਕ ਲੈ ਕੇ ਜਾਂਦਾ ਹੈ । 3. ਲਹੂ ਵਹਿਣੀਆਂ: ਇਹਨਾਂ ਵਿੱਚ ਧਮਣੀਆਂ ਅਤੇ ਸਿਰਾਵਾਂ ਸ਼ਾਮਿਲ ਹਨ । ਧਮਣੀਆਂ ਸਾਫ਼ ਲਹੂ ਨੂੰ ਦਿਲ ਤੋਂ ਸਰੀਰ ਦੇ ਵੱਖ-ਵੱਖ ਅੰਗਾਂ ਤੱਕ ਲੈ ਕੇ ਜਾਂਦੀਆਂ ਹਨ ਅਤੇ ਸਿਰਾਵਾਂ ਗੰਦੇ ਲਹੂ ਨੂੰ ਵਾਪਸ ਦਿਲ ਤੱਕ ਲੈ ਕੇ ਆਉਂਦੀਆਂ ਹਨ ।
ਪ੍ਰਸ਼ਨ 15: ਪੰਛੀਆਂ ਅਤੇ ਥਣਧਾਰੀ ਜੀਵਾਂ ਵਿੱਚ ਆਕਸੀਜਨ ਯੁਕਤ ਅਤੇ ਆਕਸੀਜਨ ਰਹਿਤ ਲਹੂ ਨੂੰ ਵੱਖ ਕਰਨਾ ਕਿਉਂ ਜ਼ਰੂਰੀ ਹੈ? Click to see Answer
ਉੱਤਰ: ਪੰਛੀਆਂ ਅਤੇ ਥਣਧਾਰੀ ਜੀਵਾਂ ਨੂੰ ਆਪਣੇ ਸਰੀਰ ਦਾ ਤਾਪਮਾਨ ਸਥਿਰ ਬਣਾਈ ਰੱਖਣ ਲਈ ਬਹੁਤ ਜ਼ਿਆਦਾ ਊਰਜਾ ਦੀ ਲੋੜ ਹੁੰਦੀ ਹੈ। ਲਹੂ ਨੂੰ ਵੱਖ ਰੱਖਣ ਨਾਲ ਸਰੀਰ ਨੂੰ ਆਕਸੀਜਨ ਦੀ ਬਹੁਤ ਕੁਸ਼ਲ ਸਪਲਾਈ ਮਿਲਦੀ ਹੈ । ਇਹ ਉੱਚ ਦਰਜੇ ਦੀ ਆਕਸੀਜਨ ਸਪਲਾਈ ਸਰੀਰ ਨੂੰ ਜ਼ਿਆਦਾ ਊਰਜਾ ਪੈਦਾ ਕਰਨ ਵਿੱਚ ਮਦਦ ਕਰਦੀ ਹੈ, ਜਿਸ ਨਾਲ ਉਹ ਆਪਣੇ ਸਰੀਰ ਦਾ ਤਾਪਮਾਨ ਵਾਤਾਵਰਨ ਦੇ ਅਨੁਸਾਰ ਸਥਿਰ ਰੱਖ ਸਕਦੇ ਹਨ ।
ਪਾਠ ਦੇ ਅੰਦਰਲੇ ਪ੍ਰਸ਼ਨ (ਪੰਨਾ ਨੰ. 113)
ਪ੍ਰਸ਼ਨ 16: ਉੱਚ ਸੰਗਠਿਤ ਪੌਦਿਆਂ ਵਿੱਚ ਪਰਿਵਹਿਨ ਤੰਤਰ ਦੇ ਘਟਕ ਕੀ ਹਨ? Click to see Answer
ਉੱਤਰ: ਉੱਚ ਸੰਗਠਿਤ ਪੌਦਿਆਂ ਵਿੱਚ ਪਰਿਵਹਿਨ ਤੰਤਰ ਦੇ ਮੁੱਖ ਘਟਕ 'ਜਾਇਲਮ' (Xylem) ਅਤੇ 'ਫਲੋਇਮ' (Phloem) ਟਿਸ਼ੂ ਹਨ ।
ਪ੍ਰਸ਼ਨ 17: ਪੌਦਿਆਂ ਵਿੱਚ ਪਾਣੀ ਅਤੇ ਖਣਿਜ ਪਦਾਰਥਾਂ ਦਾ ਪਰਿਵਹਿਨ ਕਿਵੇਂ ਹੁੰਦਾ ਹੈ? Click to see Answer
