ਡਿਪਟੀ ਸਪੀਕਰ ਵੱਲੋਂ 27 ਜਨਵਰੀ ਨੂੰ ਜ਼ਿਲ੍ਹਾ ਗੁਰਦਾਸਪੁਰ ਦੀਆਂ ਸਮੂਹ ਵਿਦਿਅਕ ਸੰਸਥਾਵਾਂ ਵਿੱਚ ਛੁੱਟੀ ਦਾ ਐਲਾਨ


ਡਿਪਟੀ ਸਪੀਕਰ ਜੈ ਕ੍ਰਿਸ਼ਨ ਸਿੰਘ ਰੌੜੀ ਨੇ ਗੁਰਦਾਸਪੁਰ ਵਿਖੇ ਜ਼ਿਲ੍ਹਾ ਪੱਧਰੀ ਗਣਤੰਤਰ ਦਿਵਸ ਸਮਾਰੋਹ ਮੌਕੇ ਲਹਿਰਾਇਆ ਕੌਮੀ ਝੰਡਾ


ਮਹਾਨ ਦੇਸ਼ ਭਗਤਾਂ ਦੀਆਂ ਕੁਰਬਾਨੀਆਂ ਦੀ ਬਦੌਲਤ ਅਸੀਂ ਅੱਜ ਦੇ ਮਹਾਨ ਦਿਹਾੜੇ ਨੂੰ ਮਨਾਉਣ ਦੇ ਯੋਗ ਹੋਏ - ਡਿਪਟੀ ਸਪੀਕਰ


ਮਾਨ ਸਰਕਾਰ ਨੇ ਪਿੰਡ ਖਟਕੜ ਕਲਾਂ ਦੀ ਪਵਿੱਤਰ ਧਰਤੀ ਤੋਂ ਸਹੁੰ ਚੁੱਕਣ ਉਪਰੰਤ ਸੂਬੇ ਦੀ ਭਲਾਈ ਲਈ ਕਾਰਜ ਸ਼ੁਰੂ ਕੀਤੇ


ਗਣਤੰਤਰ ਦਿਵਸ ਸਮਾਗਮ ਦੌਰਾਨ ਪੁਲਿਸ ਜਵਾਨਾਂ ਵੱਲੋਂ ਸ਼ਾਨਦਾਰ ਮਾਰਚ ਪਾਸਟ ਦਾ ਮੁਜ਼ਾਹਰਾ


ਸਕੂਲੀ ਵਿਦਿਆਰਥੀਆਂ ਵੱਲੋਂ ਸ਼ਾਨਦਾਰ ਸੱਭਿਆਚਾਰਕ ਪ੍ਰੋਗਰਾਮ ਦੀ ਪੇਸ਼ਕਾਰੀ


ਵੱਖ-ਵੱਖ ਖੇਤਰਾਂ ਵਿੱਚ ਨਾਮਣਾ ਖੱਟਣ ਵਾਲੀਆਂ ਸਖਸ਼ੀਅਤਾਂ ਦਾ ਕੀਤਾ ਗਿਆ ਵਿਸ਼ੇਸ਼ ਸਨਮਾਨ


ਡਿਪਟੀ ਸਪੀਕਰ ਵੱਲੋਂ 27 ਜਨਵਰੀ ਨੂੰ ਜ਼ਿਲ੍ਹਾ ਗੁਰਦਾਸਪੁਰ ਦੀਆਂ ਸਮੂਹ ਵਿਦਿਅਕ ਸੰਸਥਾਵਾਂ ਵਿੱਚ ਛੁੱਟੀ ਦਾ ਐਲਾਨ


ਗੁਰਦਾਸਪੁਰ, 26 ਜਨਵਰੀ ( ) - ਸ਼ਹੀਦ ਲੈਫਟੀਨੈਂਟ ਨਵਦੀਪ ਸਿੰਘ ਸਟੇਡੀਅਮ, ਗੁਰਦਾਸਪੁਰ ਵਿਖੇ 75ਵੇਂ ਗਣਤੰਤਰ ਦਿਹਾੜੇ ਨੂੰ ਸਮਰਪਿਤ ਜ਼ਿਲ੍ਹਾ ਪੱਧਰੀ ਗਣਤੰਤਰ ਦਿਵਸ ਸਮਾਗਮ ਪੂਰੇ ਉਤਸ਼ਾਹ ਨਾਲ ਕਰਵਾਇਆ ਗਿਆ। ਸਮਾਗਮ ਦੌਰਾਨ ਮੁੱਖ ਮਹਿਮਾਨ ਵੱਜੋਂ ਪਹੁੰਚੇ ਮਾਣਯੋਗ ਸ੍ਰੀ ਜੈ ਕ੍ਰਿਸ਼ਨ ਸਿੰਘ ਰੌੜੀ, ਡਿਪਟੀ ਸਪੀਕਰ, ਪੰਜਾਬ ਵਿਧਾਨ ਸਭਾ ਨੇ ਕੌਮੀ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ।


