ਜ਼ਿਲ੍ਹਾ ਲੁਧਿਆਣਾ ਵਿੱਚ ਕੱਚੇ ਅਧਿਆਪਕਾਂ ਨੂੰ ਪੱਕੇ ਨਿਯੁਕਤੀ ਪੱਤਰ ਸੌਂਪਣ ਮੌਕੇ ਰਿਹਾ ਖੁਸ਼ੀਆਂ ਭਰਿਆ ਮਾਹੌਲ
ਪੰਜਾਬ ਸਰਕਾਰ ਵੱਲੋਂ ਵਿਸ਼ੇਸ਼ ਤੌਰ ਤੇ ਅੱਜ ਪੰਜਾਬ ਦੇ 12710 ਕੱਚੇ ਅਧਿਆਪਕਾਂ ਨੂੰ ਸੌਂਪੇ ਨਿਯੁਕਤੀ ਪੱਤਰ
ਲੁਧਿਆਣਾ ਮਿਤੀ 28 ਜੁਲਾਈ ()
ਪੰਜਾਬ ਸਰਕਾਰ ਦੇ ਖ਼ਾਸ ਉਪਰਾਲੇ ਸਦਕਾ ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਕੰਮ ਕਰਦੇ ਕੱਚੇ ਅਧਿਆਪਕਾਂ ਨੂੰ ਅੱਜ ਪੱਕੇ ਨਿਯੁਕਤੀ ਪੱਤਰ ਸੌਂਪੇ ਗਏ। ਜਾਣਕਾਰੀ ਦਿੰਦਿਆਂ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਬਲਦੇਵ ਸਿੰਘ ਵੱਲੋਂ ਦੱਸਿਆ ਗਿਆ ਕਿ ਪੰਜਾਬ ਸਰਕਾਰ ਦੀ ਕੱਚੇ ਅਧਿਆਪਕਾਂ ਦੀ ਪੱਕੇ ਕਰਨ ਸੰਬੰਧੀ ਬਣਾਈ ਪਾਲਿਸੀ ਤਹਿਤ ਅੱਜ ਜ਼ਿਲ੍ਹਾ ਲੁਧਿਆਣਾ ਦੇ ਸਮੂਹ ਸਰਕਾਰੀ ਪ੍ਰਾਇਮਰੀ ਸਕੂਲਾਂ ਵਿੱਚ ਸੇਵਾਵਾਂ ਦੇ ਰਹੇ ਕੱਚੇ ਅਧਿਆਪਕਾਂ ਨੂੰ ਵੀ ਉਹਨਾਂ ਦੇ ਡਿਊਟੀ ਸਥਾਨਾਂ ਤੇ ਪੱਕੇ ਨਿਯੁਕਤੀ ਪੱਤਰ ਸੌਂਪੇ। ਉਹਨਾਂ ਦੱਸਿਆ ਕਿ ਮਾਨਯੋਗ ਮੁੱਖ ਮੰਤਰੀ ਪੰਜਾਬ ਸ੍ਰੀ ਭਗਵੰਤ ਮਾਨ ਅਤੇ ਸਿੱਖਿਆ ਮੰਤਰੀ ਪੰਜਾਬ ਸ੍ਰੀ ਹਰਜੋਤ ਸਿੰਘ ਬੈਂਸ ਦੁਆਰਾ ਅੱਜ ਸੂਬਾ ਪੱਧਰ ਤੇ ਚੰਡੀਗੜ੍ਹ ਤੋਂ ਨਿਯੁਕਤੀ ਪੱਤਰ ਦੇਣ ਦੀ ਸ਼ੁਰੂਆਤ ਕੀਤੀ।
ਅੱਜ ਜ਼ਿਲ੍ਹਾ ਲੁਧਿਆਣਾ ਦੇ 19 ਸਿੱਖਿਆ ਬਲਾਕਾਂ ਵਿੱਚ ਬਲਾਕ ਪੱਧਰੀ, ਕਲੱਸਟਰ ਅਤੇ ਸਕੂਲ ਪੱਧਰ ਤੇ ਨਿਯੁਕਤੀ ਪੱਤਰ ਵੰਡ ਸਮਾਰੋਹ ਵੀ ਕਰਵਾਏ ਗਏ ।
