**ਕਮਿਸ਼ਨਰ ਨਗਰ ਨਿਗਮ ਜਲੰਧਰ ਲਘੂ ਉਦਯੋਗ ਵਿਭਾਗ ਤੋਂ ਆਏ 39 ਮੁਲਾਜ਼ਮਾਂ ਦੀ ਪਿਛਲੇ ਛੇ ਮਹੀਨਿਆਂ ਦੀ ਤਨਖਾਹ ਤੁਰੰਤ ਜਾਰੀ ਕਰੇ: ਪੁਸ਼ਪਿੰਦਰ ਵਿਰਦੀ*
*। **ਮ੍ਰਿਤਕ ਮੁਲਾਜ਼ਮਾਂ ਦੇ ਵਾਰਸਾਂ ਨੂੰ ਬਣਦੇ ਲਾਭ ਤੁਰੰਤ ਦਿੱਤੇ ਜਾਣ: ਗੋਬਿੰਦ** ਜਲੰਧਰ:02ਫਰਵਰੀ( ) ਸਾਲ 2023 ਦੇ ਅਗੱਸਤ ਮਹੀਨੇ ਵਿੱਚ ਪੰਜਾਬ ਸਮਾਲ ਇੰਡਸਟਰੀਜ਼ ਅਤੇ ਐਕਸਪੋਰਟ ਕਾਰਪੋਰੇਸ਼ਨ ਲਿਮਟਿਡ ਜਲੰਧਰ ਦੇ 39 ਮੁਲਾਜ਼ਮਾਂ ਦੀਆਂ ਸੇਵਾਵਾਂ ਨੂੰ ਦਫ਼ਤਰ ਕਮਿਸ਼ਨਰ ਨਗਰ ਨਿਗਮ ਜਲੰਧਰ ਵਿਖੇ ਮਰਜ਼ ਕਰਕੇ ਡਿਊਟੀ ਤੇ ਮੁਲਾਜ਼ਮਾਂ ਨੂੰ ਹਾਜ਼ਰ ਕਰਵਾਇਆ ਗਿਆ ਸੀ। ਉਹਨਾਂ 39 ਮੁਲਾਜ਼ਮਾਂ ਨੂੰ ਕਮਿਸ਼ਨਰ ਨਗਰ ਨਿਗਮ ਜਲੰਧਰ ਵਲੋਂ ਅੱਜ ਤੱਕ ਕੋਈ ਵੀ ਤਨਖਾਹ ਨਹੀਂ ਦਿੱਤੀ ਗਈ। ਪਿਛਲੇ ਛੇ ਮਹੀਨਿਆਂ ਦੀ ਤਨਖਾਹ ਲੈਣ ਲਈ ਉਪਰੋਕਤ ਮੁਲਾਜ਼ਮਾਂ ਕਾਫ਼ੀ ਖ਼ਜਲ ਖਰਾਬ ਹੋ ਰਹੇ ਹਨ ਅਤੇ ਕੋਈ ਵੀ ਜ਼ਿੰਮੇਵਾਰ ਅਧਿਕਾਰੀ ਲੜ ਪੱਲਾ ਨਹੀਂ ਫੜਾ ਰਿਹਾ ਅਤੇ ਨਾ ਹੀ ਕੋਈ ਠੋਸ ਜਵਾਬ ਦੇ ਰਿਹਾ ਹੈ। ਉਪਰੋਕਤ ਮੁਲਾਜ਼ਮਾਂ ਦੀਆਂ ਤਨਖ਼ਾਹਾਂ ਦੇ ਸੰਬੰਧ ਵਿੱਚ ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ ਜ਼ਿਲ੍ਹਾ ਜਲੰਧਰ ਦਾ ਇੱਕ ਵਫ਼ਦ ਜ਼ਿਲ੍ਹਾ ਪ੍ਰਧਾਨ ਪੁਸ਼ਪਿੰਦਰ ਕੁਮਾਰ ਵਿਰਦੀ ਦੀ ਅਗਵਾਈ ਵਿੱਚ ਕਮਿਸ਼ਨਰ ਨਗਰ ਨਿਗਮ ਜਲੰਧਰ ਨੂੰ ਮਿਲਣ ਗਿਆ। ਦਫ਼ਤਰ ਵਿੱਚ ਕਮਿਸ਼ਨਰ ਸਮੇਤ ਕੋਈ ਵੀ ਜ਼ਿੰਮੇਵਾਰ ਅਧਿਕਾਰੀ ਨਹੀਂ ਮਿਲਿਆ ਜ਼ੋ ਸਹੀ ਸਹੀ ਜਾਣਕਾਰੀ ਦਿੰਦਾ ਕਿ ਉਪਰੋਕਤ ਮੁਲਾਜ਼ਮਾਂ ਨੂੰ ਪਿਛਲੇ ਛੇ ਮਹੀਨਿਆਂ ਦੀ ਤਨਖਾਹ ਅਜੇ ਤੱਕ ਕਿਉਂ ਨਹੀਂ ਦਿੱਤੀ ਗਈ ਜਾਂ ਤਨਖਾਹ ਜਲਦੀ ਤੋਂ ਜਲਦੀ ਦੇਣ ਲਈ ਕਈ ਯੋਗ ਉਪਰਾਲੇ ਕੀਤੇ ਜਾ ਰਹੇ ਹਨ।ਪ.ਸ.ਸ.ਫ.