ਡਿਪਟੀ ਸਪੀਕਰ ਸ੍ਰੀ ਜੈ ਕ੍ਰਿਸ਼ਨ ਸਿੰਘ ਰੌੜੀ ਨੇ ਜ਼ਿਲ੍ਹਾ ਪੱਧਰੀ ਗਣਤੰਤਰ ਦਿਵਸ ਸਮਾਰੋਹ ਦੌਰਾਨ ਸੰਬੋਧਨ ਕਰਦਿਆਂ ਦੇਸ਼-ਵਿਦੇਸ਼ ਵਿਚ ਵੱਸਦੇ ਸਾਰੇ ਭਾਰਤੀਆਂ ਖਾਸ ਤੌਰ ’ਤੇ ਪੰਜਾਬੀਆਂ ਨੂੰ ਗਣਤੰਤਰ ਦਿਹਾੜੇ ਦੀ ਮੁਬਾਰਕਬਾਦ ਦਿੱਤੀ। ਉਨ੍ਹਾਂ ਕਿਹਾ ਕਿ ਸਾਡੇ ਮਹਾਨ ਦੇਸ਼ ਭਗਤਾਂ ਦੀਆਂ ਕੁਰਬਾਨੀਆਂ ਦੀ ਬਦੌਲਤ ਅਸੀਂ ਅੱਜ ਦੇ ਮਹਾਨ ਦਿਹਾੜੇ ਨੂੰ ਮਨਾਉਣ ਦੇ ਯੋਗ ਹੋਏ ਹਾਂ। ਸਾਨੂੰ ਮਾਣ ਹੈ ਕਿ ਦੇਸ਼ ਦੇ ਆਜ਼ਾਦੀ ਸੰਗਰਾਮ ਦੌਰਾਨ ਸਭ ਤੋਂ ਜਿਆਦਾ ਕੁਰਬਾਨੀਆਂ ਪੰਜਾਬੀਆਂ ਨੇ ਦਿੱਤੀਆਂ। ਪੰਜਾਬ ਦੀ ਧਰਤੀ ਤੋਂ ਆਜ਼ਾਦੀ ਲਈ ਚੱਲੀਆਂ ਗ਼ਦਰ ਲਹਿਰ, ਬੱਬਰ ਅਕਾਲੀ ਲਹਿਰ, ਕੂਕਾ ਲਹਿਰ, ਗੁਰਦੁਆਰਾ ਸੁਧਾਰ ਲਹਿਰ, ਕਾਮਾਗਾਟਾਮਾਰੂ, ਪਗੜੀ ਸੰਭਾਲ ਜੱਟਾ ਆਦਿ ਸੰਘਰਸ਼ੀ ਲਹਿਰਾਂ ਨੇ ਭਾਰਤ ਦੇ ਆਜ਼ਾਦੀ ਸੰਘਰਸ਼ ਨੂੰ ਨਵੀਂ ਦਿਸ਼ਾ ਅਤੇ ਦਸ਼ਾ ਦਿੱਤੀ।


 ਉਨ੍ਹਾਂ ਕਿਹਾ ਕਿ ਸ਼ਹੀਦ-ਏ-ਆਜ਼ਮ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ, ਕਰਤਾਰ ਸਿੰਘ ਸਰਾਭਾ, ਮਦਨ ਲਾਲ ਢੀਂਗਰਾ, ਲਾਲਾ ਲਾਜਪਤ ਰਾਏ, ਸ਼ਹੀਦ ਊਧਮ ਸਿੰਘ, ਆਦਿ ਹੋਰ ਅਨੇਕਾਂ ਹੀ ਆਜ਼ਾਦੀ ਦੇ ਪਰਵਾਨਿਆਂ ਦੀਆਂ ਕੁਰਬਾਨੀਆਂ ਸਦਕਾ ਹੀ ਅਸੀਂ ਅੱਜ ਆਜ਼ਾਦ ਫ਼ਿਜ਼ਾ ਵਿੱਚ ਜ਼ਿੰਦਗੀ ਬਤੀਤ ਕਰ ਰਹੇ ਹਾਂ। ਇਸ ਮੌਕੇ ਉਨ੍ਹਾਂ ਸ਼ਹੀਦ ਲੈਫਟੀਨੈਂਟ ਨਵਦੀਪ ਸਿੰਘ (ਅਸ਼ੋਕ ਚੱਕਰ) ਸਮੇਤ ਜ਼ਿਲ੍ਹੇ ਦੇ ਸ਼ਹੀਦਾਂ ਅਤੇ ਸੁਤੰਤਰਤਾ ਸੈਲਾਨੀਆਂ ਨੂੰ ਵੀ ਸ਼ਰਧਾਂਜਲੀ ਭੇਟ ਕੀਤੀ। 


