ਪਾਠ -7 ਭਾਰਤ ਵਿੱਚ ਈਸਟ ਇੰਡੀਆ ਕੰਪਨੀ ਦੀ ਸਥਾਪਨਾ
ਭਾਰਤ ਵਿੱਚ ਈਸਟ ਇੰਡੀਆ ਕੰਪਨੀ ਦੀ ਸਥਾਪਨਾ ਨਾਲ ਸਬੰਧਤ ਮਹੱਤਵਪੂਰਨ ਪ੍ਰਸ਼ਨ
ਪ੍ਰਸ਼ਨ . ਭਾਰਤ ਵਿੱਚ ਪਹੁੰਚਣ ਵਾਲਾ ਪਹਿਲਾ ਪੁਰਤਗਾਲੀ ਕੌਣ ਸੀ?
ਉੱਤਰ- ਭਾਰਤ ਵਿੱਚ ਪਹੁੰਚਣ ਵਾਲਾ ਪਹਿਲਾ ਪੁਰਤਗਾਲੀ ਵਾਸਕੋ ਡੇ ਗਾਮਾ ਸੀ। ਉਹ ਸਭ ਤੋਂ ਪਹਿਲਾਂ 27 ਮਈ 1498 ਈਸਵੀ ਨੂੰ ਭਾਰਤ ਵਿੱਚ ਪਹੁੰਚਿਆ ।
ਪ੍ਰਸ਼ਨ . ਡੱਚ ਲੋਕਾਂ ਨੇ ਭਾਰਤ ਵਿੱਚ ਕਿੱਥੇ ਕਿੱਥੇ ਬਸਤੀਆਂ ਸਥਾਪਤ ਕੀਤੀਆਂ ਸਨ ?
ਉੱਤਰ- ਡੱਚ ਲੋਕਾਂ ਨੇ ਭਾਰਤ ਵਿੱਚ ਕੋਚੀਨ, ਸੂਰਤ, ਨਾਗਾਪਟਮ, ਅਤੇ ਚਿਨਸੂਰਾ ਵਿਖੇ ਬਸਤੀਆਂ ਸਥਾਪਤ ਕੀਤੀਆਂ ਸਨ ।
ਪ੍ਰਸ਼ਨ . ਭਾਰਤ ਵਿੱਚ ਪੁਰਤਗਾਲੀਆਂ ਦੀਆਂ ਚਾਰ ਬਸਤੀਆਂ ਦੇ ਨਾਮ ਲਿਖੋ।
ਉੱਤਰ- ਭਾਰਤ ਵਿੱਚ ਪੁਰਤਗਾਲੀਆਂ ਦੀਆਂ ਚਾਰ ਬਸਤੀਆਂ ਗੋਆ, ਦਮਨ, ਬਾਸੀਨ ਅਤੇ ਹੁਗਲੀ ਸਨ ।
ਪ੍ਰਸ਼ਨ . ਪਲਾਸੀ ਦੀ ਲੜਾਈ ਕਦੋਂ ਅਤੇ ਕਿਸ ਦੇ ਵਿਚਕਾਰ ਹੋਈ ?
ਉੱਤਰ- ਪਲਾਸੀ ਦੀ ਲੜਾਈ 23 ਜੂਨ 1757 ਈਸਵੀ ਨੂੰ ਅੰਗਰੇਜ਼ਾਂ ਅਤੇ ਬੰਗਾਲ ਦੇ ਨਵਾਬ ਸਿਰਾਜਉਦ- ਦੌਲਾ ਵਿਚਕਾਰ ਹੋਈ।
ਪ੍ਰਸ਼ਨ . ਅੰਗਰੇਜ਼ਾਂ ਨੂੰ ਬੰਗਾਲ ਵਿੱਚ ਬਿਨਾਂ ਚੁੰਗੀ ਕਰ ਦੇ ਵਪਾਰ ਕਰਨ ਦੀ ਰਿਆਇਤ ਕਿਸ ਮੁਗਲ ਬਾਦਸ਼ਾਹ ਤੋਂ ਅਤੇ ਕਦੋਂ ਮਿਲੀ ?
