ਬੱਦੋਵਾਲ ਦੇ ਸਰਕਾਰੀ ਸਕੂਲ ਦੀ ਛੱਤ ਡਿੱਗਣ ਨਾਲ ਇੱਕ ਅਧਿਆਪਕਾ ਦੀ ਹੋਈ ਮੌਤ ਤੇ ਗਹਿਰੇ ਦੁੱਖ ਜ਼ਾਹਰ ਕਰਦੀ ਹੈ ਈਟੀਯੂ ਪੰਜਾਬ (ਰਜਿ.) - ਪਨੂੰ , ਲਹੌਰੀਆ
ਐਲੀਮੈਂਟਰੀ ਟੀਚਰਜ ਯੂਨੀਅਨ ਪੰਜਾਬ (ਰਜਿ.) ਦੇ ਸੂਬਾ ਪ੍ਰਧਾਨ ਹਰਜਿੰਦਰਪਾਲ ਸਿੰਘ ਪਨੂੰ ਤੇ ਸੂਬਾ ਪ੍ਰੈਸ ਸਕੱਤਰ ਦਲਜੀਤ ਸਿੰਘ ਲਹੌਰੀਆ ਨੇ ਦੱਸਿਆ ਕਿ ਜ਼ਿਲ੍ਹਾ ਲੁਧਿਆਣਾ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬੱਲੋਵਾਲ ਦੀ ਇਮਾਰਤ ਦਾ ਛੱਤ ਡਿੱਗਣ ਨਾਲ ਇੱਕ ਅਧਿਆਪਕਾ ਦੀ ਮੌਤ ਹੋ ਗਈ ਅਤੇ ਦੋ ਹੋਰ ਅਧਿਆਪਕ ਗੰਭੀਰ ਜ਼ਖ਼ਮੀ ਹੋ ਗਏ।ਐਲੀਮੈੰਟਰੀ ਟੀਚਰਜ਼ ਯੂਨੀਅਨ (ਰਜਿ)ਪੰਜਾਬ ਵੱਲੋਂ ਵਾਪਰੀ ਇਸ ਦੁਰਘਟਨਾ 'ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕਰਦੇ ਹੋਏ ਇਸ ਘਟਨਾ 'ਚ ਵਿਛੋੜਾ ਦੇ ਗਈ ਅਧਿਆਪਕਾ ਰਵਿੰਦਰ ਕੌਰ ਸਸ ਮਿੱਸਟ੍ਰੈੱਸ ਦੇ ਪਰਿਵਾਰ ਨਾਲ ਆਪਣੀ ਹਮਦਰਦੀ ਪ੍ਰਗਟ ਕੀਤੀ ਹੈ।
ਜਥੇਬੰਦੀ ਦੇ ਸੂਬਾ ਪ੍ਰਧਾਨ ਹਰਜਿੰਦਰਪਾਲ ਸਿੰਘ ਪੰਨੂ ਨੇ ਪ੍ਰੈੱਸ ਬਿਆਨ ਜਾਰੀ ਕਰਦਿਆਂ ਇਸ ਮੰਦਭਾਗੀ ਘਟਨਾ ਪਿੱਛੇ ਪੰਜਾਬ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਅਤੇ ਸਿੱਖਿਆ ਵਿਭਾਗ ਦੇ ਨਾਕਸ਼-ਪ੍ਰਬੰਧਾਂ ਨੂੰ ਕਸੂਰਵਾਰ ਠਹਿਰਾਉਂਦਿਆਂ ਕਿਹਾ ਗਿਆ ਹੈ ਕਿ ਅਸਲ ਵਿਚ ਪਿਛਲੀਆਂ ਸਰਕਾਰਾਂ ਸਮੇਤ ਮੌਜ਼ੂਦਾ ਸਰਕਾਰ ਵੱਲੋਂ ਵੀ ਨਕਾਮ ਪ੍ਰਬੰਧਾਂ ਨੂੰ ਛੁਪਾ ਕੇ ਖ਼ਸਤਾ ਹਾਲਤ ਇਮਾਰਤਾਂ ਤੇ ਰੰਗ ਰੋਗਨ ਕਰਵਾ ਕੇ ਸਮਾਰਟ ਸਕੂਲ/ਸਕੂਲ ਆਫ਼ ਐਮੀਨੈੱਸ ਦੇ ਬੋਰਡ ਟੰਗਣ ਦੀ ਨੀਤੀ ਪੂਰੀ ਤਰ੍ਹਾਂ ਜੁੰਮੇਵਾਰ ਹੈ।
ਜਥੇਬੰਦੀ ਦੇ ਆਗੂਆਂ ਸਤਵੀਰ ਸਿੰਘ ਰੌਣੀ , ਹਰਕ੍ਰਿਸ਼ਨ ਸਿੰਘ ਮੋਹਾਲੀ, ਦਲਜੀਤ ਸਿੰਘ ਲਹੌਰੀਆ ,ਗੁਰਿੰਦਰ ਸਿੰਘ ਘੁਕੇਵਾਲੀ ,ਹਰਜਿੰਦਰ ਸਿੰਘ ਹਾਂਡਾ, ਸੋਹਣ ਸਿੰਘ ਧਰਮਕੋਟ, ਦਿਲਬਾਗ ਸਿੰਘ ਬੌਡੇ ਨੇ ਮੰਗ ਕੀਤੀ ਗਈ ਹੈ ਕਿ ਸਮੂਹ ਸਕੂਲਾਂ ਦੀਆਂ ਇਮਾਰਤ ਅਤੇ ਸਮੁੱਚੇ ਰੱਖ ਰਖਾਵ ਦੇ ਪ੍ਰਬੰਧਾਂ ਦੀ ਤੁਰੰਤ ਚੈਕਿੰਗ ਕਰਵਾ ਕੇ ਲੋੜਬੰਦ ਸਕੂਲਾਂ ਨੂੰ ਮੁਰੰਮਤ ਅਤੇ ਉਸਾਰੀ ਲਈ ਫੰਡ ਜਾਰੀ ਕੀਤੇ ਜਾਣ ਤਾਂ ਜ਼ੋ ਭਵਿੱਖ ਅੰਦਰ ਅਜਿਹੀ ਦੁੱਖਦਾਈ ਘਟਨਾ ਦੁਬਾਰਾ ਨਾ ਵਾਪਰੇ। ਜਥੇਬੰਦੀ ਦੇ ਆਗੂਆਂ ਨੇ ਕਿਹਾ ਕਿ ਮਾਨ ਸਰਕਾਰ ਇਸ਼ਤਿਹਾਰਾਂ ਦੀ ਸਰਕਾਰ ਬਣ ਕੇ ਰਹਿ ਗਈ ਹੈ। ਇਸ਼ਤਿਹਾਰਾਂ 'ਤੇ ਕਰੋੜਾਂ ਰੁਪਏ ਖਰਚ ਰਹੀ ਹੈ ਪਰ ਸੂਬੇ ਦੇ ਲੋਕਾਂ ਦੀ ਅਸਲ ਭਲਾਈ ਵੱਲ ਉੱਕਾ ਹੀ ਧਿਆਨ ਨਹੀਂ ਹੈ। ਲੋਕ-ਪੱਖੀ ਨੀਤੀਆਂ ਦੇ ਬਿਲਕੁਲ ਉਲਟ ਭੁਗਤਦੀ ਹੋਈ ਮਾਨ ਸਰਕਾਰ ਆਮ ਲੋਕਾਂ ਲਈ ਕੋਈ ਵੀ ਚੱਜ ਦਾ ਕਾਰਜ ਨਹੀਂ ਕਰ ਸਕੀ। ਭਵਿੱਖ ਵਿੱਚ ਵੀ ਸਰਕਾਰ ਦਾ ਲੋਕ ਪੱਖੀ ਨੀਤੀਆਂ ਲਿਆਉਣ ਵੱਲ ਕੋਈ ਧਿਆਨ ਨਹੀਂ ਜਾਪਦਾ।