ਉੱਤਰ: ਪੌਦਿਆਂ ਵਿੱਚ ਪਾਣੀ ਅਤੇ ਖਣਿਜਾਂ ਦਾ ਪਰਿਵਹਿਨ 'ਜਾਇਲਮ' ਟਿਸ਼ੂ ਰਾਹੀਂ ਹੁੰਦਾ ਹੈ । ਜਾਇਲਮ ਦੀਆਂ ਵਹਿਣੀਆਂ ਅਤੇ ਵੈਸਲਜ਼ ਆਪਸ ਵਿੱਚ ਜੁੜ ਕੇ ਪਾਣੀ ਦੇ ਸੰਚਾਲਨ ਲਈ ਇੱਕ ਚੈਨਲ ਬਣਾਉਂਦੀਆਂ ਹਨ । ਜੜ੍ਹਾਂ ਰਾਹੀਂ ਸੋਖਿਆ ਗਿਆ ਪਾਣੀ ਵਾਸ਼ਪ-ਉਤਸਰਜਨ ਖਿੱਚ (Transpiration pull) ਅਤੇ ਰੂਟ ਪ੍ਰੈਸ਼ਰ (Root pressure) ਦੇ ਕਾਰਨ ਪੌਦੇ ਦੇ ਉਪਰਲੇ ਭਾਗਾਂ ਤੱਕ ਪਹੁੰਚਦਾ ਹੈ ।
ਪ੍ਰਸ਼ਨ 18: ਪੌਦਿਆਂ ਵਿੱਚ ਭੋਜਨ ਦਾ ਸਥਾਨਾਂਤਰਨ ਕਿਵੇਂ ਹੁੰਦਾ ਹੈ? Click to see Answer
ਉੱਤਰ: ਪੌਦਿਆਂ ਵਿੱਚ ਭੋਜਨ ਦਾ ਸਥਾਨਾਂਤਰਨ 'ਫਲੋਇਮ' ਟਿਸ਼ੂ ਰਾਹੀਂ ਹੁੰਦਾ ਹੈ । ਪੱਤਿਆਂ ਵਿੱਚ ਤਿਆਰ ਹੋਇਆ ਭੋਜਨ ਫਲੋਇਮ ਰਾਹੀਂ ਪੌਦੇ ਦੇ ਦੂਜੇ ਭਾਗਾਂ ਜਿਵੇਂ ਜੜ੍ਹਾਂ, ਫਲਾਂ ਅਤੇ ਬੀਜਾਂ ਤੱਕ ਪਹੁੰਚਦਾ ਹੈ । ਇਹ ਪ੍ਰਕਿਰਿਆ ਊਰਜਾ (ATP) ਦੀ ਵਰਤੋਂ ਕਰਕੇ ਹੁੰਦੀ ਹੈ, ਜਿਸ ਨਾਲ ਪਦਾਰਥ ਫਲੋਇਮ ਟਿਸ਼ੂ ਵਿੱਚ ਸਥਾਨਾਂਤਰਿਤ ਹੋ ਜਾਂਦੇ ਹਨ ।
ਪਾਠ ਦੇ ਅੰਦਰਲੇ ਪ੍ਰਸ਼ਨ (ਪੰਨਾ ਨੰ. 116)
ਪ੍ਰਸ਼ਨ 19: ਨੈਫਰਾਨ (ਗੁਰਦਾ ਅਣੂ) ਦੀ ਬਣਤਰ ਅਤੇ ਕਾਰਜ ਵਿਧੀ ਦਾ ਵਰਣਨ ਕਰੋ। Click to see Answer
ਉੱਤਰ: ਨੈਫਰਾਨ ਗੁਰਦੇ ਦੀ ਰਚਨਾਤਮਿਕ ਅਤੇ ਕਾਰਜਾਤਮਿਕ ਇਕਾਈ ਹੈ । ਇਸ ਦੀ ਬਣਤਰ ਅਤੇ ਕਾਰਜ ਵਿਧੀ ਹੇਠ ਲਿਖੇ ਅਨੁਸਾਰ ਹੈ : 1. ਬਣਤਰ: ਹਰ ਨੈਫਰਾਨ ਵਿੱਚ ਕੱਪ ਵਰਗੀ ਰਚਨਾ ਹੁੰਦੀ ਹੈ ਜਿਸ ਨੂੰ 'ਬੋਮੈਨ ਕੈਪਸੂਲ' ਕਹਿੰਦੇ ਹਨ । ਇਸ ਵਿੱਚ ਖੂਨ ਦੀਆਂ ਕੇਸ਼ਿਕਾਵਾਂ ਦਾ ਇੱਕ ਗੁੱਛਾ ਹੁੰਦਾ ਹੈ ਜਿਸ ਨੂੰ 'ਗਲੋਮੇਰੂਲਸ' (Glomerulus) ਕਹਿੰਦੇ ਹਨ । ਇਹ ਇੱਕ ਲੰਬੀ ਨਾਲੀ ਨਾਲ ਜੁੜਿਆ ਹੁੰਦਾ ਹੈ । 