 ਸ੍ਰੀ ਜੈ ਕ੍ਰਿਸ਼ਨ ਸਿੰਘ ਰੌੜੀ ਨੇ ਕਿਹਾ ਕਿ ਉਹ ਇਸ ਪਵਿੱਤਰ ਦਿਹਾੜੇ ਮੌਕੇ ਭਾਰਤੀ ਸੰਵਿਧਾਨ ਦੇ ਨਿਰਮਾਤਾ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਦਕਰ ਦੇ ਵਡਮੁੱਲੇ ਯੋਗਦਾਨ ਨੂੰ ਵੀ ਸਿੱਜਦਾ ਕਰਦੇ ਹਨ, ਜਿਨ੍ਹਾਂ ਦੇ ਯੋਗਦਾਨ ਸਦਕਾ 26 ਜਨਵਰੀ, 1950 ਨੂੰ ਭਾਰਤੀ ਸੰਵਿਧਾਨ ਲਾਗੂ ਹੋਣ ਨਾਲ ਭਾਰਤੀ ਗਣਰਾਜ ਦੀ ਸਥਾਪਨਾ ਹੋਈ ਅਤੇ ਸਾਨੂੰ ਦੁਨੀਆ ਵਿੱਚ ਸਭ ਤੋਂ ਵੱਡੀ ਜਮਹੂਰੀਅਤ ਹੋਣ ਦਾ ਮਾਣ ਹਾਸਲ ਹੋਇਆ। ਉਨ੍ਹਾਂ ਕਿਹਾ ਕਿ ਇਹ ਦਿਹਾੜਾ ਆਜ਼ਾਦੀ ਘੁਲਾਟੀਆਂ ਅਤੇ ਸੰਵਿਧਾਨ-ਘਾੜਿਆਂ ਵੱਲੋਂ ਭਾਰਤ ਦੇ ਸੁਨਹਿਰੀ ਭਵਿੱਖ ਬਾਰੇ ਲਏ ਸੁਪਨਿਆਂ ਨੂੰ ਸਾਕਾਰ ਕਰਨ ਦੀ ਯਾਦ ਦਿਵਾਉਂਦਾ ਹੈ ਅਤੇ ਆਪਣੀ ਸਮੁੱਚੀ ਕਾਰਗੁਜ਼ਾਰੀ ਤੇ ਝਾਤ ਮਾਰਨ ਦਾ ਮੌਕਾ ਪ੍ਰਦਾਨ ਕਰਦਾ ਹੈ।


 ਡਿਪਟੀ ਸਪੀਕਰ ਸ੍ਰੀ ਜੈ ਕ੍ਰਿਸ਼ਨ ਸਿੰਘ ਰੌੜੀ ਨੇ ਕਿਹਾ ਕਿ ਮੁੱਖ ਮੰਤਰੀ, ਪੰਜਾਬ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਮੌਜੂਦਾ ਸਰਕਾਰ ਵੱਲੋਂ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਦੇ ਪਿੰਡ ਖਟਕੜ ਕਲਾਂ ਦੀ ਪਵਿੱਤਰ ਧਰਤੀ ਤੋਂ ਸਹੁੰ ਚੁੱਕਣ ਉਪਰੰਤ ਸੂਬੇ ਦੀ ਭਲਾਈ ਲਈ ਕਾਰਜ ਸ਼ੁਰੂ ਕੀਤੇ ਗਏ ਹਨ। ਪੰਜਾਬ ਸਰਕਾਰ ਨੇ ਆਪਣੇ 22 ਮਹੀਨੇ ਦੇ ਕਾਰਜਕਾਲ ਦੌਰਾਨ ਅਨੇਕਾਂ ਲੋਕ-ਪੱਖੀ ਪਹਿਲਕਦਮੀਆਂ ਕੀਤੀਆਂ ਹਨ। ਉਨ੍ਹਾਂ ਕਿਹਾ ਕਿ ਸ਼ਹੀਦ ਵਿਧਵਾਵਾਂ ਦੀ ਪੈਨਸ਼ਨ 6000 ਤੋਂ ਵਧਾ ਕੇ 10,000 ਰੁਪਏ ਕਰਨ ਦੀ ਪ੍ਰਵਾਨਗੀ ਦੇ ਦਿੱਤੀ ਗਈ ਹੈ। ਸ਼ਹੀਦ ਜਵਾਨਾਂ ਦੇ ਵਾਰਿਸਾਂ ਲਈ ਐਕਸ-ਗਰੇਸ਼ੀਆ ਰਾਸ਼ੀ 50 ਲੱਖ ਰੁਪਏ ਤੋਂ ਵਧਾ ਕੇ 1 ਕਰੋੜ ਰੁਪਏ ਕਰ ਦਿੱਤੀ ਗਈ ਹੈ। ਇਸਦੇ ਨਾਲ ਹੀ ਦਿਵਿਆਂਗਤ ਸੈਨਿਕਾਂ ਦੀ ਐਕਸ-ਗ੍ਰਰੇਸ਼ੀਆ ਗਰਾਂਟ 5 ਲੱਖ ਰੁਪਏ ਤੋਂ ਵਧਾ ਕੇ 40 ਲੱਖ ਰੁਪਏ ਕਰ ਦਿੱਤੀ ਗਈ ਹੈ। 


