ਪੰਜਾਬ ਦੇ ਸਕੂਲਾਂ ਲਈ ਅਗਸਤ 2025 ਦਾ ਨਵਾਂ ਮਿਡ-ਡੇ-ਮੀਲ ਮੀਨੂੰ ਜਾਰੀ
ਮੋਹਾਲੀ, 30 ਜੁਲਾਈ 2025
ਪੰਜਾਬ ਸਟੇਟ ਮਿਡ ਡੇ ਮੀਲ ਸੋਸਾਇਟੀ ਨੇ ਪੀ.ਐਮ. ਪੋਸ਼ਣ ਸਕੀਮ ਤਹਿਤ ਸਕੂਲਾਂ ਵਿੱਚ ਦਿੱਤੇ ਜਾਣ ਵਾਲੇ ਦੁਪਹਿਰ ਦੇ ਖਾਣੇ ਲਈ ਨਵਾਂ ਹਫ਼ਤਾਵਾਰੀ ਮੀਨੂੰ ਜਾਰੀ ਕਰ ਦਿੱਤਾ ਹੈ। ਇਹ ਮੀਨੂੰ 1 ਅਗਸਤ, 2025 ਤੋਂ 31 ਅਗਸਤ, 2025 ਤੱਕ ਲਾਗੂ ਰਹੇਗਾ।
ਸਮੂਹ ਜ਼ਿਲ੍ਹਾ ਸਿੱਖਿਆ ਅਫ਼ਸਰਾਂ (ਸੈਕੰਡਰੀ ਅਤੇ ਐਲੀਮੈਂਟਰੀ) ਨੂੰ ਜਾਰੀ ਕੀਤੇ ਗਏ ਪੱਤਰ ਵਿੱਚ ਹਦਾਇਤ ਦਿੱਤੀ ਗਈ ਹੈ ਕਿ ਵਿਦਿਆਰਥੀਆਂ ਨੂੰ ਮਿਡ-ਡੇ-ਮੀਲ ਇੰਚਾਰਜ ਦੀ ਨਿਗਰਾਨੀ ਹੇਠ ਕਤਾਰ ਵਿੱਚ ਬਿਠਾ ਕੇ ਨਵੇਂ ਮੀਨੂੰ ਅਨੁਸਾਰ ਹੀ ਭੋਜਨ ਖੁਆਇਆ ਜਾਵੇ। ਸਰਕਾਰੀ ਹੁਕਮਾਂ ਵਿੱਚ ਸਪੱਸ਼ਟ ਕੀਤਾ ਗਿਆ ਹੈ ਕਿ ਜੇਕਰ ਕਿਸੇ ਵੀ ਸਕੂਲ ਵਿੱਚ ਮੀਨੂੰ ਦੀ ਪਾਲਣਾ ਨਹੀਂ ਕੀਤੀ ਜਾਂਦੀ, ਤਾਂ ਇਸਦੀ ਪੂਰੀ ਜ਼ਿੰਮੇਵਾਰੀ ਸਬੰਧਤ ਸਕੂਲ ਦੇ ਮੁਖੀ ਦੀ ਹੋਵੇਗੀ।
ਅਗਸਤ ਮਹੀਨੇ ਲਈ ਹਫ਼ਤਾਵਾਰੀ ਮੀਨੂੰ ਇਸ ਪ੍ਰਕਾਰ ਹੈ:
- ਸੋਮਵਾਰ: ਦਾਲ ਅਤੇ ਰੋਟੀ
- ਮੰਗਲਵਾਰ: ਰਾਜਮਾਹ, ਚਾਵਲ ਅਤੇ ਖੀਰ
- ਬੁੱਧਵਾਰ: ਕਾਲੇ ਛੋਲੇ/ਚਿੱਟੇ ਛੋਲੇ (ਆਲੂ ਮਿਲਾ ਕੇ) ਅਤੇ ਪੂਰੀ/ਰੋਟੀ
- ਵੀਰਵਾਰ: ਕੜ੍ਹੀ (ਆਲੂ ਅਤੇ ਪਿਆਜ਼ ਦੇ ਪਕੌੜਿਆਂ ਸਮੇਤ) ਅਤੇ ਚਾਵਲ
- ਸ਼ੁੱਕਰਵਾਰ: ਮੌਸਮੀ ਸਬਜ਼ੀ ਅਤੇ ਰੋਟੀ
- ਸ਼ਨੀਵਾਰ: ਸਾਬਤ ਮਾਹ ਦੀ ਦਾਲ, ਚਾਵਲ ਅਤੇ ਮੌਸਮੀ ਫਲ
ਤਿੱਥੀ ਭੋਜਨ ਲਈ ਪ੍ਰੇਰਨਾ
ਸਰਕੂਲਰ ਵਿੱਚ 'ਤਿੱਥੀ ਭੋਜਨ' ਦੀ ਪਹਿਲਕਦਮੀ ਨੂੰ ਵੀ ਉਤਸ਼ਾਹਿਤ ਕੀਤਾ ਗਿਆ ਹੈ। ਇਸ ਤਹਿਤ ਪਿੰਡ ਦੇ ਸਰਪੰਚ, ਦਾਨੀ ਸੱਜਣਾਂ ਅਤੇ ਹੋਰ ਪਤਵੰਤਿਆਂ ਦੇ ਸਹਿਯੋਗ ਨਾਲ ਵਿਸ਼ੇਸ਼ ਮੌਕਿਆਂ, ਦਿਨਾਂ ਜਾਂ ਤਿਉਹਾਰਾਂ 'ਤੇ ਵਿਦਿਆਰਥੀਆਂ ਨੂੰ ਦੁਪਹਿਰ ਦੇ ਖਾਣੇ ਦੇ ਨਾਲ ਕੋਈ ਖਾਸ ਪਕਵਾਨ, ਫਲ ਜਾਂ ਮਠਿਆਈ ਵੰਡਣ ਲਈ ਉਪਰਾਲੇ ਕਰਨ ਲਈ ਕਿਹਾ ਗਿਆ ਹੈ।
