ਸਰਕਾਰੀ ਸਕੂਲਾਂ ਵਿਚ ਦਾਖਲੇ ਵਧਾਉਣ ਲਈ ਐਸ ਡੀ ਐਮ ਮਨਜੀਤ ਕੌਰ ਵੱਲੋਂ ਜਾਗਰੂਕਤਾ ਮੁਹਿੰਮ ਦਾ ਆਗਾਜ
ਪੰਜਾਬ ਸਰਕਾਰ ਸਰਕਾਰੀ ਸਕੂਲਾਂ ਵਿਚ ਮੁਹਈਆ ਕਰਵਾ ਰਹੀ ਹੈ ਮਿਆਰੀ ਸਿੱਖਿਆ ਹਰਜੀਤ ਸਿੰਘ ਡੀਈਓ
ਦਾਖਲਿਆਂ ਲਈ ਵਿਦਿਆਰਥੀ ਆਨਲਾਈਨ ਵੀ ਕਰ ਸਕਦੇ ਹਨ ਅਪਲਾਈ ਜਸਵਿੰਦਰ ਸਿੰਘ
ਖੰਨਾ, 24 ਫਰਵਰੀ 2023
ਸਕੂਲ ਸਿੱਖਿਆ ਵਿਭਾਗ ਵੱਲੋਂ ਸਰਕਾਰੀ ਸਕੂਲਾਂ ਵਿਚ ਦਾਖਲੇ ਵਧਾਉਣ ਲਈ ਜਾਗਰੂਕਤਾ ਅਭਿਆਨ ਦੀ ਸ਼ੁਰੂਆਤ ਅੱਜ ਇੱਥੋਂ ਤਹਿਸੀਲ ਖੰਨਾ ਦੇ ਐਸਡੀਐਮ ਨੇ ਸਰਕਾਰੀ ਪ੍ਰਾਇਮਰੀ ਸਕੂਲ ਲਲਹੇੜੀ ਵਿਚ ਵਿਦਿਆਰਥੀਆਂ ਨੂੰ ਆਸ਼ੀਰਵਾਦ ਦੇ ਕੇ ਕੀਤੀ।
ਇਸ ਮੌਕੇ ਐਸ ਡੀ ਐਮ ਨੇ ਦੱਸਿਆ ਕਿ ਮੁੱਖ ਮੰਤਰੀ ਸ: ਭਗਵੰਤ ਸਿੰਘ ਮਾਨ ਅਤੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੀ ਅਗਵਾਈ ਵਾਲੀ ਰਾਜ ਸਰਕਾਰ ਲਈ ਸਿੱਖਿਆ ਇਕ ਤਰਜੀਹੀ ਖੇਤਰ ਹੈ। ਉਨ੍ਹਾਂ ਨੇ ਕਿਹਾ ਕਿ ਸਰਕਾਰੀ ਸਕੂਲਾਂ ਵਿਚ ਬੁਨਿਆਦੀ ਢਾਂਚੇ ਵਿਚ ਸੁਧਾਰ ਦੇ ਨਾਲ ਨਾਲ ਰਾਜ ਸਰਕਾਰ ਵੱਲੋਂ ਅਧਿਆਪਕਾਂ ਦੀ ਘਾਟ ਨੂੰ ਵੀ ਪੂਰਾ ਕੀਤਾ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਸਰਕਾਰੀ ਸਕੂਲਾਂ ਨੂੰ ਨਿੱਜੀ ਸਕੂਲਾਂ ਤੋਂ ਵੀ ਬਿਹਤਰ ਬਣਾਇਆ ਜਾ ਰਿਹਾ ਹੈ। ਜਿੱਥੇ ਬੱਚਿਆਂ ਨੂੰ ਮਿਆਰੀ ਸਿੱਖਿਆ ਦਿੱਤੀ ਜਾ ਰਹੀ ਹੈ। ਉਹਨਾਂ ਇਹ ਵੀ ਦੱਸਿਆ ਕਿ ਸਕੂਲੀ ਸਿੱਖਿਆ ਨੂੰ ਸਮਾਰਟ ਸਿੱਖਿਆ ਬਣਾਉਣਾ ਸਾਡੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਦਾ ਡ੍ਰੀਮ ਪ੍ਰੋਜੈਕਟ ਹੈ ਜਿਸ ਨਾਲ ਵਿਦਿਆਰਥੀਆਂ ਨੂੰ ਹਰੇਕ ਕਿਸਮ ਦੀ ਸਹੂਲਤ ਦਿੱਤੀ ਜਾਵੇਗੀ।