2. ਕਾਰਜ ਵਿਧੀ: ਜਦੋਂ ਗੰਦਾ ਖੂਨ ਗਲੋਮੇਰੂਲਸ ਵਿੱਚੋਂ ਲੰਘਦਾ ਹੈ, ਤਾਂ ਨਾਈਟ੍ਰੋਜਨ ਯੁਕਤ ਵਿਅਰਥ ਪਦਾਰਥ ਪੁਣ ਕੇ ਬੋਮੈਨ ਕੈਪਸੂਲ ਵਿੱਚ ਆ ਜਾਂਦੇ ਹਨ। ਜਦੋਂ ਇਹ ਪੁਣਿਆ ਹੋਇਆ ਤਰਲ ਨਾਲੀ ਵਿੱਚੋਂ ਲੰਘਦਾ ਹੈ, ਤਾਂ ਜ਼ਰੂਰੀ ਪਦਾਰਥ ਜਿਵੇਂ ਗੁਲੂਕੋਜ਼, ਅਮੀਨੋ ਐਸਿਡ ਅਤੇ ਪਾਣੀ ਦੁਬਾਰਾ ਸੋਖ ਲਏ ਜਾਂਦੇ ਹਨ। ਬਾਕੀ ਬਚਿਆ ਤਰਲ 'ਮੂਤਰ' (Urine) ਦੇ ਰੂਪ ਵਿੱਚ ਇਕੱਠਾ ਹੋ ਕੇ ਬਾਹਰ ਨਿਕਲਦਾ ਹੈ ।
ਪ੍ਰਸ਼ਨ 20: ਮਲ ਤਿਆਗ ਉਤਪਾਦਾਂ ਤੋਂ ਛੁਟਕਾਰਾ ਪਾਉਣ ਲਈ ਪੌਦੇ ਕਿਹੜੀਆਂ ਵਿਧੀਆਂ ਦੀ ਵਰਤੋਂ ਕਰਦੇ ਹਨ? Click to see Answer
ਉੱਤਰ: ਪੌਦੇ ਮਲ ਤਿਆਗ ਲਈ ਕਈ ਵੱਖ-ਵੱਖ ਵਿਧੀਆਂ ਵਰਤਦੇ ਹਨ : 1. ਵਾਧੂ ਪਾਣੀ ਨੂੰ ਵਾਸ਼ਪ-ਉਤਸਰਜਨ (Transpiration) ਰਾਹੀਂ ਬਾਹਰ ਕੱਢਦੇ ਹਨ । 2. ਆਕਸੀਜਨ ਵੀ ਇੱਕ ਵਿਅਰਥ ਪਦਾਰਥ ਦੇ ਰੂਪ ਵਿੱਚ ਸਟੋਮੈਟਾ ਰਾਹੀਂ ਬਾਹਰ ਕੱਢੀ ਜਾਂਦੀ ਹੈ । 3. ਬਹੁਤ ਸਾਰੇ ਵਿਅਰਥ ਪਦਾਰਥ ਪੱਤਿਆਂ ਵਿੱਚ ਜਮ੍ਹਾਂ ਹੁੰਦੇ ਹਨ ਜੋ ਬਾਅਦ ਵਿੱਚ ਝੜ ਜਾਂਦੇ ਹਨ । 4. ਕੁੱਝ ਵਿਅਰਥ ਪਦਾਰਥ ਜਿਵੇਂ ਰੈਜ਼ਿਨ ਅਤੇ ਗੂੰਦ ਪੁਰਾਣੇ ਜਾਇਲਮ ਵਿੱਚ ਜਮ੍ਹਾਂ ਹੁੰਦੇ ਹਨ । 5. ਪੌਦੇ ਕੁੱਝ ਵਿਅਰਥ ਪਦਾਰਥਾਂ ਨੂੰ ਆਪਣੇ ਆਲੇ-ਦੁਆਲੇ ਦੀ ਮਿੱਟੀ ਵਿੱਚ ਵੀ ਛੱਡ ਦਿੰਦੇ ਹਨ ।