ਡਿਪਟੀ ਸਪੀਕਰ ਨੇ ਕਿਹਾ ਕਿ ਰੋਜ਼ਗਾਰ ਦੇ ਖੇਤਰ ਵਿਚ ਨੌਜਵਾਨਾਂ ਨੂੰ 39 ਹਜ਼ਾਰ 406 ਸਰਕਾਰੀ ਨੌਕਰੀਆਂ ਅਤੇ 12 ਹਜ਼ਾਰ 710 ਮੁਲਾਜ਼ਮਾਂ ਨੂੰ ਪੱਕਾ ਕੀਤਾ ਗਿਆ ਹੈ। ਸਮੁੱਚੀ ਭਰਤੀ ਨਿਰੋਲ ਮੈਰਿਟ ਦੇ ਆਧਾਰ ਤੇ ਕੀਤੀ ਗਈ ਹੈ। ਭ੍ਰਿਸ਼ਟਾਚਾਰ ਨੂੰ ਜੜੋ ਖ਼ਤਮ ਕਰਨ ਲਈ ਐਂਟੀ ਕੁਰੱਪਸ਼ਨ ਐਕਸ਼ਨ ਲਾਈਨ ਦੀ ਸ਼ੁਰੂਆਤ ਕੀਤੀ ਗਈ ਹੈ। ਹਰ ਘਰ ਰਾਸ਼ਨ ਸਕੀਮ ਦੇ ਤਹਿਤ ਅਗਸਤ 2022 ਤੋਂ ਬਾਅਦ ਕੱਟੇ ਗਏ 10.77 ਲੱਖ ਰਾਸ਼ਨ ਕਾਰਡ ਬਹਾਲ ਹੋਣਗੇ।


ਡਿਪਟੀ ਸਪੀਕਰ ਸ੍ਰੀ ਜੈ ਕ੍ਰਿਸ਼ਨ ਸਿੰਘ ਰੌੜੀ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਹਰ ਘਰ ਨੂੰ 300 ਯੂਨਿਟ ਪ੍ਰਤੀ ਮਹੀਨਾ ਮੁਫ਼ਤ ਬਿਜਲੀ ਸਹੂਲਤ ਦਿੱਤੀ ਜਾ ਰਹੀ ਹੈ ਜਿਸ ਸਦਕਾ 90 ਫ਼ੀਸਦੀ ਤੋਂ ਵੱਧ ਘਰਾਂ ਦਾ ਬਿਜਲੀ ਬਿੱਲ ਜ਼ੀਰੋ ਆ ਰਿਹਾ ਹੈ। ਉਨ੍ਹਾਂ ਕਿਹਾ ਕਿ ਸਿਹਤ ਸੇਵਾਵਾਂ ਦੇ ਖੇਤਰ ਵਿੱਚ 664 ਆਮ ਆਦਮੀ ਕਲੀਨਿਕ ਲੋਕਾਂ ਨੂੰ ਮਿਆਰੀ ਸਿਹਤ ਸੇਵਾਵਾਂ ਦੇ ਰਹੇ ਰਹੇ ਹਨ। ਉਨ੍ਹਾਂ ਕਿਹਾ ਕਿ ਫ਼ਰਿਸ਼ਤੇ ਸਕੀਮ ਰਾਹੀਂ ਸੜਕ ਹਾਦਸੇ ਦੇ ਪੀੜਤਾਂ ਦਾ ਕਿਸੇ ਵੀ ਪ੍ਰਾਈਵੇਟ ਅਤੇ ਸਰਕਾਰੀ ਹਸਪਤਾਲ ਵਿਚ ਮੁਫ਼ਤ ਇਲਾਜ ਹੋਵੇਗਾ। ਉਨ੍ਹਾਂ ਕਿਹਾ ਕਿ ਸਿੱਖਿਆ ਦੇ ਖੇਤਰ ਵਿਚ ਪੰਜਾਬ ਦੇ ਰੌਸ਼ਨ ਭਵਿੱਖ ਲਈ 117 ਸਕੂਲ ਆਫ਼ ਐਮੀਨੈਂਸ ਦੀ ਸ਼ੁਰੂਆਤ ਕੀਤੀ ਗਈ ਹੈ।


ਡਿਪਟੀ ਸਪੀਕਰ ਸ੍ਰੀ ਜੈ ਕ੍ਰਿਸ਼ਨ ਸਿੰਘ ਰੌੜੀ ਨੇ ਕਿਹਾ ਕਿ ਪੰਜਾਬ ਵਿਧਾਨ ਸਭਾ ਵਿੱਚ ਪਹਿਲੀ ਵਾਰ ਸਦਨ ਦੀ ਕਾਰਵਾਈ ਮੁਕੰਮਲ ਰੂਪ ਵਿੱਚ ਪੇਪਰ ਲੈਸ ਕੀਤੀ ਗਈ ਹੈ।


ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਤੀਰਥ ਯਾਤਰਾ ਸਕੀਮ ਤਹਿਤ ਸੂਬਾ ਵਾਸੀਆਂ ਨੂੰ ਵੱਖ-ਵੱਖ ਪਾਵਨ ਧਾਰਮਿਕ ਅਸਥਾਨਾਂ ਦੇ ਮੁਫ਼ਤ ਦਰਸ਼ਨ ਕਰਵਾਏ ਜਾ ਰਹੇ ਹਨ। ਖੇਡਾਂ ਦੇ ਖੇਤਰ ਦਾ ਜਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਖੇਡਾਂ ਵਤਨ ਪੰਜਾਬ ਦੀਆਂ ਦੇ ਦੂਜੇ ਸੀਜ਼ਨ ਵਿੱਚ ਸਾਢੇ ਚਾਰ ਲੱਖ ਦੇ ਕਰੀਬ ਖਿਡਾਰੀਆਂ ਨੇ ਹਿੱਸਾ ਲਿਆ ਅਤੇ ਕਰੀਬ 11000 ਜੇਤੂ ਖਿਡਾਰੀਆਂ ਨੂੰ ਵੀ 8.69 ਕਰੋੜ ਰੁਪਏ ਦੇ ਇਨਾਮ ਤਕਸੀਮ ਕੀਤੇ ਗਏ। 