ਇਸੇ ਤਰ੍ਹਾਂ ਡੀਈਓ ਐਲੀਮੈਂਟਰੀ ਵੱਲੋਂ ਵੱਖ ਵੱਖ ਸਕੂਲਾਂ ਵਿੱਚ ਪਹੁੰਚ ਕੇ ਨਿਯੁਕਤੀ ਪੱਤਰ ਸੌਂਪੇ ਅਤੇ ਸ਼ੁੱਭਕਾਮਨਾਵਾਂ ਦਿੱਤੀਆਂ। ਇਸ ਮੌਕੇ ਤੇ ਜਿਲ੍ਹੇ ਦੇ ਸਮੂਹ ਬੀਪੀਈਓਜ਼ ਵੱਲੋਂ ਆਪਣੇ ਆਪਣੇ ਬਲਾਕ ਦੇ ਸਕੂਲਾਂ ਵਿੱਚ ਸ਼ਿਰਕਤ ਕਰਦਿਆਂ ਕੱਚੇ ਅਧਿਆਪਕਾਂ ਨੂੰ ਪੱਕੇ ਨਿਯੁਕਤੀ ਪੱਤਰ ਸੌਂਪੇ ਅਤੇ ਸ਼ੁੱਭਕਾਮਨਾਵਾਂ ਦਿੱਤੀਆਂ। ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਮਨੋਜ ਕੁਮਾਰ ਵੱਲੋਂ ਵੀ ਕੁੱਝ ਸਕੂਲਾਂ ਵਿਚ ਸ਼ਿਰਕਤ ਕੀਤੀ ਅਤੇ ਨਿਯੁਕਤੀ ਪੱਤਰ ਸੌਂਪੇ ਅਤੇ ਸ਼ੁੱਭਕਾਮਨਾਵਾਂ ਦਿੱਤੀਆਂ। ਇਸ ਮੌਕੇ ਪੂਰੇ ਜ਼ਿਲ੍ਹੇ ਦੇ ਸਮੂਹ ਪੱਕੇ ਕੀਤੇ ਗਏ ਅਧਿਆਪਕਾਂ ਦੇ ਸਕੂਲਾਂ ਵਿੱਚ ਵਿਆਹ ਵਰਗਾ ਮਾਹੌਲ ਸੀ, ਜਿੱਥੇ ਇਹਨਾਂ ਅਧਿਆਪਕਾਂ ਦਾ ਸਨਮਾਨ ਕੀਤਾ ਅਤੇ ਮਿੱਠੇ ਮੂੰਹ ਕਰਵਾਏ ਗਏ।
ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਡਿਪਲ ਮਦਾਨ ਅਤੇ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਜਸਵਿੰਦਰ ਸਿੰਘ ਵੱਲੋਂ ਵੀ ਪੱਕੇ ਨਿਯੁਕਤੀ ਪੱਤਰ ਪ੍ਰਾਪਤ ਕਰਨ ਵਾਲੇ ਅਧਿਆਪਕਾਂ ਨੂੰ ਵਧਾਈ ਅਤੇ ਸ਼ੁੱਭਕਾਮਨਾਵਾਂ ਦਿੱਤੀਆਂ। ਪੱਕੇ ਕੀਤੇ ਗਏ ਅਧਿਆਪਕਾਂ ਨੇ ਮੁੱਖ ਮੰਤਰੀ ਪੰਜਾਬ ਸ੍ਰੀ ਭਗਵੰਤ ਮਾਨ ਅਤੇ ਸਿੱਖਿਆ ਮੰਤਰੀ ਪੰਜਾਬ ਸ੍ਰੀ ਹਰਜੋਤ ਸਿੰਘ ਬੈਂਸ ਦਾ ਖ਼ਾਸ ਧੰਨਵਾਦ ਕੀਤਾ ਅਤੇ ਪੰਜਾਬ ਸਰਕਾਰ ਨੂੰ ਦੁਆਵਾਂ ਵੀ ਦਿੱਤੀਆਂ।