ਪ੍ਰਸ਼ਨ 21: ਮੂਤਰ ਬਣਨ ਦੀ ਮਾਤਰਾ ਦਾ ਨਿਯਮਨ ਕਿਸ ਪ੍ਰਕਾਰ ਹੁੰਦਾ ਹੈ? Click to see Answer
ਉੱਤਰ: ਮੂਤਰ ਬਣਨ ਦੀ ਮਾਤਰਾ ਸਰੀਰ ਵਿੱਚ ਉਪਲਬਧ ਵਾਧੂ ਪਾਣੀ ਦੀ ਮਾਤਰਾ ਅਤੇ ਬਾਹਰ ਕੱਢੇ ਜਾਣ ਵਾਲੇ ਵਿਅਰਥ ਪਦਾਰਥਾਂ ਦੀ ਮਾਤਰਾ ਤੇ ਨਿਰਭਰ ਕਰਦੀ ਹੈ। ਪਾਣੀ ਦੀ ਮੁੜ-ਸੋਖਣ (Reabsorption) ਦੀ ਮਾਤਰਾ ਇਸ ਗੱਲ ਤੇ ਨਿਰਭਰ ਕਰਦੀ ਹੈ ਕਿ ਸਰੀਰ ਨੂੰ ਕਿੰਨੇ ਪਾਣੀ ਦੀ ਜ਼ਰੂਰਤ ਹੈ । ਜੇਕਰ ਸਰੀਰ ਵਿੱਚ ਪਾਣੀ ਦੀ ਮਾਤਰਾ ਜ਼ਿਆਦਾ ਹੈ, ਤਾਂ ਮੂਤਰ ਜ਼ਿਆਦਾ ਮਾਤਰਾ ਵਿੱਚ ਬਣੇਗਾ । ਕੁੱਝ ਹਾਰਮੋਨ ਵੀ ਮੂਤਰ ਦੀ ਮਾਤਰਾ ਨੂੰ ਕੰਟਰੋਲ ਕਰਦੇ ਹਨ ।
ਅਭਿਆਸ ਦੇ ਪ੍ਰਸ਼ਨ (ਪੰਨਾ ਨੰ. 117-118)
ਪ੍ਰਸ਼ਨ 22: ਮਨੁੱਖ ਵਿੱਚ ਗੁਰਦੇ ਇੱਕ ਤੰਤਰ ਦਾ ਭਾਗ ਹਨ ਜੋ ਸੰਬੰਧਿਤ ਹੈ : Click to see Answer
ਉੱਤਰ: (C) ਮਲ ਤਿਆਗ
ਪ੍ਰਸ਼ਨ 23: ਪੌਦਿਆਂ ਵਿੱਚ ਜਾਇਲਮ ਉੱਤਰਦਾਈ ਹੈ : Click to see Answer
ਉੱਤਰ: (A) ਪਾਣੀ ਦੇ ਪਰਿਵਹਿਨ ਲਈ
ਪ੍ਰਸ਼ਨ 24: ਸਵੈਪੋਸ਼ੀ ਪੋਸ਼ਣ ਲਈ ਜ਼ਰੂਰੀ ਹੈ : Click to see Answer
ਉੱਤਰ: (D) ਉਪਰੋਕਤ ਸਾਰੇ (ਕਾਰਬਨ ਡਾਈਆਕਸਾਈਡ ਅਤੇ ਪਾਣੀ, ਕਲੋਰੋਫਿਲ, ਸੂਰਜ ਦਾ ਪ੍ਰਕਾਸ਼)
ਪ੍ਰਸ਼ਨ 25: ਪਾਇਰੂਵੇਟ ਦੇ ਵਿਘਟਨ ਨਾਲ ਕਾਰਬਨ ਡਾਈਆਕਸਾਈਡ, ਪਾਣੀ ਅਤੇ ਊਰਜਾ ਦੇਣ ਦੀ ਕਿਰਿਆ ਹੁੰਦੀ ਹੈ : Click to see Answer
ਉੱਤਰ: (B) ਮਾਈਟੋਕਾਂਡਰੀਆ ਵਿੱਚ
ਪ੍ਰਸ਼ਨ 26: ਸਾਡੇ ਸਰੀਰ ਵਿੱਚ ਚਰਬੀ ਦਾ ਪਾਚਨ ਕਿਵੇਂ ਹੁੰਦਾ ਹੈ? ਇਹ ਪ੍ਰਕਿਰਿਆ ਕਿੱਥੇ ਹੁੰਦੀ ਹੈ? Click to see Answer
