ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ.ਸਿੱ) ਅਤੇ (ਐ.ਸਿੱ) ਨੇ ਲਿਆ ਪ੍ਰੀ ਬੋਰਡ ਪ੍ਰੀਖਿਆਵਾਂ ਦਾ ਜਾਇਜ਼ਾ ।
30 ਜਨਵਰੀ ਤੋਂ ਸ਼ੁਰੂ ਹੋ ਕੇ 4 ਫਰਵਰੀ ਤੱਕ ਚਲਣਗੀਆਂ ਪੰਜਵੀਂ ਦੀਆਂ ਪ੍ਰੀਖਿਆਵਾਂ
ਲੁਧਿਆਣਾ, 30 ਜਨਵਰੀ ( ) ਜ਼ਿਲ੍ਹੇ ਦੇ ਸਮੂਹ ਸਰਕਾਰੀ ਸਕੂਲਾਂ ਵਿੱਚ ਪੰਜਵੀਂ ਜਮਾਤ ਦੀਆਂ ਪ੍ਰੀ ਬੋਰਡ ਦੀਆਂ ਪ੍ਰੀਖਿਆਵਾਂ ਨਕਲ ਰਹਿਤ ਅਤੇ ਬੜੇ ਹੀ ਸੁਚੱਜੇ ਢੰਗ ਨਾਲ ਅੱਜ 30 ਜਨਵਰੀ ਨੂੰ ਜ਼ਿਲ੍ਹਾ ਸਿੱਖਿਆ ਅਫ਼ਸਰ ਸੈ.ਸਿੱ ਹਰਜੀਤ ਸਿੰਘ ਅਤੇ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਬਲਦੇਵ ਸਿੰਘ ਦੀ ਅਗਵਾਈ ਹੇਠ ਸ਼ੁਰੂ ਹੋ ਗਈਆਂ ਹਨ ਅਤੇ ਇਹ ਪ੍ਰੀਖਿਆਵਾਂ 4 ਫਰਵਰੀ ਤੱਕ ਚਲਣਗੀਆਂ। ਪ੍ਰੀਖਿਆਵਾਂ ਦੌਰਾਨ ਵਿਦਿਆਰਥੀ ਸਿੱਖਿਆ ਵਿਭਾਗ ਅਤੇ ਬੋਰਡ ਵੱਲੋਂ ਜਾਰੀ ਹਦਾਇਤਾਂ ਦੀ ਪਾਲਣਾ ਕਰਦਿਆਂ ਪ੍ਰੀਖਿਆਵਾਂ ਦੇ ਰਹੇ ਹਨ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਹਰਜੀਤ ਸਿੰਘ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ. ਸਿੱ) ਨੇ ਸ ਹ ਸਕੂਲ ਸੁਨੇਤ, ਸਰਕਾਰੀ ਹਾਈ ਸਕੂਲ ਖੇੜੀ ਝਾਮੇੜੀ ,ਅਤੇ ਸ ਹ ਸਕੂਲ ਦੌਲੋਂ ਕਲਾਂ ਲੁਧਿਆਣਾ ਵਿਖੇ ਅੱਠਵੀਂ ਅਤੇ ਦਸਵੀਂ ਜਮਾਤ ਦੀਆਂ ਪ੍ਰੀ ਬੋਰਡ ਪ੍ਰੀਖਿਆਵਾਂ ਦਾ ਨਿਰੀਖਣ ਕਰਦੇ ਸਮੇਂ ਕੀਤਾ। ਇਸ ਸਮੇਂ ਉਹਨਾਂ ਦੇ ਨਾਲ ਵਿਸ਼ਾਲ ਕੁਮਾਰ ਜ਼ਿਲ੍ਹਾ ਐਮ ਆਈ ਐੱਸ ਕੋਆਰਡੀਨੇਟਰ ਅਤੇ ਗੁਰਕ੍ਰਿਪਾਲ ਸਿੰਘ ਗਾਈਡੈਂਸ ਕੌਸਲਰ ਹਾਜ਼ਿਰ ਸਨ।