ਉਨ੍ਹਾਂ ਕਿਹਾ ਕਿ ਸਰਕਾਰੀ ਬੱਸਾਂ ਵਿੱਚ ਔਰਤਾਂ ਦੇ ਨਾਲ-ਨਾਲ ਸੁਤੰਤਰਤਾ ਸੰਗਰਾਮੀਆਂ ਤੇ ਉਨ੍ਹਾਂ ਦੇ ਯੋਗ ਵਾਰਸਾਂ ਨੂੰ ਮੁਫ਼ਤ ਸਫ਼ਰ ਦੀ ਸਹੂਲਤ ਦਿਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਬਜ਼ੁਰਗਾਂ, ਵਿਧਵਾਵਾਂ, ਅਤੇ ਬੇਸਹਾਰਾ ਬੱਚਿਆਂ ਨੂੰ 1500 ਰੁਪਏ ਪ੍ਰਤੀ ਮਹੀਨਾ ਪੈਨਸ਼ਨ ਦਿੱਤੀ ਜਾ ਰਹੀ ਹੈ। ਕਿਸਾਨਾਂ ਦੀ ਭਲਾਈ ਲਈ ਅਤੇ ਧਰਤੀ ਹੇਠਲੇ ਪਾਣੀ ਨੂੰ ਬਚਾਉਣ ਦੇ ਉਪਰਾਲੇ ਤਹਿਤ ਪੰਜਾਬ ਸਰਕਾਰ ਨੇ ਦਹਾਕਿਆਂ ਤੋਂ ਬੰਦ ਪਏ 15,825 ਨਹਿਰੀ ਖਾਲ਼ ਮੁੜ ਸ਼ੁਰੂ ਕਰਵਾਏ ਹਨ। ਅਨੁਸੂਚਿਤ ਜਾਤੀਆਂ, ਪਛੜੀਆਂ ਸ਼੍ਰੇਣੀਆਂ ਅਤੇ ਘੱਟ ਗਿਣਤੀ ਵਰਗ ਦੇ ਪਰਿਵਾਰਾਂ ਨੂੰ ਲੜਕੀ ਦੇ ਵਿਆਹ `ਤੇ 51 ਹਜ਼ਾਰ ਰੁਪਏ ਦਾ ਸ਼ਗਨ ਦਿੱਤਾ ਜਾ ਰਿਹਾ ਹੈ।


ਡਿਪਟੀ ਸਪੀਕਰ ਸ੍ਰੀ ਜੈ ਕ੍ਰਿਸ਼ਨ ਸਿੰਘ ਰੌੜੀ ਨੇ ਕਿਹਾ ਕਿ ਪੰਜਾਬ ਸਰਕਾਰ ਜ਼ਿਲ੍ਹਾ ਗੁਰਦਾਸਪੁਰ ਦੇ ਸਰਬਪੱਖੀ ਵਿਕਾਸ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ 14.92 ਕਰੋੜ ਰੁਪਏ ਦੀ ਲਾਗਤ ਨਾਲ 6 ਏਕੜ ਵਿੱਚ `ਬਾਬਾ ਬੰਦਾ ਸਿੰਘ ਬਹਾਦਰ ਇੰਟਰ ਸਟੇਟ ਬੱਸ ਟਰਮੀਨਲ` ਸ਼ੁਰੂ ਕਰ ਦਿੱਤਾ ਗਿਆ ਹੈ। ਸ਼ਹਿਰ ਵਿੱਚ ਟਰੈਫ਼ਿਕ ਦੀ ਸਮੱਸਿਆ ਨੂੰ ਹੱਲ ਕਰਦੇ ਹੋਏ 21 ਕਰੋੜ ਰੁਪਏ ਦੀ ਲਾਗਤ ਨਾਲ ਤਿੱਬੜੀ ਰੋਡ `ਤੇ ਅੰਡਰ ਰੇਲਵੇ ਬਰਿੱਜ ਤਿਆਰ ਕਰਕੇ ਲੋਕ ਅਰਪਣ ਕੀਤਾ ਗਿਆ ਹੈ।


ਕਲਾਨੌਰ ਵਿਖੇ 6.61 ਕਰੋੜ ਰੁਪਏ ਦੀ ਲਾਗਤ ਨਾਲ ਨਵੇਂ ਤਹਿਸੀਲ ਕੰਪਲੈਕਸ ਦੀ ਤਿਆਰੀ ਕੀਤੀ ਜਾ ਰਹੀ ਹੈ ਜੋ ਇਸੇ ਸਾਲ ਲੋਕ ਅਰਪਣ ਕਰ ਦਿੱਤਾ ਜਾਵੇਗਾ। ਦੀਨਾਨਗਰ ਵਿਖੇ 6.60 ਕਰੋੜ ਰੁਪਏ ਦੀ ਲਾਗਤ ਨਾਲ ਨਵਾਂ ਤਹਿਸੀਲ ਕੰਪਲੈਕਸ ਅਤੇ 2.36 ਕਰੋੜ ਰੁਪਏ ਦੀ ਲਾਗਤ ਨਾਲ ਸਬ-ਤਹਿਸੀਲ ਦਾ ਦਫ਼ਤਰ ਬਣਾਇਆ ਗਿਆ ਹੈ। ਇਸ ਤੋਂ ਇਲਾਵਾ ਬਟਾਲਾ ਵਿਖੇ 11 ਕਰੋੜ ਰੁਪਏ ਦੀ ਲਾਗਤ ਨਾਲ ਨਵੇਂ ਤਹਿਸੀਲ ਕੰਪਲੈਕਸ ਉਸਾਰੀ ਅਰੰਭੀ ਗਈ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੇ ਵਿਕਾਸ ਵੱਲ ਵਧਦੇ ਇਹ ਕਦਮ ਸੂਬੇ ਨੂੰ `ਰੰਗਲਾ ਪੰਜਾਬ` ਬਣਾਉਣ ਵਿੱਚ ਸਹਾਈ ਹੋਣਗੇ।