ਉੱਤਰ: ਚਰਬੀ ਦਾ ਪਾਚਨ ਮੁੱਖ ਤੌਰ ਤੇ ਛੋਟੀ ਆਂਦਰ ਵਿੱਚ ਹੁੰਦਾ ਹੈ । ਜਿਗਰ ਤੋਂ ਆਉਣ ਵਾਲਾ ਪਿੱਤ ਰਸ (Bile juice) ਚਰਬੀ ਦੇ ਵੱਡੇ ਕਣਾਂ ਨੂੰ ਛੋਟੇ ਕਣਾਂ ਵਿੱਚ ਤੋੜਦਾ ਹੈ (Emulsification) । ਫਿਰ ਲੱਬੇ (Pancreas) ਤੋਂ ਆਉਣ ਵਾਲਾ ਲਾਈਪੇਜ਼ (Lipase) ਐਨਜ਼ਾਈਮ ਇਸ ਨੂੰ ਫੈਟੀ ਐਸਿਡ ਅਤੇ ਗਲਿਸਰੋਲ ਵਿੱਚ ਬਦਲ ਦਿੰਦਾ ਹੈ ।
ਪ੍ਰਸ਼ਨ 27: ਭੋਜਨ ਦੇ ਪਾਚਨ ਵਿੱਚ ਲਾਰ ਦੀ ਕੀ ਭੂਮਿਕਾ ਹੈ? Click to see Answer
ਉੱਤਰ: ਲਾਰ ਭੋਜਨ ਨੂੰ ਗਿੱਲਾ ਅਤੇ ਮੁਲਾਇਮ ਬਣਾਉਂਦੀ ਹੈ ਤਾਂ ਜੋ ਇਹ ਆਸਾਨੀ ਨਾਲ ਨਿਕਲਿਆ ਜਾ ਸਕੇ । ਲਾਰ ਵਿੱਚ 'ਸਲਾਈਵਰੀ ਐਮੀਲੇਜ਼' (Salivary Amylase) ਨਾਮਕ ਐਨਜ਼ਾਈਮ ਹੁੰਦਾ ਹੈ ਜੋ ਭੋਜਨ ਵਿਚਲੇ ਗੁੰਝਲਦਾਰ ਸਟਾਰਚ ਨੂੰ ਸਰਲ ਚੀਨੀ (Sugar/Maltose) ਵਿੱਚ ਤੋੜ ਦਿੰਦਾ ਹੈ ।
ਪ੍ਰਸ਼ਨ 28: ਸਵੈਪੋਸ਼ੀ ਪੋਸ਼ਣ ਲਈ ਜ਼ਰੂਰੀ ਪਰਿਸਥਿਤੀਆਂ ਕਿਹੜੀਆਂ ਹਨ ਅਤੇ ਉਸ ਦੇ ਉਤਪਾਦ ਕੀ ਹਨ? Click to see Answer
ਉੱਤਰ: ਸਵੈਪੋਸ਼ੀ ਪੋਸ਼ਣ ਲਈ ਜ਼ਰੂਰੀ ਪਰਿਸਥਿਤੀਆਂ : ਕਲੋਰੋਫਿਲ, ਸੂਰਜ ਦਾ ਪ੍ਰਕਾਸ਼, ਕਾਰਬਨ ਡਾਈਆਕਸਾਈਡ ਅਤੇ ਪਾਣੀ । ਇਸ ਦੇ ਮੁੱਖ ਉਤਪਾਦ ਗੁਲੂਕੋਜ਼ (ਭੋਜਨ) ਅਤੇ ਆਕਸੀਜਨ ਗੈਸ ਹਨ ।
ਪ੍ਰਸ਼ਨ 29: ਆਕਸੀ ਅਤੇ ਅਣ-ਆਕਸੀ ਸਾਹ ਕਿਰਿਆ ਵਿੱਚ ਕੀ ਅੰਤਰ ਹੈ? ਕੁੱਝ ਜੀਵਾਂ ਦੇ ਨਾਂ ਲਿਖੋ ਜਿਨ੍ਹਾਂ ਵਿੱਚ ਅਣ-ਆਕਸੀ ਸਾਹ ਕਿਰਿਆ ਹੁੰਦੀ ਹੈ। Click to see Answer