ਇਸੇ ਲੜੀ ਤਹਿਤ ਬਲਦੇਵ ਸਿੰਘ ਜ਼ਿਲ੍ਹਾ ਸਿੱਖਿਆ ਅਫ਼ਸਰ ( ਐ.ਸਿੱ) ਨੇ ਸ ਪ ਸਕੂਲ ਨੰ.5 ਲੁਧਿਆਣਾ , ਸਰਕਾਰੀ ਮਿਡਲ ਸਕੂਲ ਨੰ. 5 ਲੁਧਿਆਣਾ, ਸਰਕਾਰੀ ਪ੍ਰਾਇਮਰੀ ਸਕੂਲ ਗੋਬਿੰਦ ਨਗਰ ਲੁਧਿਆਣਾ, ਵਿੱਚ ਪ੍ਰੀ-ਬੋਰਡ ਪ੍ਰੀਖਿਆਵਾਂ ਦਾ ਜਾਇਜ਼ਾ ਲਿਆ।
ਬਲਦੇਵ ਸਿੰਘ ਜ਼ਿਲ੍ਹਾ ਸਿੱਖਿਆ ਅਫ਼ਸਰ ਨੇ ਦੱਸਿਆ ਕਿ ਉਕਤ ਪ੍ਰੀਖਿਆਵਾਂ ਵਿੱਚ ਵਿਦਿਆਰਥੀਆਂ ਦੀ 100% ਹਾਜ਼ਰੀ ਅਤੇ ਉਤਸ਼ਾਹ ਦੇਖਣ ਤੇ ਇਹ ਸੁਨਿਸ਼ਚਿਤ ਹੈ ਕਿ ਵਿਭਾਗ ਵੱਲੋਂ ਚਲਾਏ ਗਈ ਮੁਹਿੰਮ 'ਮਿਸ਼ਨ 100% ਗਿਵ ਯੂਅਰ ਬੈਸਟ' ਵਿੱਚ ਜ਼ਿਲ੍ਹਾ ਲੁਧਿਆਣਾ ਮੋਹਰੀ ਜ਼ਿਲ੍ਹਾ ਬਣੇਗਾ। ਉਨ੍ਹਾਂ ਕਿਹਾ ਕਿ ਪ੍ਰੀਖਿਆਵਾਂ ਸਬੰਧੀ ਇਨ੍ਹਾਂ ਪ੍ਰਾਇਮਰੀ ਸਕੂਲਾਂ ਵੱਲੋ ਸੁਚੱਜੇ ਪ੍ਰਬੰਧ ਕੀਤੇ ਗਏ ਹਨ। ਵਿਦਿਆਰਥੀ ਬੋਰਡ ਵੱਲੋਂ ਜਾਰੀ ਡੇਟਸੀਟ ਅਨੁਸਾਰ ਪ੍ਰੀਖਿਆਵਾਂ ਦੇ ਰਹੇ ਹਨ। ਉਨ੍ਹਾਂ ਕਿਹਾ ਕਿ ਪ੍ਰੀ ਬੋਰਡ ਪ੍ਰੀਖਿਆਵਾਂ ਵਿਦਿਆਰਥੀਆਂ ਦੇ ਮਨਾਂ ਵਿੱਚੋਂ ਬੋਰਡ ਪ੍ਰੀਖਿਆ ਦਾ ਡਰ ਖ਼ਤਮ ਕਰਨਗੀਆਂ। ਵਿਦਿਆਰਥੀਆਂ ਬੋਰਡ ਪ੍ਰੀਖਿਆ ਦੇ ਪੈਟਰਨ ਤੋਂ ਜਾਣੂ ਹੋਣਗੇ। ਇਹ ਪ੍ਰੀਖਿਆਵਾਂ ਬੋਰਡ ਪ੍ਰੀਖਿਆ ਦੀ ਚੰਗੀ ਤਿਆਰੀ ਵਿੱਚ ਮਦਦ ਕਰਣਗੀਆਂ। ਇਸ ਮੌਕੇ ਉਨ੍ਹਾਂ ਦੇ ਨਾਲ ਕਲਰਕ ਗੋਰਵ ਪਰਤਾਪ ਅਤੇ ਸਤਵਿੰਦਰ ਸਿੰਘ ਵੀ ਹਾਜ਼ਰ ਸਨ।
