ਸੰਘ-ਭਾਜਪਾ ਦੇ ਫਿਰਕੂ-ਫਾਸ਼ੀ ਅਜੰਡੇ ਅਤੇ ਲੋਟੂ ਨੀਤੀਆਂ ਖਿਲਾਫ਼ ਤਿੱਖਾ ਲੋਕ ਘੋਲ ਵਿੱਢੋ : ਮੰਗਤ ਰਾਮ ਪਾਸਲਾ*

 *ਸੰਘ-ਭਾਜਪਾ ਦੇ ਫਿਰਕੂ-ਫਾਸ਼ੀ ਅਜੰਡੇ ਅਤੇ ਲੋਟੂ ਨੀਤੀਆਂ ਖਿਲਾਫ਼ ਤਿੱਖਾ ਲੋਕ ਘੋਲ ਵਿੱਢੋ : ਮੰਗਤ ਰਾਮ ਪਾਸਲਾ*



*ਡਾ. ਭੀਮ ਰਾਓ ਅੰਬੇਡਕਰ ਦਾ ਅਪਮਾਨ ਕਰਨ ਵਾਲੇ ਗ੍ਰਹਿ ਮੰਤਰੀ ਅਮਿਤ ਸ਼ਾਹ ਵਿਰੁੱਧ ਦੇਸ਼ ਧਰੋਹ ਦੀ ਕਾਰਵਾਈ ਕਰੇ ਸਰਕਾਰ*


*ਪੰਜਾਬ ਦੇ ਮਸਲਿਆਂ ਨੂੰ ਭੁੱਲੀ ਆਮ ਆਦਮੀ ਪਾਰਟੀ ਦੀ ਸਰਕਾਰ*


ਨਵਾਂ ਸ਼ਹਿਰ 21 ਦਸੰਬਰ ( ) ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ.ਐਮ.ਪੀ.ਆਈ.) ਦੀ ਪੰਜਾਬ ਰਾਜ ਕਮੇਟੀ ਦੇ ਸਮੁੱਚੇ ਪੰਜਾਬ ਵਿੱਚ ਰਾਜਨੀਤਕ ਕਾਨਫਰੰਸਾਂ ਕਰਨ ਦੇ ਫੈਸਲੇ ਨੂੰ ਲਾਗੂ ਕਰਦਿਆਂ ਦੁਸਹਿਰਾ ਗਰਾਊਂਡ ਮੁਕੰਦਪੁਰ ਵਿਖੇ ਜਿਲ੍ਹਾ ਪ੍ਰਧਾਨ ਹਰਪਾਲ ਸਿੰਘ ਜਗਤ ਪੁਰ, ਗੁਰਦਰਸ਼ਨ ਸਿੰਘ ਬੀਕਾ, ਕੁਲਦੀਪ ਸਿੰਘ ਦੌੜਕਾ, ਹਰੀ ਬਿਲਾਸ, ਅਜੀਤ ਸਿੰਘ ਬੀਕਾ, ਬਿਮਲ ਕਿਸ਼ੋਰ ਬਖਲੌਰ, ਬਹਾਦਰ ਸਿੰਘ ਬਾਰਾ, ਕਰਨੈਲ ਸਿੰਘ ਚੱਕ ਬਿਲਗਾਂ, ਤਰਸੇਮ ਸਿੰਘ, ਬੱਗਾ ਸਿੰਘ ਕੰਗਰੋੜ, ਸੋਮ ਲਾਲ ਥੋਪੀਆ, ਜੋਗਿੰਦਰ ਸਿੰਘ, ਪਰਮਜੀਤ ਬਘੌਰਾਂ ਦੀ ਪ੍ਰਧਾਨਗੀ ਹੇਠ ਰਾਜਨੀਤਕ ਕਾਨਫਰੰਸ ਕੀਤੀ ਗਈ। 