ਉੱਤਰ: ਅੰਤਰ ਇਸ ਪ੍ਰਕਾਰ ਹੈ : ਆਕਸੀ ਸਾਹ ਕਿਰਿਆ: 1. ਇਹ ਆਕਸੀਜਨ ਦੀ ਮੌਜੂਦਗੀ ਵਿੱਚ ਹੁੰਦੀ ਹੈ । 2. ਇਸ ਵਿੱਚ ਬਹੁਤ ਜ਼ਿਆਦਾ ਊਰਜਾ ਪੈਦਾ ਹੁੰਦੀ ਹੈ । 3. ਅੰਤਿਮ ਉਤਪਾਦ ਕਾਰਬਨ ਡਾਈਆਕਸਾਈਡ ਅਤੇ ਪਾਣੀ ਹਨ । ਅਣ-ਆਕਸੀ ਸਾਹ ਕਿਰਿਆ: 1. ਇਹ ਆਕਸੀਜਨ ਦੀ ਗੈਰ-ਮੌਜੂਦਗੀ ਵਿੱਚ ਹੁੰਦੀ ਹੈ । 2. ਇਸ ਵਿੱਚ ਬਹੁਤ ਘੱਟ ਊਰਜਾ ਪੈਦਾ ਹੁੰਦੀ ਹੈ । 3. ਅੰਤਿਮ ਉਤਪਾਦ ਈਥਾਨੋਲ ਅਤੇ CO2 (ਜਾਂ ਲੈਕਟਿਕ ਤੇਜ਼ਾਬ) ਹਨ । ਕੁੱਝ ਜੀਵ ਜਿਵੇਂ ਖਮੀਰ (Yeast) ਅਤੇ ਕੁੱਝ ਜੀਵਾਣੂਆਂ ਵਿੱਚ ਅਣ-ਆਕਸੀ ਸਾਹ ਕਿਰਿਆ ਹੁੰਦੀ ਹੈ ।
ਪ੍ਰਸ਼ਨ 30: ਗੈਸਾਂ ਦੇ ਵੱਧ ਤੋਂ ਵੱਧ ਵਟਾਂਦਰੇ ਲਈ ਐਲਵਿਓਲਾਈ ਨੂੰ ਕਿਵੇਂ ਡਿਜ਼ਾਈਨ ਕੀਤਾ ਗਿਆ ਹੈ? Click to see Answer
ਉੱਤਰ: ਐਲਵਿਓਲਾਈ ਗੁਬਾਰੇ ਵਰਗੀਆਂ ਰਚਨਾਵਾਂ ਹਨ ਜੋ ਗੈਸਾਂ ਦੇ ਵਟਾਂਦਰੇ ਲਈ ਬਹੁਤ ਵੱਡਾ ਸਤਹੀ ਖੇਤਰਫਲ ਪ੍ਰਦਾਨ ਕਰਦੀਆਂ ਹਨ । ਇਨ੍ਹਾਂ ਦੀਆਂ ਦੀਵਾਰਾਂ ਬਹੁਤ ਪਤਲੀਆਂ ਹੁੰਦੀਆਂ ਹਨ ਅਤੇ ਉਨ੍ਹਾਂ ਵਿੱਚ ਖੂਨ ਦੀਆਂ ਕੇਸ਼ਿਕਾਵਾਂ ਦਾ ਸੰਘਣਾ ਜਾਲ ਹੁੰਦਾ ਹੈ, ਜਿਸ ਨਾਲ ਆਕਸੀਜਨ ਅਤੇ ਕਾਰਬਨ ਡਾਈਆਕਸਾਈਡ ਦਾ ਵਟਾਂਦਰਾ ਆਸਾਨੀ ਨਾਲ ਹੋ ਜਾਂਦਾ ਹੈ ।
ਪ੍ਰਸ਼ਨ 31: ਸਾਡੇ ਸਰੀਰ ਵਿੱਚ ਹੀਮੋਗਲੋਬਿਨ ਦੀ ਕਮੀ ਦੇ ਕੀ ਸਿੱਟੇ ਹੋ ਸਕਦੇ ਹਨ? Click to see Answer