ਦੇ ਪ੍ਰਧਾਨ ਪੁਸ਼ਪਿੰਦਰ ਕੁਮਾਰ ਵਿਰਦੀ ਵਲੋਂ ਅੱਜ ਇੱਕ ਲਿਖਤੀ ਬੇਨਤੀ ਪੱਤਰ ਕਮਿਸ਼ਨਰ ਨਗਰ ਨਿਗਮ ਜਲੰਧਰ ਨੂੰ ਭੇਜ ਕੇ ਲਘੂ ਉਦਯੋਗ ਵਿਭਾਗ ਤੋਂ ਮਿਤੀ 01/08/2023 ਨੂੰ ਨਗਰ ਨਿਗਮ ਜਲੰਧਰ ਵਿੱਚ ਮਰਜ਼ ਹੋਏ 39 ਮੁਲਾਜ਼ਮਾਂ ਨੂੰ ਪਿਛਲੇ ਛੇ ਮਹੀਨਿਆਂ ਦੀ ਤਨਖਾਹ ਜਲਦੀ ਤੋਂ ਜਲਦੀ ਦੇਣ ਦੀ ਮੰਗ ਕੀਤੀ ਗਈ ਹੈ ਅਤੇ ਇਹਨਾਂ ਮੁਲਾਜ਼ਮਾਂ ਵਿੱਚੋਂ ਸ਼੍ਰੀ ਸੁਧੀਰ ਕੁਮਾਰ ਅਰੋੜਾ ਪੰਪ ਟੈਕਨੀਸ਼ਨ ਮਿਤੀ 20/09/23 ਨੂੰ ਅਤੇ ਸ਼੍ਰੀ ਸੁਰੇਸ਼ ਕੁਮਾਰ ਸੀਵਰ ਮੈਨ ਦੀ ਮਿਤੀ 25/01/2024 ਨੂੰ ਮੌਤ ਵੀ ਹੋ ਚੁੱਕੀ ਹੈ,ਦੇ ਵਾਰਸਾਂ ਨੂੰ ਵੀ ਸਰਕਾਰੀ ਨਿਯਮਾਂ ਅਨੁਸਾਰ ਬਣਦੇ ਆਰਥਿਕ ਲਾਭ ਤੁਰੰਤ ਦੇਣ ਦੀ ਮੰਗ ਕੀਤੀ ਗਈ ਹੈ। ਬੇਨਤੀ ਪੱਤਰ ਦੇ ਵਿੱਚ ਹੀ ਨੋਟ ਕਰਵਾਇਆ ਗਿਆ ਹੈ ਕਿ ਉਪਰੋਕਤ 39 ਮੁਲਾਜ਼ਮਾਂ ਨੂੰ 29 ਫਰਵਰੀ ਤੱਕ ਜੇ ਪਿਛਲੇ ਛੇ ਮਹੀਨਿਆਂ ਦੀ ਤਨਖਾਹ ਨਾ ਮਿਲੀ ਤਾਂ ਮਾਰਚ ਦੇ ਪਹਿਲੇ ਹਫ਼ਤੇ ਵਿੱਚ ਕਮਿਸ਼ਨਰ ਨਗਰ ਨਿਗਮ ਜਲੰਧਰ ਦੇ ਦਫ਼ਤਰ ਅੱਗੇ ਪੱਕੇ ਤੌਰ 'ਤੇ ਧਰਨਾ ਲਗਾ ਕੇ ਰੋਸ ਪ੍ਰਦਰਸ਼ਨ ਸ਼ੁਰੂ ਕੀਤਾ ਜਾਵੇਗਾ,ਜੋ ਤਨਖਾਹਾਂ ਦੇ ਮਸਲੇ ਅਤੇ ਮ੍ਰਿਤਕਾਂ ਦੇ ਵਾਰਸਾਂ ਨੂੰ ਬਣਦੇ ਲਾਭ ਮਿਲਣ ਤੱਕ ਜ਼ਾਰੀ ਰਹੇਗਾ।ਪੱਕਾ ਧਰਨਾ ਲੱਗਣ ਸੰਬੰਧੀ ਨਿੱਜੀ ਤੌਰ 'ਤੇ ਕਮਿਸ਼ਨਰ ਨਗਰ ਨਿਗਮ ਜਲੰਧਰ ਜ਼ਿੰਮੇਵਾਰ ਹੋਵੇਗਾ।ਇਸ ਸਮੇਂ ਹੋਰਨਾਂ ਤੋਂ ਇਲਾਵਾ ਪੁਸ਼ਪਿੰਦਰ ਕੁਮਾਰ ਵਿਰਦੀ, ਜਗੀਰ ਸਿੰਘ ਸਹੋਤਾ, ਗੋਬਿੰਦ, ਪ੍ਰਦੀਪ ਚੰਦ, ਅਨੰਦ , ਇੰਦਰਜੀਤ ,ਦੇਸ ਰਾਜ , ਸੁੱਚਾ ਰਾਮ, ਕੁਲਦੀਪ ਸਿੰਘ ਕੌੜਾ ਆਦਿ ਸਾਥੀ ਅਤੇ ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ ਦੇ ਸੂਬਾ ਜਨਰਲ ਸਕੱਤਰ ਤੀਰਥ ਸਿੰਘ ਬਾਸੀ ਵਿਸ਼ੇਸ਼ ਤੌਰ 'ਤੇ ਹਾਜ਼ਰ ਹੋਏ।