*ਫਿਰਕੂ ਫਾਸ਼ੀਵਾਦੀ ਭਾਜਪਾ ਨੂੰ ਹਰਾਉਣਾ ਡਾ ਭੀਮ ਰਾਓ ਅੰਬੇਦਕਰ ਦੇ ਸੁਪਨਿਆਂ ਦਾ ਸਮਾਜ ਸਿਰਜਣ ਲਈ ਜ਼ਰੂਰੀ - ਪਾਸਲਾ*
*ਡਾ ਭੀਮ ਰਾਓ ਅੰਬੇਦਕਰ ਦਾ ਜਨਮ ਦਿਵਸ ਸੰਵਿਧਾਨ ਤੇ ਲੋਕਤੰਤਰ ਨੂੰ ਬਚਾਉਣ ਅਤੇ ਮਨੂੰ ਸਿਮਰਤੀ ਵਿਰੁੱਧ ਲੋਕ ਯੁੱਧ ਤੇਜ ਕਰਨ ਲਈ ਸੰਕਲਪ ਦਿਵਸ ਵਜੋਂ ਮਨਾਇਆ*
ਨਵਾਂ ਸ਼ਹਿਰ 13 ਫਰਵਰੀ ( ) ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵਲੋਂ ਭਾਰਤ ਰਤਨ ਡਾਕਟਰ ਭੀਮ ਰਾਓ ਅੰਬੇਡਕਰ ਜੀ ਦੇ 133ਵੇਂ ਜਨਮ ਦਿਨ ਨੂੰ ਸਮਰਪਿਤ ਸ਼ਹੀਦ ਹਰਬੰਸ ਸਿੰਘ ਬੀਕਾ ਯਾਦਗਾਰੀ ਹਾਲ, ਬੀਕਾ ਵਿਖੇ ਸਾਥੀ ਹਰਪਾਲ ਸਿੰਘ ਜਗਤਪੁਰ, ਅਜੀਤ ਸਿੰਘ ਬੀਕਾ, ਪ੍ਰਿੰਸੀਪਲ ਇਕਬਾਲ ਸਿੰਘ, ਸੋਮ ਲਾਲ ਤੇ ਬਹਾਦਰ ਸਿੰਘ ਦੀ ਪ੍ਰਧਾਨਗੀ ਹੇਠ ਭਾਰਤੀ ਸੰਵਿਧਾਨ ਦੀ ਰਾਖੀ ਤੇ ਲੋਕਤੰਤਰ ਨੂੰ ਬਚਾਉਣ ਅਤੇ ਮਨੂੰ ਸਿਮਰਤੀ ਵਿਰੁੱਧ ਲੋਕ ਯੁੱਧ ਨੂੰ ਪ੍ਰਚੰਡ ਕਰਨ ਲਈ "ਸੰਕਲਪ ਦਿਵਸ" ਵਜੋਂ ਮਨਾਇਆ ਗਿਆ। ਇਸ ਮੌਕੇ ਪਾਰਟੀ ਦੇ ਕੌਮੀ ਜਨਰਲ ਸਕੱਤਰ ਸਾਥੀ ਮੰਗਤ ਰਾਮ ਪਾਸਲਾ ਨੇ ਡਾਕਟਰ ਅੰਬੇਡਕਰ ਜੀ ਦੇ ਜਨਮ ਦਿਹਾੜੇ ਤੇ ਅਵਾਮ ਨੂੰ ਉਨ੍ਹਾਂ ਦੇ ਸਮੁੱਚੇ ਜੀਵਨ ਅਤੇ ਸੰਘਰਸ਼ਾਂ ਦੇ ਇਤਿਹਾਸ ਤੋਂ ਸਬਕ ਲੈਣ ਦੀ ਜ਼ਰੂਰਤ ਬਾਰੇ ਮਿਸਾਲਾਂ ਸਹਿਤ ਜਾਣਕਾਰੀ ਸਾਂਝੀ ਕੀਤੀ। ਅਜੋਕੇ ਸਮੇਂ ਦੇਸ਼ ਦੇ ਰਾਜਨੀਤਕ ਹਾਲਾਤਾਂ ਦੀ ਵਿਸਥਾਰ ਸਹਿਤ ਚਰਚਾ ਕਰਦਿਆਂ ਸਾਥੀ ਪਾਸਲਾ ਨੇ ਦੇਸ਼ ਦੇ ਸੰਵਿਧਾਨ ਅਤੇ ਭਾਈਚਾਰਕ ਸਾਂਝ ਨੂੰ ਮਜ਼ਬੂਤ ਕਰਨ ਲਈ ਹੋਕਾ ਦਿੱਤਾ ਤੇ ਦੇਸ਼ ਦੀ ਹਾਕਮ ਫਿਰਕੂ ਫਾਸ਼ੀਵਾਦੀ ਭਾਜਪਾ ਸਰਕਾਰ ਦੇ ਵੰਡ-ਪਾਉ ਤੇ ਨਫ਼ਰਤੀ ਅਜੰਡੇ ਨੂੰ ਭਾਂਜ ਦੇਣ ਦੀ ਜ਼ਰੂਰਤ 'ਤੇ ਜ਼ੋਰ ਦਿੱਤਾ।
ਅੱਜ ਦੇਸ਼ ਦਾ ਨੌਜਵਾਨ ਬੇਰੁਜ਼ਗਾਰੀ ਤੇ ਨਸ਼ਿਆਂ ਤੋਂ ਬੁਰੀ ਤਰ੍ਹਾਂ ਪ੍ਰਭਾਵਿਤ ਹੈ ਤੇ ਭਾਜਪਾ ਸਰਕਾਰ ਕੋਲ ਨੌਜਵਾਨਾਂ ਲਈ ਕੋਈ ਵੀ ਅਸਰਦਾਰ ਪ੍ਰੋਗਰਾਮ ਨਹੀਂ ਹੈ। ਘੱਟ-ਗਿਣਤੀ ਧਰਮ ਦੇ ਲੋਕਾਂ ਉੱਤੇ ਕੀਤੇ ਜਾ ਰਹੇ ਹਮਲਿਆਂ ਤੇ ਗਹਿਰੀ ਚਿੰਤਾ ਦਾ ਪ੍ਰਗਟ ਕਰਦਿਆਂ ਉਨ੍ਹਾਂ ਕਿਹਾ ਕਿ ਮੌਜੂਦਾ ਸਮੇਂ ਆਮ ਲੋਕਾਂ ਦਾ ਮਹਿਗਾਈ ਨੇ ਜੀਉਣਾ ਮੁਸ਼ਕਿਲ ਕੀਤਾ ਹੋਇਆ ਹੈ। ਨੋਟਬੰਦੀ ਤੇ ਜੀ ਐਸ ਟੀ ਨੇ ਛੋਟੇ ਦੁਕਾਨਦਾਰਾਂ ਦਾ ਕਾਰੋਬਾਰ ਠੱਪ ਕੀਤਾ ਹੋਇਆ ਹੈ। ਲੇਕਿਨ ਆਰ.ਐਸ.ਐਸ.ਦੇ ਇਸ਼ਾਰੇ 'ਤੇ ਮੋਦੀ-ਸ਼ਾਹ ਦੀ ਜੋੜੀ ਦੇਸ਼ ਅੰਦਰ ਨਫਰਤੀ ਤੇ ਧਾਰਮਿਕ ਕਟੜਤਾ ਨੂੰ ਹੋਰ ਵਧਾ ਕੇ ਦੇਸ਼ ਦੀ ਏਕਤਾ ਨੂੰ ਤੋੜਨ ਲਈ ਯਤਨਸ਼ੀਲ ਹਨ ਅਤੇ ਸੰਘਰਸ਼ੀਲ ਬੁਧੀਜੀਵੀਆਂ ਤੇ ਆਮ ਲੋਕਾਂ ਨੂੰ ਆਪਣੇ ਵਿਚਾਰ ਪ੍ਰਗਟ ਕਰਨ, ਲਿਖਣ ਤੇ ਬੋਲਣ ਤੋਂ ਰੋਕਣ ਹਿੱਤ ਜਾਬਰ ਕਾਨੂੰਨਾਂ ਤਹਿਤ ਝੂਠੇ ਕੇਸਾਂ ਰਾਹੀਂ ਜੇਲ੍ਹਾਂ ਵਿੱਚ ਬੰਦ ਕੀਤਾ ਜਾ ਰਿਹਾ ਹੈ। ਅਜਿਹੇ ਨਾਜ਼ੁਕ ਹਾਲਤਾਂ ਵਿੱਚ ਵਿਰੋਧੀ ਪਾਰਟੀਆਂ ਦੇ ਸਾਂਝੇ ਗਠਜੋੜ ਨੂੰ ਮਜ਼ਬੂਤ ਕਰਨਾ ਹੀ ਇਕੋ-ਇਕੱ ਹਲ ਹੈ ਤਾਂ ਜੋ ਕੇਂਦਰ ਦੀ ਫਿਰਕੂ ਫਾਸ਼ੀਵਾਦੀ, ਕਟੜਵਾਦੀ ਤੇ ਭ੍ਰਿਸ਼ਟਾਚਾਰ 'ਚ ਗਲਤਾਨ 'ਭਾਜਪਾ ਦੀ ਮੋਦੀ ਸਰਕਾਰ ਨੂੰ ਚੱਲਦਾ ਕੀਤਾ ਜਾ ਸਕੇ।