ਇਸ ਤੋਂ ਬਾਅਦ ਪਰੇਡ ਕਮਾਂਡਰ ਸ. ਦਿਲਪ੍ਰੀਤ ਸਿੰਘ ਆਈ.ਪੀ.ਐੱਸ. ਦੀ ਅਗਵਾਈ ਹੇਠ ਪੰਜਾਬ ਪੁਲਿਸ, ਪੰਜਾਬ ਮਹਿਲਾ ਪੁਲਿਸ, ਪੰਜਾਬ ਹੋਮਗਾਰਡ, ਐੱਨ.ਸੀ.ਸੀ. ਕੈਡਿਟਸ, ਸਕੂਲੀ ਵਿਦਿਆਰਥੀਆਂ ਅਤੇ ਪੰਜਾਬ ਪੁਲਿਸ ਦੇ ਬੈਂਡ ਦੀਆਂ ਟੁਕੜੀਆਂ ਵੱਲੋਂ ਸ਼ਾਨਦਾਰ ਮਾਰਚ ਪਾਸਟ ਕੀਤਾ ਗਿਆ ਅਤੇ ਕੌਮੀ ਝੰਡੇ ਅਤੇ ਮੁੱਖ ਮਹਿਮਾਨ ਨੂੰ ਸਲਾਮੀ ਦਿੱਤੀ ਗਈ।  


ਇਸ ਤੋਂ ਬਾਅਦ ਬੀ.ਐੱਸ.ਐੱਫ ਵੱਲੋਂ ਵਿਸ਼ੇਸ਼ ਝਾਕੀ ਰਾਹੀਂ ਸਰਹੱਦੀ ਖੇਤਰ ਦੇ ਨੌਜਵਾਨਾਂ ਨੂੰ ਦਿੱਤੀ ਜਾ ਰਹੀ ਕਿੱਤਾਮੁੱਖੀ ਸਿਖਲਾਈ ਨੂੰ ਦਰਸਾਇਆ ਗਿਆ। ਪੁਲਿਸ ਵਿਭਾਗ ਵੱਲੋਂ ਪੁਲਿਸ ਸਾਂਝ ਕੇਂਦਰਾਂ ਦੀ ਕਾਰਗੁਜ਼ਾਰੀ ਨੂੰ ਪ੍ਰਦਰਸ਼ਤ ਕੀਤਾ ਗਿਆ। ਉਪਰੰਤ ਪਾਵਰਕਾਮ, ਪੰਚਾਇਤ ਵਿਭਾਗ, ਸਿਹਤ ਵਿਭਾਗ, ਪਸ਼ੂ ਪਾਲਣ ਤੇ ਡੇਅਰੀ ਵਿਕਾਸ ਵਿਭਾਗ, ਖੇਤੀਬਾੜੀ ਵਿਭਾਗ, ਸਿੱਖਿਆ ਵਿਭਾਗ, ਮੱਛੀ ਪਾਲਣ ਅਤੇ ਜ਼ਿਲ੍ਹਾ ਚੋਣ ਦਫ਼ਤਰ ਵੱਲੋਂ ਵਿਕਾਸ ਨੂੰ ਦਰਸਾਉਂਦੀਆਂ ਝਾਕੀਆਂ ਪੇਸ਼ ਕੀਤੀਆਂ ਗਈਆਂ। ਪਾਵਰਕਾਮ ਦੀ ਝਾਕੀ ਨੂੰ ਬੈਸਟ ਝਾਕੀ ਐਲਾਨਿਆ ਗਿਆ।

 

