*ਗੌਰਮਿੰਟ ਟੀਚਰਜ਼ ਯੂਨੀਅਨ ਵੱਲੋਂ ਮਿਡ ਡੇ ਮੀਲ ਵਿੱਚ ਦੇਸੀ ਘਿਓ ਦੇ ਹਲਵੇ ਲਈ ਵੱਖਰੀ ਗ੍ਰਾਂਟ ਜਾਰੀ ਕਰਨ ਦੀ ਮੰਗ*
ਨਵਾਂ ਸ਼ਹਿਰ 7 ਜਨਵਰੀ (ਜਾਬਸ ਆਫ ਟੁਡੇ) ਅੱਜ ਗੌਰਮਿੰਟ ਟੀਚਰਜ਼ ਯੂਨੀਅਨ ਬਲਾਕ ਔੜ ਦੀ ਵਰਚੁਅਲ ਮੀਟਿੰਗ ਜ਼ਿਲ੍ਹਾ ਪ੍ਰਧਾਨ ਬਿਕਰਮਜੀਤ ਸਿੰਘ ਦੀ ਪ੍ਰਧਾਨਗੀ ਹੇਠ ਕੀਤੀ ਗਈ। ਜਿਸ ਵਿੱਚ ਵਿਭਾਗ ਦੁਆਰਾ ਮਿਡ-ਡੇ-ਮੀਲ ਵਿੱਚ ਸ਼ਾਮਿਲ ਕੀਤੇ ਗਏ ਦੇਸੀ ਘਿਓ ਦੇ ਹਲਵੇ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ। ਇਸ ਮੌਕੇ ਬੋਲਦਿਆਂ ਗੌਰਮਿੰਟ ਟੀਚਰਜ਼ ਯੂਨੀਅਨ ਦੇ ਜ਼ਿਲ੍ਹਾ ਜਨਰਲ ਸਕੱਤਰ ਗੁਰਦੀਸ਼ ਸਿੰਘ ਨੇ ਕਿਹਾ ਕਿ ਬੱਚਿਆਂ ਨੂੰ ਦੇਸੀ ਘਿਓ ਦਾ ਹਲਵਾ ਦੇਣਾ, ਉਹ ਵੀ ਮੌਜੂਦਾ ਕੁਕਿੰਗ ਕਾਸਟ ਦੇ ਵਿੱਚੋਂ ਹੀ, ਵਿਭਾਗ ਦਾ ਇਕ ਨਾਦਰਸ਼ਾਹੀ ਫੁਰਮਾਨ ਹੈ।
ਜਿਸ ਨੂੰ ਪੂਰਾ ਕੀਤਾ ਜਾਣਾ ਬਹੁਤ ਹੀ ਮੁਸ਼ਕਿਲ ਹੈ। ਦੇਸੀ ਘਿਓ ਦਾ ਰੇਟ 550 ਰੁਪਏ ਤੋਂ ਵੱਧ ਹੈ ਅਤੇ ਇਸ ਵਿੱਚ ਖੰਡ, ਸੂਜੀ ਅਤੇ ਕੋਈ ਮੇਵਾ ਵੀ ਪੈਣਾ ਹੈ ਜੋ ਕਿ ਬਹੁਤ ਮਹਿੰਗਾ ਪੈਂਦਾ ਹੈ। ਪ੍ਰਤੀ 100 ਬੱਚਿਆਂ ਵਾਸਤੇ ਇੱਕ ਕਿਲੋ ਤੋਂ ਵੱਧ ਘਿਓ ਦੀ ਖਪਤ ਹੁੰਦੀ ਹੈ। ਇਸ ਦੇ ਨਾਲ ਖਾਣਾ ਵੀ ਦੇਣਾ ਹੈ। ਕੁਝ ਸਕੂਲਾਂ ਵਿੱਚ ਐਲ.ਕੇ. ਜੀ. ਅਤੇ ਯੂ.ਕੇ.ਜੀ.