ਉੱਤਰ: ਹੀਮੋਗਲੋਬਿਨ ਸਰੀਰ ਦੇ ਸੈੱਲਾਂ ਤੱਕ ਆਕਸੀਜਨ ਲੈ ਕੇ ਜਾਣ ਵਾਲਾ ਵਰਣਕ ਹੈ । ਇਸ ਦੀ ਕਮੀ ਨਾਲ ਸਰੀਰ ਦੇ ਟਿਸ਼ੂਆਂ ਨੂੰ ਲੋੜੀਂਦੀ ਆਕਸੀਜਨ ਨਹੀਂ ਮਿਲੇਗੀ, ਜਿਸ ਨਾਲ ਊਰਜਾ ਘੱਟ ਪੈਦਾ ਹੋਵੇਗੀ । ਇਸ ਨਾਲ ਥਕਾਵਟ, ਕਮਜ਼ੋਰੀ, ਪੀਲਾਪਨ ਅਤੇ ਸਾਹ ਚੜ੍ਹਨ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਹਨ, ਜਿਸ ਨੂੰ 'ਅਨੀਮੀਆ' (Anemia) ਕਹਿੰਦੇ ਹਨ ।
ਪ੍ਰਸ਼ਨ 32: ਮਨੁੱਖ ਵਿੱਚ ਦੁਹਰਾ ਲਹੂ ਗੇੜ ਦਾ ਕੀ ਅਰਥ ਹੈ? ਇਹ ਕਿਉਂ ਜ਼ਰੂਰੀ ਹੈ? Click to see Answer
ਉੱਤਰ: ਇੱਕ ਪੂਰਾ ਚੱਕਰ ਲਗਾਉਣ ਲਈ ਲਹੂ ਦਿਲ ਵਿੱਚੋਂ ਦੋ ਵਾਰ ਲੰਘਦਾ ਹੈ, ਇਸ ਨੂੰ ਦੁਹਰਾ ਲਹੂ ਗੇੜ (Double Circulation) ਕਹਿੰਦੇ ਹਨ । ਪਹਿਲੀ ਵਾਰ ਲਹੂ ਸਰੀਰ ਤੋਂ ਦਿਲ ਵਿੱਚ ਅਤੇ ਫਿਰ ਫੇਫੜਿਆਂ ਵਿੱਚ ਜਾਂਦਾ ਹੈ। ਦੂਜੀ ਵਾਰ ਸਾਫ਼ ਲਹੂ ਫੇਫੜਿਆਂ ਤੋਂ ਦਿਲ ਵਿੱਚ ਅਤੇ ਫਿਰ ਪੂਰੇ ਸਰੀਰ ਵਿੱਚ ਪੰਪ ਕੀਤਾ ਜਾਂਦਾ ਹੈ । ਇਹ ਆਕਸੀਜਨ ਯੁਕਤ ਅਤੇ ਆਕਸੀਜਨ ਰਹਿਤ ਲਹੂ ਨੂੰ ਵੱਖ ਰੱਖਣ ਲਈ ਜ਼ਰੂਰੀ ਹੈ ਤਾਂ ਜੋ ਸਰੀਰ ਨੂੰ ਆਕਸੀਜਨ ਦੀ ਕੁਸ਼ਲ ਸਪਲਾਈ ਮਿਲ ਸਕੇ ।
ਪ੍ਰਸ਼ਨ 33: ਜਾਇਲਮ ਅਤੇ ਫਲੋਇਮ ਵਿੱਚ ਪਦਾਰਥਾਂ ਦੇ ਪਰਿਵਹਿਨ ਵਿੱਚ ਕੀ ਅੰਤਰ ਹੈ? Click to see Answer
ਉੱਤਰ: ਅੰਤਰ ਇਸ ਪ੍ਰਕਾਰ ਹੈ:
ਜਾਇਲਮ ਵਿੱਚ ਪਰਿਵਹਿਨਫਲੋਇਮ ਵਿੱਚ ਪਰਿਵਹਿਨ
1. ਜਾਇਲਮ ਟਿਸ਼ੂ ਪੌਦਿਆਂ ਵਿੱਚ ਪਾਣੀ ਅਤੇ ਖਣਿਜ ਪਦਾਰਥਾਂ ਦਾ ਪਰਿਵਹਿਨ ਕਰਦਾ ਹੈ ।1. ਫਲੋਇਮ ਟਿਸ਼ੂ ਪੌਦਿਆਂ ਦੇ ਪੱਤਿਆਂ ਵਿੱਚ ਤਿਆਰ ਭੋਜਨ ਦਾ ਸਥਾਨਾਂਤਰਨ ਸਾਰੇ ਭਾਗਾਂ ਤੱਕ ਕਰਦਾ ਹੈ ।