ਇਸ ਉਪਰੰਤ ਗਣਤੰਤਰ ਦਿਵਸ ਸਮਾਗਮ ਦੀਆਂ ਰੌਣਕਾਂ ਤੇ ਖੁਸ਼ੀਆਂ ਵਿੱਚ ਵਾਧਾ ਕਰਨ ਲਈ ਸਕੂਲਾਂ ਅਤੇ ਕਾਲਜਾਂ ਦੇ ਵਿਦਿਆਰਥੀਆਂ ਵੱਲੋਂ ਸ਼ਾਨਦਾਰ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਗਿਆ। ਉਪਰੰਤ ਵੱਖ-ਵੱਖ ਸਿੱਖਿਆ ਸੰਸਥਾਵਾਂ ਵੱਲੋਂ ਸ਼ਬਦ ਗਾਇਨ, ਮਾਸ ਪੀ.ਟੀ. ਸ਼ੋਅ, ਦੇਸ਼ ਭਗਤੀ ਨਾਲ ਲਬਰੇਜ਼ ਸੱਭਿਆਚਾਰਕ ਪ੍ਰੋਗਰਾਮ, ਗਿੱਧਾ ਅਤੇ ਭੰਗੜਾ ਪੇਸ਼ ਕੀਤੇ ਗਏ। ਸੱਭਿਆਚਾਰਕ ਪ੍ਰੋਗਰਾਮ ਵਿੱਚ ਪਹਿਲਾ ਸਥਾਨ ਗਤਕੇ ਦੀ ਪੇਸ਼ਕਾਰੀ ਲਈ ਅਕਾਲ ਅਕੈਡਮੀ ਤਿੱਬੜ, ਗਿਆਨ ਅੰਜਨ ਸਕੂਲ, ਰਤਨ ਸਾਗਰ ਸਕੂਲ ਅਤੇ ਸੇਂਟ ਸੋਲਜ਼ਰ ਸਕੂਲ ਗੁਰਦਾਸਪੁਰ ਨੂੰ ਮਿਲਿਆ। ਦੂਜੇ ਸਥਾਨ ’ਤੇ ਲਿਟਲ ਫਲਾਵਰ ਕਾਨਵੈਂਟ ਸਕੂਲ ਧਾਰੀਵਾਲ ਅਤੇ ਬਾਬਾ ਅਜੇ ਸਿੰਘ ਖ਼ਾਲਸਾ ਸਕੂਲ ਗੁਰਦਾਸ ਨੰਗਲ ਦੀ ਕੋਰਿਓਗ੍ਰਾਫੀ ਰਹੀ ਅਤੇ ਤੀਜਾ ਸਥਾਨ ਸਰਕਾਰੀ ਹਾਈ ਸਕੂਲ ਹਯਾਤਨਗਰ, ਐੱਚ.ਆਰ.ਏ. ਇੰਟਰਨੈਸ਼ਨਲ ਸਕੂਲ, ਸੇਂਟ ਸੋਲਜਰ ਸਕੂਲ ਗੁਰਦਾਸਪੁਰ ਅਤੇ ਆਰ.ਡੀ. ਖੋਸਲਾ ਸਕੂਲ ਬਟਾਲਾ ਦੀ ਸਾਂਝੀ ਪੇਸ਼ਕਾਰੀ ਯੋਗਾ ਨੂੰ ਹਾਸਲ ਹੋਇਆ। 


ਗਣਤੰਤਰ ਦਿਵਸ ਸਮਾਗਮ ਦੌਰਾਨ ਬੀ.ਐੱਸ.ਐੱਫ. ਵੱਲੋਂ ਹਥਿਆਰਾਂ ਦੀ ਪ੍ਰਦਰਸ਼ਨੀ ਵੀ ਲਗਾਈ ਗਈ ਜੋ ਦਰਸ਼ਕਾਂ ਵਿੱਚ ਵਿਸ਼ੇਸ਼ ਖਿੱਚ ਦਾ ਕੇਂਦਰ ਬਣੀ ਰਹੀ। 


ਮੁੱਖ ਮਹਿਮਾਨ ਵੱਲੋਂ ਵੱਖ-ਵੱਖ ਟੁਕੜੀਆਂ ਦੀ ਅਗਵਾਈ ਕਰ ਰਹੇ ਪਲਟੂਨ ਕਮਾਂਡਰਾਂ ਸਮੇਤ ਪਰੇਡ ਦੀ ਅਗਵਾਈ ਕਰ ਰਹੇ ਸ. ਦਿਲਪ੍ਰੀਤ ਸਿੰਘ ਆਈ.ਪੀ.ਐੱਸ. ਸਮੇਤ ਵੱਖ-ਵੱਖ ਖੇਤਰਾਂ ਵਿਚ ਨਾਮਣਾ ਖੱਟਣ ਵਾਲੀਆਂ ਸਖ਼ਸ਼ੀਅਤਾਂ ਦਾ ਸਨਮਾਨ ਕੀਤਾ ਗਿਆ। ਇਸ ਤੋਂ ਪਹਿਲਾਂ ਡਿਪਟੀ ਸਪੀਕਰ ਵੱਲੋਂ ਵੀਰ ਨਾਰੀਆਂ, ਆਜ਼ਾਦੀ ਘੁਲਾਟੀਆਂ ਦੇ ਪਰਿਵਾਰਾਂ ਦਾ ਵੀ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਮੌਕੇ ਉਨ੍ਹਾਂ ਵੱਲੋਂ ਲੋੜਵੰਦ ਔਰਤਾਂ ਨੂੰ ਸਿਲਾਈ ਮਸ਼ੀਨਾਂ ਤੇ ਦਿਵਿਆਂਗਜਨਾਂ ਨੂੰ ਟਰਾਈਸਾਇਕਲਾਂ ਅਤੇ ਵੀਲ ਚੇਅਰ ਦੀ ਵੰਡ ਕੀਤੀ ਗਈ। ਗਣਤੰਤਰ ਦਿਵਸ ਸਮਾਗਮ ਦੀ ਸਮਾਪਤੀ ਕੌਮੀ ਗੀਤ ਨਾਲ ਹੋਈ। ਡਿਪਟੀ ਸਪੀਕਰ ਸ੍ਰੀ ਜੈ ਕ੍ਰਿਸ਼ਨ ਸਿੰਘ ਰੌੜੀ ਵੱਲੋਂ ਗਣਤੰਤਰ ਦਿਵਸ ਦੇ ਸਫਲ ਸਮਾਗਮ ਦੀ ਖੁਸ਼ੀ ਵਿਚ ਜ਼ਿਲ੍ਹੇ ਦੀਆਂ ਸਾਰੀਆਂ ਵਿਦਿਅਕ ਸੰਸਥਾਵਾਂ ਵਿਚ 27 ਜਨਵਰੀ ਦੀ ਛੁੱਟੀ ਦਾ ਐਲਾਨ ਕੀਤਾ ਗਿਆ। 