ਦੋਵਾਂ ਜਮਾਤਾਂ ਦੇ ਬੱਚੇ, ਜਿਹਨਾਂ ਵਾਸਤੇ ਕੋਈ ਪੈਸਾ ਨਹੀਂ ਆਉਂਦਾ, ਵੀ ਖਾਣਾ ਖਾਂਦੇ ਹਨ। ਜਿਸ ਨਾਲ ਖ਼ਰਚ ਹੋਰ ਵੀ ਵਧ ਜਾਂਦਾ ਹੈ। ਇਸ ਤੋਂ ਇਲਾਵਾ ਮੰਗਲਵਾਰ ਨੂੰ ਚੌਲ਼ ਅਤੇ ਖੀਰ ਇੱਕੋ ਸਮੇਂ ਦੇਣ ਵਾਸਤੇ ਕਿਹਾ ਗਿਆ ਹੈ ਜੋ ਕਿ ਤਰਕਸੰਗਤ ਨਹੀਂ ਹੈ। ਅਧਿਆਪਕਾਂ ਨੇ ਕਿਹਾ ਕਿ ਦੇਸੀ ਘਿਓ ਦੇ ਹਲਵੇ ਵਾਸਤੇ ਵਿਭਾਗ ਵੱਖਰੇ ਤੌਰ ਤੇ ਗਰਾਂਟ ਜਾਰੀ ਕਰੇ।
ਇਸ ਮੌਕੇ ਵਿਚਾਰ ਪ੍ਰਗਟ ਕਰਦਿਆਂ ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ਦੇ ਸਾਬਕਾ ਜਨਰਲ ਸਕੱਤਰ ਕੁਲਦੀਪ ਸਿੰਘ ਦੌੜਕਾ ਨੇ ਕਿਹਾ ਕਿ ਮੌਜੂਦਾ ਆਮ ਆਦਮੀ ਪਾਰਟੀ ਦੀ ਸਰਕਾਰ ਨਵੀਂ ਸਿੱਖਿਆ ਨੀਤੀ 2020 ਨੂੰ ਤੇਜੀ ਨਾਲ ਲਾਗੂ ਕਰ ਰਹੀ ਹੈ ਅਤੇ ਉਹ ਵਿਭਾਗ ਦੀ ਆਕਾਰ ਘਟਾਈ ਕਰਨ ਲਈ ਬਹੁਤ ਜ਼ਿਆਦਾ ਉਤਾਵਲੀ ਹੈ। ਜਿਸ ਅਧੀਨ ਸਰਕਾਰ ਮਿਡਲ ਸਕੂਲਾਂ ਨੂੰ ਬੰਦ ਕਰਨਾ ਚਾਹੁੰਦੀ ਹੈ ਅਤੇ ਬਾਕੀ ਸਕੂਲਾਂ ਦੀ ਗਿਣਤੀ ਵੀ ਅੱਧੀ ਕਰਨੀ ਚਾਹੁੰਦੀ ਹੈ। ਦਫਤਰੀ ਮੁਲਾਜ਼ਮ, ਮਿਡ-ਡੇ-ਮੀਲ ਦਫਤਰੀ ਕਰਮਚਾਰੀ, ਵਿਸ਼ੇਸ਼ ਬੱਚਿਆਂ ਦੇ ਅਧਿਆਪਕ ਅਤੇ ਹੋਰ ਬਹੁਤ ਸਾਰੇ ਅਧਿਆਪਕ ਲਗਾਤਾਰ ਸੰਘਰਸ਼ ਕਰ ਰਹੇ ਹਨ। ਸਰਕਾਰ ਵਲੋਂ ਅਧਿਆਪਕ ਵਰਗ ਦੀ ਕੋਈ ਸੁਣਵਾਈ ਨਹੀਂ ਕੀਤੀ ਜਾ ਰਹੀ। ਗੌਰਮਿੰਟ ਟੀਚਰਜ਼ ਯੂਨੀਅਨ ਹਮੇਸ਼ਾ ਸੰਘਰਸ਼ ਸ਼ੀਲ ਅਧਿਆਪਕਾਂ ਦੇ ਨਾਲ ਖੜ੍ਹੀ ਹੈ।