ਉੱਤਰ- ਅੰਗਰੇਜ਼ਾਂ ਨੂੰ ਬੰਗਾਲ ਵਿੱਚ ਬਿਨਾਂ ਚੁੰਗੀ ਕਰ ਦੇ ਵਪਾਰ ਕਰਨ ਦੀ ਰਿਆਇਤ ਮੁਗ਼ਲ ਬਾਦਸ਼ਾਹ ਫਰਖੁਸ਼ੀਅਰ ਤੋਂ 1717 ਈਸਵੀ ਵਿੱਚ ਮਿਲੀ।
ਪ੍ਰਸ਼ਨ . ਕਰਨਾਟਕ ਦਾ ਪਹਿਲਾ ਯੁੱਧ ਕਿਹੜੀਆਂ ਦੋ ਯੂਰਪੀ ਕੰਪਨੀਆਂ ਵਿਚਕਾਰ ਹੋਇਆ ਅਤੇ ਇਸ ਯੁੱਧ ਵਿੱਚ ਕਿਸ ਦੀ ਜਿੱਤ ਹੋਈ ?
ਉੱਤਰ- ਕਰਨਾਟਕ ਦਾ ਪਹਿਲਾ ਯੁੱਧ 1746-48 ਈਸਵੀ ਵਿੱਚ ਅੰਗਰੇਜ਼ਾਂ ਅਤੇ ਫਰਾਂਸੀਸੀਆਂ ਵਿਚਕਾਰ ਹੋਇਆ। ਕਰਨਾਟਕ ਦਾ ਪਹਿਲੇ ਯੁੱਧ ਵਿੱਚ ਅੰਗਰੇਜ਼ਾਂ ਦੀ ਜਿੱਤ ਹੋਈ।
ਪ੍ਰਸ਼ਨ . ਪਲਾਸੀ ਦੀ ਲੜਾਈ ਦਾ ਸੰਖੇਪ ਵਰਨਣ ਕਰੋ।
ਉੱਤਰ- ਪਲਾਸੀ ਦੀ ਲੜਾਈ , ਪਲਾਸੀ ਨਾਮੀ ਸਥਾਨ ਉੱਤੇ 23 ਜੂਨ 1757 ਈ. ਨੂੰ ਸਿਰਾਜ-ਉਦ- ਦੌਲਾ ਅਤੇ ਰਾਬਰਟ ਕਲਾਈਵ ਦੀਆਂ ਸੈਨਾਵਾਂ ਵਿਚਕਾਰ ਲੜਾਈ ਹੋਈ । ਮੀਰ ਜਾਫਰ ਅਤੇ ਰਾਏ ਦੁਰਲੱਭ ਨੇ ਲੜਾਈ ਵਿੱਚ ਹਿੱਸਾ ਨਾ ਲਿਆ ਕਿਉਂਕਿ ਇਹ ਦੇਸ਼ ਦ੍ਰੋਹੀ ਅੰਗਰੇਜ਼ਾਂ ਨਾਲ ਮਿਲ ਗਏ ਸੀ। ਨਵਾਬ ਸਿਰਾਜ-ਉਦ- ਦੌਲਾ ਲੜਾਈ ਹਾਰ ਗਿਆ। ਅੰਗਰੇਜ਼ਾਂ ਨੇ ਉਸ ਨੂੰ ਕੈਦੀ ਬਣਾ ਲਿਆ ਅਤੇ ਬਾਅਦ ਵਿੱਚ ਮਾਰ ਦਿੱਤਾ।
ਪ੍ਰਸ਼ਨ . ਬਕਸਰ ਦੀ ਲੜਾਈ ਕਦੋਂ ਅਤੇ ਕਿਸ ਦੇ ਵਿਚਕਾਰ ਹੋਈ ?