ਇਸ ਮੌਕੇ ਉਨ੍ਹਾਂ ਨੇ 13 ਮਈ ਨੂੰ ਸ਼ਹੀਦ ਹਰਬੰਸ ਸਿੰਘ ਬੀਕਾ ਦੀ ਬਰਸੀਂ ਨੂੰ "ਫਿਰਕਾਪ੍ਰਸਤ ਵਿਰੋਧੀ ਦਿਵਸ" ਵਜੋਂ ਮਨਾਉਣ ਦਾ ਸੱਦਾ ਦਿੱਤਾ। ਜ਼ਿਲ੍ਹਾ ਸਕੱਤਰ ਕੁਲਦੀਪ ਸਿੰਘ ਦੌੜਕਾ ਨੇ ਕੌਮੀ ਸਿਖਿਆ ਨੀਤੀ 2020 ਦੀ ਵਿਸਥਾਰ ਸਹਿਤ ਚਰਚਾ ਕਰਦਿਆਂ ਨਿੰਦਾ ਕੀਤੀ ਅਤੇ ਵਿਤੀ ਰਿਪੋਰਟ ਵੀ ਪੇਸ਼ ਕੀਤੀ। ਇਸ ਸਮੇਂ ਸੁਰਿੰਦਰ ਭੱਟੀ, ਸਤਨਾਮ ਸਿੰਘ ਸੁੱਜੋਂ, ਗੁਰਦਿਆਲ ਸਿੰਘ, ਸੋਢੀ ਰਾਮ ਸਰਪੰਚ, ਬਲਕਾਰ ਸਿੰਘ ਲਾਖਾ ਸਰਪੰਚ, ਬਹਾਦਰ ਸਿੰਘ ਬਾਰਾ, ਮਾ. ਰਾਮ ਪਾਲ, ਹਰੀ ਬਿਲਾਸ, ਹਰਨੇਕ ਬੀਕਾ, ਗੁਰਦੀਪ ਸਿੰਘ ਦੀਪਾ ਬੀਕਾ, ਸੋਹਣ ਸਿੰਘ, ਤਰਸੇਮ ਸਿੰਘ ਜੇ.ਈ., ਸ਼ਿੰਗਾਰਾ ਰਾਮ, ਗੁਰਦਿਆਲ ਚੰਦ, ਪਰਮਜੀਤ ਪੰਮਾ, ਵਿਜੇ ਬਘੌਰਾ, ਕਮਲ, ਪਾਲੀ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਨੌਜਵਾਨਾਂ ਤੇ ਬਜ਼ੁਰਗਾਂ ਨੇ ਹਿੱਸਾ ਲਿਆ। ਸਟੇਜ ਦੀ ਜ਼ਿਮੇਵਾਰੀ ਹੁਸਨ ਸਿੰਘ ਮਾਂਗਟ ਨੇ ਨਿਭਾਈ। ਅੰਤ ਵਿੱਚ ਜ਼ਿਲ੍ਹਾ ਪ੍ਰਧਾਨ ਹਰਪਾਲ ਸਿੰਘ ਜਗਤਪੁਰ ਨੇ ਡਾਕਟਰ ਅੰਬੇਡਕਰ ਦੁਆਰਾ ਲਿਖਤ ਸੰਵਿਧਾਨ ਦੀ ਰਾਖੀ ਤਹਿਤ ਸੁਚੇਤ ਤੇ ਯਤਨਸ਼ੀਲ ਰਹਿਣ ਲਈ ਕਹਿੰਦਿਆਂ ਸਮੂਹ ਹਾਜ਼ਰੀਨ ਦਾ ਧੰਨਵਾਦ ਕੀਤਾ।