2. ਇਹ ਪਰਿਵਹਿਨ ਕੇਵਲ ਜੜ੍ਹ ਤੋਂ ਪੌਦੇ ਦੇ ਉਪਰਲੇ ਭਾਗਾਂ ਤੱਕ ਹੀ ਕਰਦਾ ਹੈ ।2. ਇਹ ਸਥਾਨਾਤਰਨ ਪੌਦੇ ਦੀ ਜਰੂਰਤ ਅਨੁਸਾਰ ਉੱਪਰ ਵੱਲ ਜਾਂ ਹੇਠਾਂ ਵੱਲ ਦੋਵਾਂ ਦਿਸ਼ਾਵਾਂ ਵਿੱਚ ਕਰਦਾ ਹੈ ।
ਪ੍ਰਸ਼ਨ 34: ਫੇਫੜਿਆਂ ਵਿੱਚ ਐਲਵਿਓਲਾਈ ਅਤੇ ਗੁਰਦਿਆਂ ਵਿੱਚ ਨੈਫਰਾਨ ਦੇ ਕੰਮ ਦੀ ਤੁਲਨਾ ਬਣਤਰ ਅਤੇ ਕਾਰਜ ਵਿਧੀ ਦੇ ਆਧਾਰ ਤੇ ਕਰੋ। Click to see Answer
ਉੱਤਰ: 1. ਬਣਤਰ: ਐਲਵਿਓਲਾਈ ਫੇਫੜਿਆਂ ਵਿੱਚ ਗੁਬਾਰੇ ਵਰਗੀਆਂ ਛੋਟੀਆਂ ਰਚਨਾਵਾਂ ਹਨ, ਜਦਕਿ ਨੈਫਰਾਨ ਗੁਰਦਿਆਂ ਵਿੱਚ ਲੰਬੀਆਂ ਅਤੇ ਵਲਦਾਰ ਨਾਲੀਆਂ ਵਰਗੀਆਂ ਰਚਨਾਵਾਂ ਹਨ । 2. ਕਾਰਜ ਵਿਧੀ: ਐਲਵਿਓਲਾਈ ਖੂਨ ਅਤੇ ਹਵਾ ਵਿਚਕਾਰ ਗੈਸਾਂ (ਆਕਸੀਜਨ ਅਤੇ CO2) ਦਾ ਵਟਾਂਦਰਾ ਕਰਦੀਆਂ ਹਨ । ਨੈਫਰਾਨ ਖੂਨ ਨੂੰ ਪੁਣ ਕੇ ਨਾਈਟ੍ਰੋਜਨ ਯੁਕਤ ਵਿਅਰਥ ਪਦਾਰਥਾਂ (ਯੂਰੀਆ) ਨੂੰ ਬਾਹਰ ਕੱਢਦੇ ਹਨ ਅਤੇ ਜ਼ਰੂਰੀ ਪਦਾਰਥਾਂ ਨੂੰ ਦੁਬਾਰਾ ਸੋਖਦੇ ਹਨ ।
Share post to friends:

💐🌿Follow us for latest updates 👇👇👇

Featured post

PSTET Previous Year Question Papers Solved || Mock Tests || Quizzes || and study materials

PSTET  Previous Year Question Papers Solved & Study Materials If you are preparing for PSTET 2026, 2027 , then practicing PSTET Previo...

RECENT UPDATES

Trends