*ਸਰਕਾਰ ਸਕੂਲਾਂ ਨੂੰ ਖੋਲ੍ਹਣ ਦੇ ਫੈਸਲੇ ਦੀ ਸਮੀਖਿਆ ਕਰੇ* *- ਜੀ ਟੀ ਯੂ (ਵਿਗਿਆਨਕ) ਪੰਜਾਬ।*
*ਗੌਰਮਿੰਟ ਟੀਚਰਜ਼ ਯੂਨੀਅਨ (ਵਿਗਿਆਨਕ) ਲੁਧਿਆਣਾ ਦੇ ਆਗੂਆਂ ਜਗਦੀਪ ਸਿੰਘ ਜੌਹਲ, ਇਤਬਾਰ ਸਿੰਘ, ਸੰਦੀਪ ਸਿੰਘ ਬਦੇਸ਼ਾ, ਰਾਜਵਿੰਦਰ ਸਿੰਘ ਛੀਨਾ, ਕੇਵਲ ਸਿੰਘ, ਮਲਕੀਤ ਸਿੰਘ, ਕੁਲਵਿੰਦਰ ਸਿੰਘ, ਮਨਪ੍ਰੀਤ ਸਿੰਘ, ਇੰਦਰਜੀਤ ਸਿੰਗਲਾ, ਜਤਿੰਦਰਪਾਲ ਸਿੰਘ, ਕਮਲਜੀਤ ਮਾਨ, ਰਘੂਵੀਰ ਸਿੰਘ, ਸੁਖਦੀਪ ਸਿੰਘ, ਰਾਜਵੀਰ ਸਿੰਘ, ਹਿਮਾਂਸ਼ੂ, ਪ੍ਰੇਮ ਕੁਮਾਰ ਆਦਿ ਨੇ ਜ਼ਿਲ੍ਹਾ ਪਟਿਆਲਾ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਸਮਾਣਾ ਵਿਖੇ ਠੰਢ ਕਾਰਨ ਇੱਕ ਵਿਦਿਆਰਥਣ ਦੀ ਮੌਤ ਤੇ ਅਫਸੋਸ ਪ੍ਰਗਟਾਇਆ ਅਤੇ ਸਿੱਖਿਆ ਵਿਭਾਗ ਪੰਜਾਬ ਨੂੰ ਕੜਾਕੇ ਦੀ ਠੰਢ ਦੇ ਬਾਵਜੂਦ ਸੂਬੇ ਭਰ ਦੇ ਸਕੂਲ ਖੋਲ੍ਹਣ ਦੇ ਫੈਸਲੇ ਦੀ ਸਮੀਖਿਆ ਕਰਨ ਲਈ ਕਿਹਾ ਹੈ।
ਉਹਨਾਂ ਕਿਹਾ ਕਿ ਵਧੇਰੇ ਠੰਢ ਕਾਰਨ ਸਰੀਰ ਦੇ ਬਲੱਡ ਵੈਸਲ ਸੁੰਗੜ ਜਾਂਦੇ ਹਨ ਅਤੇ ਦਿਲ ਦਾ ਦੌਰਾ ਪੈ ਸਕਦਾ ਹੈ, ਜੋ ਕਿ ਉਕਤ ਵਿਦਿਆਰਥਣ ਲਈ ਵੀ ਜਾਨ ਲੇਵਾ ਸਾਬਤ ਹੋਇਆ ਲਗਦਾ ਹੈ। ਜੱਥੇਬੰਦੀ ਨੇ ਕਿਹਾ ਕਿ ਜੇਕਰ ਸਰਕਾਰ ਅਧਿਆਪਕਾਂ ਨੂੰ ਸਕੂਲ ਸੱਦਣ ਲਈ ਬਜ਼ਿੱਦ ਹੈ ਤਾਂ ਅਧਿਆਪਕ ਇਸ ਲਈ ਪੂਰੀ ਤਰ੍ਹਾਂ ਤਿਆਰ ਹਨ, ਪ੍ਰੰਤੂ ਸਰਕਾਰ ਬੱਚਿਆਂ ਨੂੰ ਛੁੱਟੀਆਂ ਕਰੇ ਅਤੇ ਆਪਣੇ ਫੈਸਲੇ ਤੋਂ ਪਿੱਛੇ ਹਟੇ ਕਿਉਂਕਿ ਇਹ ਫੈਸਲਾ ਨਾ ਹੀ ਕਿਸੇ ਕਿਸਮ ਦੀ ਜੰਗਬੰਦੀ ਦੀ ਉਲੰਘਣਾ ਹੈ ਅਤੇ ਨਾ ਹੀ ਕਿਸੇ ਵੱਕਾਰ ਲਈ ਸਵਾਲ। ਬੱਸ ਇਹ ਸਿਰਫ਼ ਉਹਨਾਂ ਗ਼ਰੀਬ ਮਾਪਿਆਂ ਦੇ ਬੱਚਿਆਂ ਦੀ ਸਿਹਤ-ਸੁਰੱਖਿਆ ਦਾ ਸਵਾਲ ਹੈ, ਜਿਨ੍ਹਾਂ ਕੋਲ ਆਪਣਾ ਤਨ ਢਕਣ ਲਈ ਅਮੀਰਾਂ ਦੀ ਤਰਾਂ ਚਾਰ-ਚਾਰ ਪੰਜ-ਪੰਜ ਕੋਟੀਆਂ ਸਵੈਟਰ ਅਤੇ ਕੋਟ ਆਦਿ ਨਹੀਂ ਹਨ ਅਤੇ ਇਹ ਬੱਚੇ ਸਿਰਫ਼ ਸਿੰਗਲ ਕੋਟੀ-ਸਵੈਟਰ ਆਦਿ ਹੀ ਪਾ ਕੇ ਸਕੂਲ ਆਉਂਦੇ ਹਨ। ਅਧਿਆਪਕ ਆਗੂਆਂ ਨੇ ਕਿਹਾ ਕਿ ਠੰਢ ਦਾ ਅਸਰ ਸੜਕੀ, ਰੇਲਵੇ ਅਤੇ ਹਵਾਈ ਮਾਰਗਾਂ ਤੇ ਵੀ ਸਪੱਸ਼ਟ ਦਿਖਾਈ ਦੇ ਰਿਹਾ ਹੈ ਅਤੇ ਕੌਮਾਂਤਰੀ ਪੱਧਰ ਤੇ ਹਵਾਈ ਉਡਾਣਾਂ ਲੇਟ ਚੱਲ ਰਹੀਆਂ ਹਨ ਅਤੇ ਉੱਤਰੀ ਭਾਰਤ ਵਿੱਚ ਸੈਂਕੜੇ ਰੇਲ ਗੱਡੀਆਂ ਲੇਟ ਚੱਲ ਰਹੀਆਂ ਹਨ। ਕੜਾਕੇ ਦੀ ਠੰਢ ਕਾਰਨ ਇਸ ਸਾਲ ਵਿਸ਼ਵ ਪੱਧਰ ਤੇ ਪਹਿਲਾਂ ਨਾਲ਼ੋਂ ਵੱਧ ਮੌਤਾਂ ਹੋਈਆਂ ਹਨ ਅਤੇ ਇਸ ਦਾ ਪ੍ਰਕੋਪ ਅਜੇ ਵੀ ਜਾਰੀ ਹੈ। ਪ੍ਰੰਤੂ ਸਾਨੂੰ ਪੰਜਾਬ ਨੂੰ ਇਸ ਤੋਂ ਬਚਾਅ ਲੈਣਾ ਚਾਹੀਦਾ ਹੈ। ਹੰਗਾਮੀ ਸਥਿਤੀ ਨਾਲ ਨਜਿੱਠਣ ਲਈ ਸਰਕਾਰ ਤੋਂ ਹਰੇਕ ਨੂੰ ਲੋਕ ਪੱਖੀ ਫੈਸਲਿਆਂ ਦੀ ਉਮੀਦ ਹੁੰਦੀ ਹੈ ਅਤੇ ਸਰਕਾਰਾਂ ਦਾ ਕੰਮ ਖਰੇ ਉੱਤਰਨਾ ਹੁੰਦਾ ਹੈ। ਯੂਨੀਅਨ ਨੇ ਦਲੀਲ ਦਿੱਤੀ ਕਿ ਅਜਿਹੀ ਹੰਗਾਮੀ ਸਥਿਤੀ ਨਾਲ ਨਜਿੱਠਣ ਲਈ ਸਰਕਾਰ ਬੱਚਿਆਂ ਦੇ ਪੇਪਰ ਕੁੱਝ ਲੇਟ ਵੀ ਕਰ ਸਕਦੀ ਹੈ। ਵਰਣਨਯੋਗ ਹੈ ਕਿ ਸਰਕਾਰ ਨੇ ਕੜਾਕੇ ਠੰਢ ਦੇ ਬਾਵਜੂਦ ਬੱਚਿਆਂ ਲਈ ਸੂਬੇ ਭਰ ਦੇ ਸਕੂਲ ਖੋਲ੍ਹਣ ਦਾ ਐਲਾਨ ਕਰ ਦਿੱਤਾ ਹੈ, ਜਿਸ ਕਾਰਨ ਉਹਨਾਂ ਦੀ ਸਿਹਤ ਸੁਰੱਖਿਆ ਖ਼ਤਰੇ ਵਿੱਚ ਹੈ।*
*