**ਪੰਜਾਬ ਸਰਕਾਰ ਵੱਲੋਂ ਸਰਪੰਚਾਂ ਨੂੰ 2000 ਰੁਪਏ ਮਹੀਨਾ ਵੇਤਨ ਦੇਣ ਦਾ ਐਲਾਨ**
ਚੰਡੀਗੜ੍ਹ 24 ਅਪ੍ਰੈਲ 2025( ਜਾਬਸ ਆਫ ਟੁਡੇ) ਪੰਜਾਬ ਸਰਕਾਰ ਨੇ ਪਿੰਡਾਂ ਦੇ ਸਰਪੰਚਾਂ ਲਈ ਇੱਕ ਵੱਡਾ ਐਲਾਨ ਕੀਤਾ ਹੈ। ਹੁਣ ਪੰਜਾਬ ਦੇ ਹਰ ਸਰਪੰਚ ਨੂੰ ਹਰ ਮਹੀਨੇ 2000 ਰੁਪਏ ਵੇਤਨ ਦਿੱਤਾ ਜਾਵੇਗਾ। ਇਹ ਵੇਤਨ ਉਸੇ ਦਿਨ ਤੋਂ ਦਿੱਤਾ ਜਾਵੇਗਾ ਜਿਸ ਦਿਨ ਸਰਪੰਚਾਂ ਨੇ ਸਹੁੰ ਚੁੱਕੀ ਹੈ।
ਇਸ ਗੱਲ ਦਾ ਐਲਾਨ ਮੁੱਖ ਮੰਤਰੀ ਭਗਵੰਤ ਮਾਨ ਨੇ ਚੰਡੀਗੜ੍ਹ ਸਥਿਤ ਟੈਗੋਰ ਥੀਏਟਰ ਵਿੱਚ ਪੰਚਾਇਤ ਦਿਵਸ ਮੌਕੇ ਆਯੋਜਿਤ ਇੱਕ ਸਮਾਗਮ ਦੌਰਾਨ ਕੀਤਾ।
ਮੁੱਖ ਮੰਤਰੀ ਮਾਨ ਨੇ ਕਿਹਾ ਕਿ ਇਹ ਸਿਰਫ ਸ਼ੁਰੂਆਤ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਇਸ ਰਾਸ਼ੀ ਵਿੱਚ ਹੋਰ ਵਾਧਾ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਪਹਿਲਾਂ ਸਰਪੰਚਾਂ ਨੂੰ ਸਿਰਫ 1200 ਰੁਪਏ ਦਿੱਤੇ ਜਾਂਦੇ ਸਨ। ਪੈਸੇ ਨਾ ਮਿਲਣ ਕਾਰਨ ਕੁਝ ਪੰਚਾਇਤਾਂ ਅਦਾਲਤ ਵੀ ਗਈਆਂ ਸਨ। ਇਸ ਤੋਂ ਬਾਅਦ 2019 ਵਿੱਚ ਪਿਛਲੀ ਸਰਕਾਰ ਨੇ ਪੈਨਸ਼ਨ ਬੰਦ ਕਰ ਦਿੱਤੀ ਸੀ।
ਮੁੱਖ ਮੰਤਰੀ ਨੇ ਵਿਰੋਧੀਆਂ 'ਤੇ ਨਾਮ ਲਏ ਬਿਨਾਂ ਨਿਸ਼ਾਨਾ ਸਾਧਿਆ ਅਤੇ ਕਿਹਾ ਕਿ ਪਹਿਲਾਂ ਵਾਲੇ ਤਾਂ 'ਮੇਰਾ ਸਾਲਾ, ਮੇਰਾ ਜੀਜਾ, ਮੇਰਾ ਪੁੱਤਰ, ਮੇਰਾ ਬੇਟਾ' ਕਰਦੇ ਚਲੇ ਗਏ। ਉਨ੍ਹਾਂ ਭ੍ਰਿਸ਼ਟਾਚਾਰ 'ਤੇ ਨਕੇਲ ਕੱਸਣ ਦੀ ਗੱਲ ਵੀ ਕੀਤੀ ਅਤੇ ਕਿਹਾ ਕਿ ਜਦੋਂ 200-200 ਕਿਲੋਮੀਟਰ ਬਦਲੀ ਕੀਤੀ ਗਈ ਤਾਂ ਸਿਸਟਮ ਸੁਧਰਿਆ।
ਇਸ ਮੌਕੇ ਉਨ੍ਹਾਂ ਇਹ ਵੀ ਕਿਹਾ ਕਿ ਸਰਪੰਚਾਂ ਦੇ ਅਧਿਕਾਰਾਂ ਨੂੰ ਮਜ਼ਬੂਤ ਕੀਤਾ ਜਾਵੇਗਾ। ਇਸ ਦੌਰਾਨ ਉਨ੍ਹਾਂ ਸਰਬਸੰਮਤੀ ਨਾਲ ਚੁਣੀਆਂ ਗਈਆਂ ਪੰਚਾਇਤਾਂ ਨੂੰ 5-5 ਲੱਖ ਰੁਪਏ ਦੇ ਚੈੱਕ ਵੀ ਦਿੱਤੇ।