            ਕਾਨਫਰੰਸ ਨੂੰ ਸੰਬੋਧਨ ਕਰਦਿਆਂ ਪਾਰਟੀ ਦੇ ਕੌਮੀ ਜਨਰਲ ਸਕੱਤਰ ਕਾਮਰੇਡ ਮੰਗਤ ਰਾਮ ਪਾਸਲਾ ਨੇ ਕਿਹਾ ਕਿ ਪਾਰਟੀ ਕਰਤਾਰ ਸਿੰਘ ਸਰਾਭਾ ਅਤੇ ਸਾਥੀ ਸ਼ਹੀਦਾਂ ਦੇ ਬਲੀਦਾਨ ਦਿਵਸ 16 ਨਵੰਬਰ ਤੋਂ “ਫਿਰਕੂ ਤੇ ਜਾਤੀਵਾਦੀ ਫੁੱਟ ਅਤੇ ਸਾਮਰਾਜੀ ਤੇ ਕਾਰਪੋਰੇਟੀ ਲੁੱਟ ਦੇ ਖਾਤਮੇ" ਦਾ ਸੱਦਾ ਦੇਣ ਲਈ ਸੂਬੇ ਭਰ ’ਚ ਇਲਾਕਾ ਪੱਧਰੀ ਰਾਜਸੀ ਕਾਨਫਰੰਸਾਂ ਕਰ ਰਹੀ ਹੈ। ਕਾਨਫਰੰਸਾਂ ਦਾ ਮਕਸਦ ਲੁੱਟ-ਖਸੁੱਟ ਤੇ ਜਬਰ-ਵਿਤਕਰੇ ਦਾ ਪ੍ਰਬੰਧ ਸਦੀਵੀ ਕਾਇਮ ਰੱਖਣ ਲਈ ਆਰ.ਐਸ.ਐਸ. ਤੇ ਭਾਜਪਾ ਵਲੋਂ ਕੀਤੇ ਜਾ ਰਹੇ ਫਾਸ਼ੀਵਾਦੀ ਖਾਸੇ ਵਾਲਾ ਧਰਮ ਅਧਾਰਤ ਕੱਟੜ ਹਿੰਦੂਤਵੀ-ਮਨੂੰਵਾਦੀ ਰਾਜ ਪ੍ਰਬੰਧ ਸਥਾਪਿਤ ਕਰਨ ਦੇ ਕੋਝੇ ਯਤਨਾਂ ਤੋਂ ਲੋਕਾਈ ਨੂੰ ਸੁਚੇਤ ਕਰਨਾ ਹੈ। 

         ਉਨ੍ਹਾਂ ਇਸ ਫਾਸ਼ੀਵਾਦੀ ਸਰਕਾਰ ਨੂੰ ਦੇਸ਼ ਦੀ ਆਜ਼ਾਦੀ, ਸੰਵਿਧਾਨ ਅਤੇ ਜਮਹੂਰੀਅਤ ਲਈ ਖਤਰਾ ਦੱਸਦਿਆਂ ਡਾਕਟਰ ਭੀਮ ਰਾਓ ਅੰਬੇਡਕਰ ਦਾ ਅਪਮਾਨ ਕਰਨ ਵਾਲੇ ਗ੍ਰਹਿ ਮੰਤਰੀ ਅਮਿਤ ਸ਼ਾਹ ਵਿਰੁੱਧ ਦੇਸ਼ ਧਰੋਹ ਦੀ ਕਾਰਵਾਈ ਕਰਨ ਦੀ ਮੰਗ ਕੀਤੀ। ਕੇਂਦਰੀ ਅਤੇ ਪ੍ਰਾਂਤਕ ਸਰਕਾਰਾਂ ਵਲੋਂ ਇਕੋ ਜਿਹੀ ਤਤਪਰਤਾ ਨਾਲ ਲਾਗੂ ਕੀਤੀਆਂ ਜਾ ਰਹੀਆਂ, ਲੋਕਾਈ ਨੂੰ ਕੰਗਾਲ ਕਰਨ ਵਾਲੀਆਂ ਨਵ-ਉਦਾਰਵਾਦੀ ਨੀਤੀਆਂ ਵਿਰੁੱਧ ਜਾਰੀ ਜਨ-ਸੰਗਰਾਮ ਨੂੰ ਹੋਰ ਤਿੱਖਾ ਕਰਨਾ ਕਾਨਫਰੰਸਾਂ ਦਾ ਦੂਜਾ ਮਹੱਤਵਪੂਰਨ ਕਾਰਜ ਹੈ। ਅਸੀਂ ਇਸ ਦੇ ਨਾਲ ਹੀ ਪਿਛਲੀਆਂ ਅਤੇ ਹੁਣ ਵਾਲੀ ਕੇਂਦਰੀ ਸਰਕਾਰ ਵਲੋਂ ਪੰਜਾਬ ਨਾਲ ਦਹਾਕਿਆਂ ਬੱਧੀ ਕੀਤੀ ਜਾ ਰਹੀ ਬੇਇਨਸਾਫੀ ਦੇ ਖ਼ਾਤਮੇ ਅਤੇ ਪੰਜਾਬ ਦੇ ਚੰਡੀਗੜ੍ਹ, ਪਾਣੀਆਂ, ਪੰਜਾਬੀ ਬੋਲਦੇ ਇਲਾਕਿਆਂ ਆਦਿ ਦੇ ਅਣਸੁਲਝੇ ਮਸਲਿਆਂ ਦੇ ਸਥਾਈ ਹੱਲ ਲਈ ਵੀ ਜ਼ੋਰਦਾਰ ਆਵਾਜ਼ ਬੁਲੰਦ ਕਰ ਰਹੇ ਹਾਂ।

         ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਬੇਰੁਜ਼ਗਾਰੀ, ਮਹਿੰਗਾਈ, ਕੁਪੋਸ਼ਣ, ਨਸ਼ਾ ਕਾਰੋਬਾਰ, ਭ੍ਰਿਸ਼ਟਾਚਾਰ, ਮਾਫੀਆ ਤੰਤਰ ਤੋਂ ਮੁਕਤੀ, ਮਿਆਰੀ ਤੇ ਇੱਕਸਾਰ ਸਿੱਖਿਆ ਤੇ ਸਿਹਤ ਸਹੂਲਤਾਂ, ਪੁਰਾਣੀ ਪੈਨਸ਼ਨ ਸਕੀਮ ਦੀ ਬਹਾਲੀ, ਸਮੁਚੇ ਕਿਰਤੀ ਵਰਗ ਲਈ ਪੈਨਸ਼ਨ, ਸਰਵਜਨਕ ਜਨਤਕ ਵੰਡ ਪ੍ਰਣਾਲੀ, ਢੁਕਵੀਂ ਸੁਰੱਖਿਆ ਆਦਿ ਦੀ ਬਹਾਲੀ ਦੇ ਵਾਅਦਿਆਂ ਤੋਂ ਭਗੌੜੀ ਹੋ ਚੁੱਕੀ ਭਗਵੰਤ ਮਾਨ ਸਰਕਾਰ ਵਿਰੁੱਧ ਵੀ ਘੋਲਾਂ ਦੇ ਪਿੜ ਮਘਾਉਣ ਦਾ ਹੋਕਾ ਦਿੱਤਾ ਜਾ ਰਿਹਾ ਹੈ। ਉਕਤ ਮੁਹਿੰਮ ਦੀ ਸਮਾਪਤੀ ’ਤੇ ਪਾਰਟੀ ਫਰਵਰੀ 2025 ਦੇ ਆਖ਼ਰੀ ਹਫਤੇ ਚੰਡੀਗੜ੍ਹ ਵਿਖੇ ਸਮੂਹ ਪੰਜਾਬੀਆਂ ਦਾ ਵਿਸ਼ਾਲ ਲੋਕ ਇਕੱਠ ਕਰੇਗੀ। ਉਨ੍ਹਾਂ ਜਨਸਮੂਹ ਨੂੰ ਇਸ ਮੁਹਿੰਮ ਵਿੱਚ ਸ਼ਮੂਲੀਅਤ ਅਤੇ ਸਹਿਯੋਗ ਕਰਨ ਦੀ ਅਪੀਲ ਕੀਤੀ। 

         ਕਾਨਫਰੰਸ ਦੀ ਸਟੇਜ ਦਾ ਸੰਚਾਲਨ ਤਹਿਸੀਲ ਸਕੱਤਰ ਹੁਸਨ ਸਿੰਘ ਮਾਂਗਟ ਨੇ ਕੀਤਾ। ਕਾਨਫਰੰਸ ਵਿੱਚ ਹੋਰਨਾਂ ਤੋਂ ਇਲਾਵਾ ਸੁਰਿੰਦਰ ਭੱਟੀ, ਹਰਨੇਕ ਬੀਕਾ, ਸੋਹਣ ਸਿੰਘ, ਗੁਰਦੀਪ ਸਿੰਘ ਬੀਕਾ, ਚੈਨ ਸਿੰਘ, ਵਿਜੈ ਬਘੌਰਾਂ, ਕ੍ਰਿਸ਼ਨ ਬਾਲੀ, ਗਰੀਬ ਦਾਸ, ਬਲਕਾਰ ਸਿੰਘ, ਸੋਢੀ ਰਾਮ, ਰਾਮ ਸਾਹਿਲ, ਦੇਬੀ ਰਟੈਂਡਾ, ਪਾਲੀ ਚੱਕ ਬਿਲਗਾਂ ਆਦਿ ਹਾਜ਼ਰ ਸਨ।

💐🌿Follow us for latest updates 👇👇👇

Featured post

Pay Anomaly: ਸਿੱਖਿਆ ਵਿਭਾਗ ਅਧਿਆਪਕਾਂ ਦੇ ਪੇਅ ਅਨਾਮਲੀ ਦੇ ਕੇਸਾਂ ਨੂੰ ਹੱਲ ਕਰਨ ਸਬੰਧੀ ਗਾਈਡਲਾਈਨਜ਼ ਜਾਰੀ

News Report: Punjab Education Department Order Punjab Education Department Directs DEOs to Immediately Resolve ETT Pay Anomaly ...

RECENT UPDATES

Trends