 ਇਸ ਮੌਕੇ ਜ਼ਿਲਾ ਅਤੇ ਸੈਸ਼ਨ ਜੱਜ ਗੁਰਦਾਸਪੁਰ ਸ੍ਰੀ ਰਜਿੰਦਰ ਅਗਰਵਾਲ, ਏ.ਡੀ.ਜੀ.ਪੀ. ਸ੍ਰੀ ਨਗੇਸ਼ਵਰ ਰਾਓ, ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ, ਐੱਸ.ਐੱਸ.ਪੀ. ਗੁਰਦਾਸਪੁਰ ਸ੍ਰੀ ਹਰੀਸ਼ ਦਾਯਮਾ, ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਦੇ ਚੇਅਰਮੈਨ ਸ੍ਰੀ ਰਮਨ ਬਹਿਲ, ਜ਼ਿਲਾ ਯੋਜਨਾ ਕਮੇਟੀ ਦੇ ਚੇਅਰਮੈਨ ਸ. ਜਗਰੂਪ ਸਿੰਘ ਸੇਖਵਾਂ, ਉੱਘੇ ਜਨਤਕ ਆਗੂ ਅਤੇ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਸ਼ਹਿਰੀ ਪ੍ਰਧਾਨ ਸ੍ਰੀ ਸ਼ਮਸ਼ੇਰ ਸਿੰਘ, ਮਾਰਕਿਟ ਕਮੇਟੀ ਗੁਰਦਾਸਪੁਰ ਦੇ ਚੇਅਰਮੈਨ ਸ੍ਰੀ ਭਾਰਤ ਭੂਸ਼ਨ ਸ਼ਰਮਾਂ, ਵਧੀਕ ਡਿਪਟੀ ਕਮਿਸ਼ਨਰ ਸ੍ਰੀ ਸੁਭਾਸ਼ ਚੰਦਰ, ਐੱਸ.ਡੀ.ਐੱਮ ਗੁਰਦਾਸਪੁਰ ਸ੍ਰੀਮਤੀ ਅਮਨਦੀਪ ਕੌਰ ਘੁੰਮਣ, ਸਹਾਇਕ ਕਮਿਸ਼ਨਰ ਮੈਡਮ ਇਰਵਿਨ ਕੌਰ, ਜ਼ਿਲ੍ਹਾ ਮਾਲ ਅਫ਼ਸਰ ਸ੍ਰੀ ਲਕਸ਼ੈ ਕੁਮਾਰ, ਤਹਿਸੀਲਦਾਰ ਰਾਜਵਿੰਦਰ ਕੌਰ, ਡੀ.ਡੀ.ਪੀ.ਓ ਸਤੀਸ਼ ਕੁਮਾਰ, ਜ਼ਿਲ੍ਹਾ ਸਿੱਖਿਆ ਅਫ਼ਸਰ ਮਮਤਾ ਸੇਠੀ ਖੁਰਾਣਾ, ਜ਼ਿਲ੍ਹਾ ਰੋਜ਼ਗਾਰ ਅਫ਼ਸਰ ਪ੍ਰਸ਼ੋਤਮ ਸਿੰਘ, ਸਮਾਜ ਸੇਵੀ ਕੁੰਵਰ ਰਵਿੰਦਰ ਸਿੰਘ ਵਿੱਕੀ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਅਤੇ ਵੱਡੀ ਗਿਣਤੀ ਵਿੱਚ ਜ਼ਿਲ੍ਹਾ ਵਾਸੀ ਹਾਜ਼ਰ ਸਨ।

Promoted content

Promoted content
नन्हें सपनों की दुनिया ( ਚੈੱਨਲ ਨੂੰ ਸੁਬਸਕ੍ਰਾਇਬ ਕਰੋ )

Featured post

AFPI MOHALI ADMISSION 2024-25: ਮੁੰਡਿਆਂ ਲਈ NDA, ਆਰਮੀ , ਨੇਵੀ ਅਤੇ ਏਅਰ ਫੋਰਸ ਵਿੱਚ ਭਰਤੀ ਲਈ ਸੁਨਹਿਰੀ ਮੌਕਾ, ਅਰਜ਼ੀਆਂ ਦੀ ਮੰਗ

Maharaja Ranjit Singh Academy entrance test 2024-25 Registration Maharaja Ranjit Singh Academy entrance test 2024-25 ਪੰਜਾਬ ਸਰਕਾਰ ਦੀ ਮੋਹਾਲੀ ਵ...

RECENT UPDATES

Trends