ਮੋਹਾਲੀ ਦੇ ਪਿੰਡ ਮਾਣਕਪੁਰ ਸ਼ਰੀਫ਼ ਦੀ ਪੰਚਾਇਤ ਦਾ ਫਰਮਾਨ, ਪ੍ਰੇਮ ਵਿਆਹ ਕਰਨ 'ਤੇ ਪਿੰਡ 'ਚੋਂ ਕੱਢਣ ਦਾ ਮਤਾ ਪਾਸ**
**ਮੋਹਾਲੀ, 1 ਅਗਸਤ, 2025 ( ਜਾਬਸ ਆਫ ਟੁਡੇ)
ਮੋਹਾਲੀ ਦੇ ਬਲਾਕ ਮਾਜਰੀ ਅਧੀਨ ਪੈਂਦੇ ਪਿੰਡ ਮਾਣਕਪੁਰ ਸ਼ਰੀਫ਼ ਦੀ ਗ੍ਰਾਮ ਪੰਚਾਇਤ ਵੱਲੋਂ ਇੱਕ ਫਰਮਾਨ ਜਾਰੀ ਕੀਤਾ ਗਿਆ ਹੈ, ਜਿਸ ਨੇ ਸੋਸ਼ਲ ਮੀਡੀਆ 'ਤੇ ਨਵੀਂ ਬਹਿਸ ਛੇੜ ਦਿੱਤੀ ਹੈ। ਪੰਚਾਇਤ ਨੇ ਇੱਕ ਮਤਾ ਪਾਸ ਕਰਕੇ ਐਲਾਨ ਕੀਤਾ ਹੈ ਕਿ ਜੇਕਰ ਪਿੰਡ ਦਾ ਕੋਈ ਵੀ ਲੜਕਾ ਜਾਂ ਲੜਕੀ ਪਰਿਵਾਰ ਦੀ ਮਰਜ਼ੀ ਤੋਂ ਬਿਨਾਂ ਪ੍ਰੇਮ ਵਿਆਹ ਕਰਦਾ ਹੈ, ਤਾਂ ਉਸ ਨੂੰ ਪਿੰਡ ਵਿੱਚੋਂ ਕੱਢ ਦਿੱਤਾ ਜਾਵੇਗਾ।
ਸਰਪੰਚ ਦਲਜੀਤ ਸਿੰਘ ਅਤੇ ਹੋਰ ਪੰਚਾਂ ਦੇ ਦਸਤਖਤਾਂ ਹੇਠ 31 ਜੁਲਾਈ, 2025 ਨੂੰ ਜਾਰੀ ਕੀਤੇ ਗਏ ਇਸ ਪੱਤਰ ਅਨੁਸਾਰ, ਗ੍ਰਾਮ ਸਭਾ ਦੀ ਮੀਟਿੰਗ ਵਿੱਚ ਇਹ ਫੈਸਲਾ ਸਰਬਸੰਮਤੀ ਨਾਲ ਲਿਆ ਗਿਆ ਹੈ। ਮਤੇ ਵਿੱਚ ਸਪੱਸ਼ਟ ਲਿਖਿਆ ਹੈ:
"ਮਤਾ ਪੇਸ਼ ਹੋਇਆ ਹੈ ਕਿ ਜੇਕਰ ਪਿੰਡ ਦਾ ਕੋਈ ਵੀ ਲੜਕਾ ਜਾਂ ਲੜਕੀ ਪਰਿਵਾਰ ਦੀ ਮਰਜ਼ੀ ਤੋਂ ਬਿਨਾਂ ਆਪਸ ਵਿੱਚ ' ਮੈਰਿਜ' (ਪ੍ਰੇਮ ਵਿਆਹ) ਕਰਵਾਉਂਦੇ ਹਨ, ਤਾਂ ਉਨ੍ਹਾਂ ਨੂੰ ਪਿੰਡ ਵਿੱਚੋਂ ਕੱਢ ਦਿੱਤਾ ਜਾਵੇਗਾ ਅਤੇ ਉਨ੍ਹਾਂ ਨੂੰ ਪਿੰਡ ਵਿੱਚ ਰਹਿਣ ਦਾ ਕੋਈ ਅਧਿਕਾਰ ਨਹੀਂ ਹੋਵੇਗਾ।"
ਇੰਨਾ ਹੀ ਨਹੀਂ, ਪੰਚਾਇਤ ਨੇ ਇਹ ਵੀ ਕਿਹਾ ਹੈ ਕਿ ਜੇਕਰ ਕੋਈ ਪਰਿਵਾਰ ਜਾਂ ਪਿੰਡ ਦਾ ਹੋਰ ਵਿਅਕਤੀ ਇਸ ਮਤੇ ਦੇ ਖਿਲਾਫ਼ ਜਾ ਕੇ ਅਜਿਹੇ ਜੋੜੇ ਦੀ ਮਦਦ ਕਰਦਾ ਹੈ, ਤਾਂ ਉਸ 'ਤੇ ਵੀ ਇਹੀ ਕਾਰਵਾਈ ਕੀਤੀ ਜਾਵੇਗੀ। ਪੱਤਰ ਵਿੱਚ ਇਸ ਫੈਸਲੇ ਦਾ ਮਕਸਦ "ਵਰਤਮਾਨ ਸਮੇਂ ਵਿੱਚ ਆ ਰਹੀਆਂ ਘਟਨਾਵਾਂ ਨੂੰ ਰੋਕਣਾ" ਦੱਸਿਆ ਗਿਆ ਹੈ।
ਮੋਹਾਲੀ ਦੇ ਏਡੀਸੀ ਦਿਹਾਤੀ ਸੋਨਮ ਚੌਧਰੀ ਨੇ ਕਿਹਾ ਕਿ ਪ੍ਰਸ਼ਾਸਨ ਨੂੰ ਅਜੇ ਤੱਕ ਅਜਿਹੀ ਕੋਈ ਸ਼ਿਕਾਇਤ ਨਹੀਂ ਮਿਲੀ ਹੈ। ਜੇਕਰ ਕੋਈ ਲੜਕਾ ਜਾਂ ਲੜਕੀ ਨਾਬਾਲਗ ਹੈ, ਤਾਂ ਪਰਿਵਾਰ ਫੈਸਲਾ ਲੈ ਸਕਦਾ ਹੈ, ਪਰ ਜੇਕਰ ਉਹ ਬਾਲਗ ਹਨ, ਤਾਂ ਉਨ੍ਹਾਂ ਨੂੰ ਫੈਸਲਾ ਲੈਣ ਦਾ ਅਧਿਕਾਰ ਹੈ। ਜੇਕਰ ਅਜਿਹੀ ਕੋਈ ਸ਼ਿਕਾਇਤ ਮਿਲਦੀ ਹੈ, ਤਾਂ ਉਸ 'ਤੇ ਕਾਨੂੰਨ ਅਨੁਸਾਰ ਕਾਰਵਾਈ ਕੀਤੀ ਜਾਵੇਗੀ।