ਉੱਤਰ- ਬਕਸਰ ਦੀ ਲੜਾਈ 23 ਅਕਤੂਬਰ 1764 ਈਸਵੀ ਨੂੰ ਅੰਗਰੇਜ਼ਾਂ ਅਤੇ ਮੀਰ ਕਾਸਿਮ, ਸਿਰਾਜ ਉਦ-ਦੌਲਾ ਅਤੇ ਸ਼ਾਹ ਆਲਮ ਦੂਜੇ ਵਿਚਕਾਰ ਹੋਈ।
ਪ੍ਰਸ਼ਨ . ਬੰਗਾਲ ਵਿਚ ਦੁਹਰੀ ਸ਼ਾਸ਼ਨ ਪ੍ਰਣਾਲੀ ਤੋਂ ਤੁਸੀਂ ਕੀ ਸਮਝਦੇ ਹੋ?
ਉੱਤਰ- ਪਲਾਸੀ ਅਤੇ ਬਕਸਰ ਦੀਆਂ ਜਿੱਤਾਂ ਪਿੱਛੋਂ ਈਸਟ ਇੰਡੀਆ ਕੰਪਨੀ ਬੰਗਾਲ ਦੀ ਅਸਲੀ ਸ਼ਾਸਕ ਬਣ ਗਈ। ਸੈਨਿਕ ਅਤੇ ਮਾਲੀਆ ਪ੍ਰਬੰਧ ਵੀ ਕੰਪਨੀ ਦੇ ਅਧਿਕਾਰ ਹੇਠ ਆ ਗਿਆ। ਕੰਪਨੀ ਦੁਆਰਾ ਨਵਾਬ ਨੂੰ ਸਿਵਲ ਸ਼ਾਸਨ ਪ੍ਰਬੰਧ ਚਲਾਉਣ ਦੀ ਜ਼ਿੰਮੇਵਾਰੀ ਦਿੱਤੀ ਗਈ। ਇਸ ਨੂੰ ਦੁਹਰੀ ਸ਼ਾਸਨ ਪ੍ਰਣਾਲੀ ਕਿਹਾ ਜਾਂਦਾ ਹੈ।
ਪ੍ਰਸ਼ਨ . ਲੈਪਸ ਦੀ ਨੀਤੀ ਕੀ ਸੀ? ( What was doctrine of lapse)
ਉੱਤਰ- ਲਾਰਡ ਡਲਹੌਜ਼ੀ ਨੇ ਭਾਰਤੀ ਰਿਆਸਤਾਂ ਨੂੰ ਅੰਗਰੇਜ਼ੀ ਸਾਮਰਾਜ ਵਿਚ ਮਿਲਾਉਣ ਲਈ ਲੈਪਸ ਦੀ ਨੀਤੀ ਅਪਣਾਈ। ਇਸ ਨੀਤੀ ਅਨੁਸਾਰ ਜਿਹੜੇ ਭਾਰਤੀ ਸ਼ਾਸਕਾਂ ਦੀ ਆਪਣੀ ਕੋਈ ਸੰਤਾਨ ਨਹੀਂ ਸੀ ਉਹਨਾਂ ਨੂੰ ਪੁੱਤਰ ਗੋਦ ਲੈਣ ਦੀ ਆਗਿਆ ਨਹੀਂ ਦਿੱਤੀ ਜਾਂਦੀ ਸੀ। ਮੌਤ ਪਿਛੋਂ ਉਸ ਦੇ ਰਾਜ ਨੂੰ ਅੰਗਰੇਜ਼ੀ ਸਾਮਰਾਜ ਵਿਚ ਸ਼ਾਮਲ ਕਰ ਲਿਆ ਜਾਂਦਾ ਸੀ। ਲਾਰਡ ਡਲਹੌਜ਼ੀ ਨੇ ਇਸ ਨੀਤੀ ਅਧੀਨ ਸਤਾਰਾ, ਸੰਭਲਪੁਰ, ਉਦੈਪੁਰ, ਝਾਂਸੀ ਆਦਿ ਕਈ ਰਿਆਸਤਾਂ ਨੂੰ ਅੰਗਰੇਜ਼ੀ ਸਾਮਰਾਜ ਵਿਚ ਸ਼ਾਮਲ ਕਰ ਲਿਆ।