ਹਰਜੀਤ ਸਿੰਘ ਡੀਈਓ(ਸ) ਨੇ ਕਿਹਾ ਕਿ ਸਰਕਾਰੀ ਸਕੂਲਾਂ ਵਿਚ ਉਚ ਯੋਗਤਾ ਵਾਲੇ ਅਧਿਆਪਕ ਅਤੇ ਉੱਤਮ ਦਰਜੇ ਦਾ ਬੁਨਿਆਦੀ ਢਾਂਚਾ ਹੈ ਜਿੱਥੋਂ ਵਿਦਿਆਰਥੀ ਸਮੇਂ ਦੇ ਹਾਣ ਦੀ ਸਿੱਖਿਆ ਗ੍ਰਹਿਣ ਕਰ ਸਕਦੇ ਹਨ। ਬਲਦੇਵ ਸਿੰਘ ਡੀ ਈਓ (ਐ) ਨੇ ਕਿਹਾ ਕਿ ਲੋਕਾਂ ਨੂੰ ਸਰਕਾਰੀ ਸਕੂਲਾਂ ਵਿਚ ਬੱਚਿਆਂ ਨੂੰ ਮਿਲਦੀਆਂ ਸਹੁਲਤਾਂ ਦੀ ਜਾਣਕਾਰੀ ਇਸ ਮੁਹਿੰਮ ਦੌਰਾਨ ਦਿੱਤੀ ਜਾਵੇਗੀ। ਆਸ਼ੀਸ਼ ਕੁਮਾਰ ਡਿਪਟੀ ਡੀਈਓ(ਸ) ਨੇ ਕਿਹਾ ਕਿ ਸਰਕਾਰੀ ਸਕੂਲਾਂ ਪ੍ਰਤੀ ਲੋਕਾਂ ਦਾ ਨਜਰੀਆ ਬਦਲਿਆ ਹੈ ਅਤੇ ਹੁਣ ਲੋਕ ਆਪਣੇ ਬੱਚਿਆਂ ਨੂੰ ਮੁੜ ਸਰਕਾਰੀ ਸਕੂਲਾਂ ਵਿਚ ਦਾਖਲ ਕਰਵਾਉਣ ਵਿਚ ਰੂਚੀ ਲੈ ਰਹੇ ਹਨ। ਜਸਵਿੰਦਰ ਸਿੰਘ ਡਿਪਟੀ ਡੀਈਓ (ਐ) ਨੇ ਕਿਹਾ ਕਿ ਵਿਦਿਆਰਥੀਆਂ ਦੇ ਦਾਖਲੇ ਲਈ ਨੇੜੇ ਦੇ ਸਕੂਲ ਦੇ ਨਾਲ ਨਾਲ ਹੁਣ ਆਨਲਾਈਨ ਪੋਰਟਲ ਤੇ ਵੀ ਰਜਿਸਟਰ ਕਰਵਾਇਆ ਜਾ ਸਕਦਾ ਹੈ।
ਉਹਨਾਂ ਨੇ ਕਿਹਾ ਕਿ ਇਸ ਅਭਿਆਨ ਦੌਰਾਨ ਅਧਿਆਪਕ ਸਮਾਜ ਵਿਚ ਰਾਬਤਾ ਕਰਕੇ ਲੋਕਾਂ ਨੂੰ ਸਰਕਾਰੀ ਸਕੂਲਾਂ ਵਿਚ ਦਾਖਲੇ ਬਾਰੇ ਜਾਣਕਾਰੀ ਦੇਣਗੇ। ਉਨ੍ਹਾਂ ਨੇ ਕਿਹਾ ਕਿ ਅਗਲੀ ਕਲਾਸ ਵਿਚ ਹੋਣ ਵਾਲੇ ਵਿਦਿਆਰਥੀਆਂ ਦੇ ਮੁੜ ਸਰਕਾਰੀ ਸਕੂਲਾਂ ਵਿਚ ਦਾਖਲੇ ਦੇ ਨਾਲ ਨਾਲ ਸਕੂਲਾਂ ਤੋਂ ਵਾਂਝੇ ਵਿਦਿਆਰਥੀਆਂ ਨੂੰ ਵੀ ਸਕੂਲਾਂ ਵਿਚ ਦਾਖਲ ਕੀਤਾ ਜਾਵੇਗਾ।
ਇਸ ਮੌਕੇ ਬੀਪੀਈਓ ਅਵਤਾਰ ਸਿੰਘ, ਹਰਮਿੰਦਰ ਸਿੰਘ ਰੋਮੀ ਅਸਿਸਟੈਂਟ ਡੀਈਓ,ਸੰਜੀਵ ਸ਼ਰਮਾ ਅਸਿਸਟੈਂਸ ਡੀਈਓ, ਸੰਜੀਵ ਕੁਮਾਰ ਜ਼ਿਲ੍ਹਾ ਕੁਆਰਡੀਨੇਟਰ ਪਪਪਪ, ਮਨਮੀਤ ਸਿੰਘ ਅਸਿਸਟੈਂਟ ਜ਼ਿਲ੍ਹਾ ਕੋਆਰਡੀਨੇਟਰ, ਸਮੂਹ ਅਧਿਆਪਕ ਬਲਾਕ ਖੰਨਾ 2, ਸੀਐਚਟੀ ਰਣਜੋਧ ਸਿੰਘ ਵਿਦਿਆਰਥੀਆਂ ਦੇ ਮਾਪੇ ਅਤੇ ਪਿੰਡ ਵਾਸੀ ਆਦਿ ਵੀ ਹਾਜਰ ਸਨ।