ਇਹ ਸਰਕਾਰ ਪੂਰੀ ਤਰ੍ਹਾਂ ਅਧਿਆਪਕ ਹਿੱਤਾਂ ਦੇ ਵਿਰੁੱਧ ਕੰਮ ਕਰ ਰਹੀ ਹੈ। ਅਧਿਆਪਕ ਵਰਗ ਇਸ ਦਾ ਪੁਰਜ਼ੋਰ ਵਿਰੋਧ ਕਰਦਾ ਹੈ ਅਤੇ ਸਰਕਾਰ ਦੀਆਂ ਲੋਕ ਵਿਰੋਧੀ ਚਾਲਾਂ ਨੂੰ ਕਦੇ ਵੀ ਪੂਰਾ ਨਹੀਂ ਹੋਣ ਦੇਣਗੇ। ਜਿਹੜੇ ਵਾਅਦੇ ਕਰ ਕੇ ਆਮ ਆਦਮੀ ਪਾਰਟੀ ਪੰਜਾਬ ਦੀ ਸੱਤਾ ਵਿੱਚ ਆਈ ਸੀ, ਹੁਣ ਉਹ ਉਹਨਾਂ ਵਾਅਦਿਆਂ ਦੇ ਉਲਟ ਚੱਲ ਰਹੀ ਹੈ। ਅਧਿਆਪਕ ਵਰਗ ਵਲੋਂ ਇਸ ਵਿਰੁੱਧ ਤਿੱਖੇ ਸੰਘਰਸ਼ ਅਰੰਭੇ ਜਾਣਗੇ। ਇਸ ਮੌਕੇ ਬੋਲਦਿਆਂ ਜੀ.ਟੀ.ਯੂ. ਦੇ ਜ਼ਿਲ੍ਹਾ ਪ੍ਰਧਾਨ ਬਿਕਰਮਜੀਤ ਸਿੰਘ ਨੇ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਸਰਕਾਰ ਨੂੰ ਅਧਿਆਪਕਾਂ ਦੇ ਤਿੱਖੇ ਰੋਹ ਦਾ ਸਾਹਮਣਾ ਕਰਨਾ ਪਵੇਗਾ, ਫਿਰ ਭਾਵੇਂ ਓਹ ਪੁਰਾਣੀ ਪੈਨਸ਼ਨ ਬਹਾਲੀ ਦਾ ਮੁੱਦਾ ਹੋਵੇ ਜਾਂ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਦਾ ਜਾਂ ਸਕੂਲਾਂ ਨੂੰ ਬੰਦ ਕਰਨ ਦਾ ਹੋਵੇ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਮਨਜਿੰਦਰਜੀਤ ਸਿੰਘ, ਹਰਜੀਤ ਸਿੰਘ, ਅਕੁਲ ਗਰਗ, ਰਾਜ ਕੁਮਾਰ, ਮਨਮੋਹਨ ਸਿੰਘ ਚੱਢਾ, ਰੇਸ਼ਮ ਲਾਲ, ਇਕਬਾਲ ਸਿੰਘ, ਊਸ਼ਾ ਰਾਣੀ, ਵਿਨਿਤਾ ਰਾਣੀ, ਜੀਤ ਕੁਮਾਰੀ, ਲਕਸ਼ਿਕਾ, ਜਸਵਿੰਦਰ ਕੌਰ, ਜਸਵੀਰ ਕੌਰ, ਰਮਨਦੀਪ ਕੌਰ ਬਾਜਵਾ, ਨੀਰੂ ਥਾਪਰ, ਅੰਬਿਕਾ ਜੋਸ਼ੀ, ਰਿਸ਼ੂ ਆਦਿ ਹਾਜ਼ਰ ਸਨ।