ਨਵਾਂ ਸ਼ਹਿਰ 31 ਦਸੰਬਰ ( ) ਪੰਜਾਬ ਨਿਰਮਾਣ ਮਜ਼ਦੂਰ ਯੂਨੀਅਨ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵਲੋਂ ਆਪਣੀਆਂ ਮੰਗਾਂ ਸਬੰਧੀ ਹਲਕਾ ਨਵਾਂ ਸ਼ਹਿਰ ਦੇ ਵਿਧਾਇਕ ਡਾ ਨਛੱਤਰ ਪਾਲ ਨੂੰ ਕਿਰਤ ਮੰਤਰੀ ਪੰਜਾਬ ਸਰਕਾਰ ਅਤੇ ਪ੍ਰਿੰਸੀਪਲ ਸਕੱਤਰ, ਕਿਰਤ ਵਿਭਾਗ ਦੇ ਨਾਂ ਮੰਗ- ਪੱਤਰ ਜ਼ਿਲ੍ਹਾ ਪ੍ਰਧਾਨ ਕਿਸ਼ਨ ਸਿੰਘ ਬਾਲੀ ਦੀ ਅਗਵਾਈ ਵਿੱਚ ਦਿੱਤਾ ਗਿਆ। ਵਫਦ ਵਿੱਚ ਸੁਰਿੰਦਰ ਭੱਟੀ, ਜਸਵੀਰ ਭੱਟੀ, ਬਹਾਦਰ ਸਿੰਘ, ਮੇਵਾ ਮਿਸਤਰੀ, ਬਿੱਲੂ, ਸੰਤੋਖ ਲਾਲ, ਨਿਰਮਲ ਦਾਸ, ਸੋਢੀ ਰਾਮ, ਬਲਿਹਾਰ ਰਾਮ ਆਦਿ ਮੌਜੂਦ ਸਨ।
ਆਗੂਆਂ ਨੇ ਮੰਗਾਂ ਦਾ ਜਿਕਰ ਕਰਦਿਆਂ ਕਿਹਾ ਕਿ ਕਿਰਤ ਵਿਭਾਗ ਵਲੋਂ 2017 ਤੋਂ ਨਿਰਮਾਣ ਮਜ਼ਦੂਰਾਂ ਦੀ ਰਜਿਸਟ੍ਰੇਸ਼ਨ / ਨਵੀਨੀਕਰਨ ਕਰਨ ਸਮੇਤ ਸਾਰੇ ਲਾਭ ਦੇਣ ਲਈ ਸਾਰਾ ਕੰਮ ਆਨ ਲਾਈਨ ਕੀਤਾ ਹੋਇਆ ਹੈ। ਪੂਰੇ ਪੰਜਾਬ ਵਿੱਚ 2600 ਸੇਵਾ ਕੇਂਦਰ ਕੰਮ ਕਰਦੇ ਸਨ, ਜੋ ਹੁਣ ਘਟਕੇ 516 ਰਹਿ ਗਏ ਹਨ। ਮਜ਼ਦੂਰਾਂ ਦੇ ਪੜ੍ਹੇ ਲਿਖੇ ਨਾ ਹੋਣ ਕਾਰਨ ਰਜਿਸਟ੍ਰੇਸ਼ਨ ਅਤੇ ਨਵੀਨੀਕਰਨ ਅੱਧੇ ਤੋਂ ਵੀ ਘੱਟ ਮਜ਼ਦੂਰ ਕਰਾ ਰਹੇ ਹਨ ਅਤੇ ਉਨ੍ਹਾਂ ਨੂੰ ਵੀ ਆਪਣੇ ਕੰਮ ਦੀਆਂ ਦਿਹਾੜੀਆਂ ਛੱਡਕੇ ਖੱਜਲ ਖੁਆਰ ਹੋਣਾ ਪੈਂਦਾ ਹੈ। ਇਸ ਲਈ ਰਜਿਸਟ੍ਰੇਸ਼ਨ ਅਤੇ ਨਵੀਨੀਕਰਨ ਆਫ ਲਾਈਨ ਕਰਨਾ ਜਾਰੀ ਰੱਖਣ ਦੇ ਨਾਲ ਰਜਿਸਟਰਡ ਟਰੇਡ ਯੂਨੀਅਨਾਂ ਨੂੰ ਬੀ. ਓ. ਸੀ. ਡਬਲਿਊ. ਦੇ ਪੋਰਟਲ ਦਾ ਲਿੰਕ ਦਿੱਤਾ ਜਾਵੇ ਤਾਂ ਜੋ ਮਜ਼ਦੂਰਾਂ ਦੀ ਖੱਜਲ ਖੁਆਰੀ ਘਟਾਈ ਜਾ ਸਕੇ। ਨਿਰਮਾਣ ਮਜ਼ਦੂਰਾਂ ਨੂੰ ਭਲਾਈ ਸਕੀਮਾਂ ਦਾ ਲਾਭ ਦੇਣ ਲਈ ਬੇਲੋੜੀਆਂ ਸ਼ਰਤਾਂ ਹਟਾਈਆਂ ਜਾਣ। ਸ਼ਗਨ ਸਕੀਮ ਸਮੇਂ ਗੁਰਦੁਆਰੇ/ਮੰਦਰ/ਮਸਜਿਦ/ਚਰਚ ਦੇ ਸਰਟੀਫਿਕੇਟ ਨੂੰ ਮਾਨਤਾ ਦਿੱਤੀ ਜਾਵੇ। ਯੂਨੀਅਨ ਦੇ ਪ੍ਰਤੀਨਿਧੀਆਂ ਨੂੰ ਵੱਖ-ਵੱਖ ਪੱਧਰ ਦੀਆਂ ਕਮੇਟੀਆਂ / ਬੋਰਡਾਂ ਵਿੱਚ ਮੈਂਬਰ ਨਾਮਜਦ ਕੀਤਾ ਜਾਵੇ। ਸਾਲ 2017 ਤੋਂ ਤਹਿਸੀਲਾਂ ਵਲੋਂ ਪਾਸ ਕੀਤੀਆਂ ਭਲਾਈ ਸਕੀਮਾਂ ਦੀ ਰਕਮ ਤੁਰੰਤ ਲਾਭਪਾਤਰੀਆਂ ਦੇ ਖਾਤਿਆਂ ਵਿੱਚ ਪਾਈ ਜਾਵੇ। ਲਾਭਪਾਤਰੀਆਂ ਦੀ 60 ਸਾਲ ਉਮਰ ਹੋਣ ਤੇ 9000 ਰੁਪਏ ਪੈਨਸ਼ਨ ਦਿੱਤੀ ਜਾਵੇ ਅਤੇ ਮੌਤ ਉਪਰੰਤ ਉਨ੍ਹਾਂ ਦੀਆਂ ਵਿਧਵਾਵਾਂ ਨੂੰ ਪੈਨਸ਼ਨ ਦਿੱਤੀ ਜਾਵੇ। ਦੋ ਬੱਚਿਆਂ ਦੀ ਸ਼ਰਤ ਖਤਮ ਕਰਕੇ ਸਾਰੇ ਬੱਚਿਆਂ ਨੂੰ ਵਜ਼ੀਫ਼ਾ ਦਿੱਤਾ ਜਾਵੇ। ਨਿਰਮਾਣ ਮਜ਼ਦੂਰ ਦੀ ਕੁਦਰਤੀ ਮੌਤ ਹੋਣ ਤੇ ਐਕਸ-ਗ੍ਰੇਸ਼ੀਆ ਗ੍ਰਾਂਟ 5 ਲੱਖ ਰੁਪਏ ਅਤੇ ਦੁਰਘਟਨਾ ਵਿੱਚ ਮੌਤ ਹੋਣ ਤੇ 10 ਲੱਖ ਰੁਪਏ ਕੀਤੀ ਜਾਵੇ। ਬੱਚਿਆਂ ਲਈ ਪਹਿਲੀ ਜਮਾਤ ਤੋਂ ਉੱਚ ਸਿੱਖਿਆ ਤੱਕ ਵਜ਼ੀਫ਼ਾ, ਵਰਦੀ ਅਤੇ ਸਟੇਸ਼ਨਰੀ ਭੱਤਾ 10 ਹਜ਼ਾਰ ਰੁਪਏ ਤੋਂ ਲੈ ਕੇ 1 ਲੱਖ 50 ਹਜ਼ਾਰ ਰੁਪਏ ਕੀਤਾ ਜਾਵੇ। ਐਲ ਟੀ ਸੀ 20 ਹਜ਼ਾਰ ਰੁਪਏ ਕੀਤੀ ਜਾਵੇ, ਔਜ਼ਾਰ ਖਰੀਦਣ ਲਈ 10 ਹਜ਼ਾਰ ਰੁਪਏ ਦਿੱਤੇ ਜਾਣ, ਪ੍ਰਸੂਤਾ ਲਾਭ 10 ਹਜ਼ਾਰ ਰੁਪਏ ਕੀਤਾ ਜਾਵੇ, ਰੇਤਾ, ਬਜਰੀ, ਇੱਟਾਂ , ਸੀਮਿੰਟ ਅਤੇ ਨਿਰਮਾਣ ਕੰਮਾਂ ਵਿੱਚ ਵਰਤੀ ਜਾਣ ਵਾਲੀ ਸਮੱਗਰੀ ਦੀ ਕੰਟਰੋਲ ਰੇਟਾਂ ਤੇ ਨਿਰਵਿਘਨ ਸਪਲਾਈ ਯਕੀਨੀ ਬਣਾਈ ਜਾਵੇ।