*ਕਿਓਂ ਜਰੂਰੀ ਨੇ ਪ੍ਰੀ-ਬੋਰਡ ਪ੍ਰੀਖਿਆਵਾਂ?*
ਇਸ ਸਬੰਧੀ ਜਾਣਕਾਰੀ ਦਿੰਦਿਆਂ ਬਲਦੇਵ ਸਿੰਘ ਡੀ ਈ ਓ(ਐ) ਨੇ ਦੱਸਿਆ ਕਿ
ਫਰਵਰੀ ਵਿੱਚ ਪੰਜਵੀਂ ਬੋਰਡ ਦੀਆਂ ਪ੍ਰੀਖਿਆਵਾਂ ਆਰੰਭ ਹੋ ਰਹੀਆਂ ਹਨ, ਜਿਸ ਵਾਸਤੇ ਹਰ ਵਿਦਿਆਰਥੀ ਨੂੰ ਤਿਆਰੀ ਪੂਰੀ ਗੰਭੀਰਤਾ ਨਾਲ ਕਰਨ ਦੀ ਜ਼ਰੂਰਤ ਹੈ। ਇਨ੍ਹਾਂ ਪ੍ਰੀਖਿਆਵਾਂ ਦਾ ਸਭ ਤੋਂ ਵੱਡਾ ਲਾਭ ਇਹ ਹੈ ਕਿ ਇਸ ਰਾਹੀਂ ਵਿਦਿਆਰਥੀਆਂ ਨੂੰ ਬੋਰਡ ਦੇ ਪੇਪਰ ਦੇ ਸਟਾਈਲ ਦਾ ਗਿਆਨ ਹੋ ਜਾਂਦਾ ਹੈ। ਕਿੰਨੇ ਸਵਾਲ ਕਿਹੜੇ ਭਾਗ ਵਿਚੋਂ ਅਤੇ ਕਿੰਨੇ-ਕਿੰਨੇ ਅੰਕਾਂ ਦੇ ਆਉਣਗੇ। ਅਸਲ ਵਿਚ ਇਹ ਸਲਾਨਾ ਪ੍ਰੀਖਿਆ ਦੀ ਰਿਹਰਸਲ ਸਮਝੀ ਜਾਣੀ ਚਾਹੀਦੀ ਹੈ।
*ਅੰਕਾਂ ਦੀ ਵੰਡ ਦਾ ਗਿਆਨ*
ਪ੍ਰੀ-ਬੋਰਡ ਰਾਹੀਂ ਵਿਦਿਆਰਥੀ ਨੂੰ ਇਸ ਗੱਲ ਦਾ ਵੀ ਗਿਆਨ ਹੋ ਜਾਂਦਾ ਹੈ ਕਿ ਕਿੰਨੇ ਸਵਾਲ ਆਉਣਗੇ ਅਤੇ ਉਨ੍ਹਾਂ ਵਿਚੋਂ ਕਿੰਨੇ ਹੱਲ ਕਰਨੇ ਹਨ। ਕਿਸ ਭਾਗ ਦੇ ਕਿੰਨੇ ਅੰਕ ਹਨ। ਇਨ੍ਹਾਂ ਸਵਾਲਾਂ ਦੇ ਕਿੰਨੇ-ਕਿੰਨੇ ਅੰਕ ਹਨ, ਜੋ ਵਿਦਿਆਰਥੀ ਲਈ ਲੋੜੀਂਦੇ ਹਨ। ਇਕ ਦੋ ਸ਼ਬਦਾਂ ਵਾਲੇ, ਇਕ ਦੋ ਵਾਕਾਂ ਵਾਲੇ, ਛੋਟੇ ਅਤੇ ਵੱਡੇ ਉਤਰਾਂ ਵਾਲੇ ਸਭ ਸਵਾਲਾਂ ਦਾ ਗਿਆਨ ਇਹ ਪ੍ਰੀਖਿਆਵਾਂ ਵਿਦਿਆਰਥੀਆਂ ਨੂੰ ਕਰਵਾ ਦਿੰਦੀਆਂ ਹਨ ਤਾਂ ਕਿ ਉਹ ਸਲਾਨਾ ਪ੍ਰੀਖਿਆਵਾਂ ਵਿਚੋਂ ਸ਼ਾਨਦਾਰ ਅੰਕਾਂ ਨਾਲ ਸਫ਼ਲ ਹੋ ਸਕਣ।
*ਪੇਪਰ ਵਿੱਚ ਮਹੱਤਵਪੂਰਨ ਸਵਾਲ ਹੁੰਦੇ ਹਨ*
ਇਨ੍ਹਾਂ ਪ੍ਰੀਖਿਆਵਾਂ ਰਾਹੀਂ ਵਿਦਿਆਰਥੀਆਂ ਨੂੰ ਇਹ ਵੀ ਪਤਾ ਲਗਦਾ ਹੈ ਕਿ ਕਿਹੜੇ ਸਵਾਲ ਮਹੱਤਵਪੂਰਨ ਹਨ ਤੇ ਕਿਹੜਿਆਂ ਦੀ ਤਿਆਰੀ ’ਤੇ ਜ਼ਿਆਦਾ ਜ਼ੋਰ ਦੇਣ ਦੀ ਲੋੜ ਹੁੰਦੀ ਹੈ। ਮਾਹਿਰ ਪ੍ਰੀਖਿਅਕਾਂ ਨੇ ਇਨ੍ਹਾਂ ਪ੍ਰੀਖਿਆਵਾਂ ਵਾਸਤੇ ਮਹੱਤਵਪੂਰਨ ਸਵਾਲ ਚੁਣੇ ਹੁੰਦੇ ਹਨ। ਬਾਅਦ ਵਿੱਚ ਸਲਾਨਾ ਪ੍ਰੀਖਿਆਵਾਂ ਵਿੱਚ ਵੀ ਅਜਿਹੇ ਸਵਾਲ ਸ਼ਾਮਲ ਕੀਤੇ ਜਾਂਦੇ ਹਨ। ਇਨ੍ਹਾਂ ਮਹੱਤਵਪੂਰਨ ਸਵਾਲਾਂ ਨਾਲ ਸਧਾਰਨ ਵਿਦਿਆਰਥੀ ਵੀ ਚੰਗੇ ਅੰਕ ਪ੍ਰਾਪਤ ਕਰਨ ਦੇ ਸਮਰੱਥ ਹੋ ਜਾਂਦੇ ਹਨ। ਹੁਸ਼ਿਆਰ ਵਿਦਿਆਰਥੀਆਂ ਲਈ ਸ਼ਾਨਦਾਰ ਅੰਕਾਂ ਨਾਲ ਮੈਰਿਟ ਵਿਚ ਆਉਣ ਦਾ ਰਾਹ ਦਿਖਾਈ ਦਣ ਲੱਗ ਪੈਂਦਾ ਹੈ।
*ਸਫ਼ਲਤਾ ਦਾ ਰਾਹ ਦਿਖਾਉਂਦੀ ਹੈ*
ਹਰਜੀਤ ਸਿੰਘ ਡੀ ਈ ਓ (ਸ) ਨੇ ਦੱਸਿਆ ਕਿ ਇਹ ਪ੍ਰੀਖਿਆਵਾਂ ਅਸਲ ਵਿਚ ਬੋਰਡ ਦੀਆਂ ਜਮਾਤਾਂ ਦੇ ਵਿਦਿਆਰਥੀਆਂ ਨੂੰ ਸਫ਼ਲਤਾ ਦਾ ਮਾਰਗ ਦਿਖਾਉਂਦੀਆਂ ਹਨ । ਇਸ ਲਈ ਹਰ ਵਿਦਿਆਰਥੀ ਨੂੰ ਇਨ੍ਹਾਂ ਪ੍ਰੀਖਿਆਵਾਂ ਦੀ ਖ਼ਾਸ ਤਿਆਰੀ ਕਰਨੀ ਚਾਹੀਦੀ ਹੈ। ਇਹ ਅਧਿਆਪਕ ਨੂੰ ਵਿਦਿਆਰਥੀਆਂ ਦੀਆਂ ਕਮਜ਼ੋਰੀਆਂ ਦੂਰ ਕਰਨ ਦਾ ਮੌਕਾ ਅਤੇ ਵਿਦਿਆਰਥੀਆਂ ਨੂੰ ਆਪਣੇ ਅੰਦਰ ਝਾਤੀ ਮਾਰਨ ਦਾ ਸਹੀ ਅਤੇ ਸਪਸ਼ਟ ਅਕਸ ਦੇਖਣ ਦਾ ਮੌਕਾ ਪ੍ਰਦਾਨ ਕਰਦੀਆਂ ਹਨ । ਇਸ ਲਈ ਕਿਸੇ ਵਲੋਂ ਵੀ ਇਸ ਪ੍ਰਤੀ ਅਣਗਹਿਲੀ ਨਹੀਂ ਵਰਤੀ ਜਾਣੀ ਚਾਹੀਦੀ । ਇਸਦੀ ਮਹਤੱਤਾ ਤੇ ਗੌਰ ਕਰਦੇ ਹੋਏ ਮਿਹਨਤ ਕਰਨੀ ਲੋੜੀਂਦੀ ਹੈ।