ਪੰਜਾਬ ਸਕੂਲ ਸਿੱਖਿਆ ਬੋਰਡ ਦੇ ਚੇਅਰਮੈਨ ਪ੍ਰੋਫੈਸਰ ਯੋਗਰਾਜ ਨਾਲ ਡੈਮੋਕ੍ਰੇਟਿਕ ਟੀਚਰਜ਼ ਫਰੰਟ (ਡੀਟੀਐਫ) ਪੰਜਾਬ ਦੇ ਸੂਬਾ ਪ੍ਰਧਾਨ ਵਿਕਰਮਦੇਵ ਸਿੰਘ ਵੱਲੋਂ ਬੋਰਡ ਜਮਾਤਾਂ ਦੀ ਕੰਟੀਨਿਊਸ਼ਨ ਫੀਸ (ਬਿਨਾਂ ਲੇਟ ਫ਼ੀਸ) ਭਰਨ ਦੀ ਆਖ਼ਰੀ ਮਿਤੀ ਵਿੱਚ ਵਾਧਾ ਕਰਨ ਸਬੰਧੀ ਗੱਲਬਾਤ ਕੀਤੀ ਗਈ। ਜਿਸ ਦੌਰਾਨ ਡੀਟੀਐਫ ਆਗੂ ਨੇ ਪੰਜਵੀਂ, ਅੱਠਵੀਂ, ਦਸਵੀਂ ਅਤੇ ਬਾਰ੍ਹਵੀਂ ਜਮਾਤਾਂ ਵਿੱਚ ਸਕੂਲ ਪੱਧਰ ਤੇ ਕੀਤੇ ਜਾਣ ਵਾਲੇ ਦਾਖ਼ਲੇ ਦੀ ਆਖ਼ਰੀ ਮਿਤੀ 15-09-2022 ਅਤੇ ਇਨ੍ਹਾਂ ਜਮਾਤਾਂ ਲਈ ਬੋਰਡ ਦੀ ਕੰਟੀਨਿਊਸ਼ਨ ਫੀਸ ਭਰਨ ਦੀ ਆਖਿਰੀ ਮਿਤੀ 16-09-2022 ਦੇ ਟਕਰਾਵਾਂ ਹੋਣ ਕਾਰਨ, ਕੰਟੀਨਿਊਸ਼ਨ ਫੀਸ ਨਾ ਭਰ ਸਕਣ ਵਾਲੇ ਸੈਂਕੜੇ ਸਕੂਲਾਂ ਅਤੇ ਹਜਾਰਾਂ ਵਿਦਿਆਰਥੀਆਂ ਨੂੰ ਦਰਪੇਸ਼ ਭਾਰੀ ਸਮੱਸਿਆਵਾਂ ਦੇ ਮੱਦੇਨਜ਼ਰ ਇਕ ਹਫ਼ਤੇ ਦਾ ਹੋਰ ਸਮਾਂ (ਬਿਨਾਂ ਲੇਟ ਫੀਸ ਲਗਾਏ) ਦੇਣ ਦੀ ਮੰਗ ਕੀਤੀ ਗਈ।
(Pb.jobsoftoday, 31 ਅਗਸਤ 2022)
ਬੋਰਡ ਚੇਅਰਮੈਨ ਤੋਂ ਇਲਾਵਾ ਮੌਕੇ 'ਤੇ ਮੌਜੂਦ ਬਾਕੀ ਉੱਚ ਅਧਿਕਾਰੀਆਂ ਅੱਗੇ ਡੀ.ਟੀ.ਐਫ. ਆਗੂ ਵੱਲੋਂ ਰੱਖੇ ਤਰਕ ਨਾਲ ਬੋਰਡ ਵਲੋਂ ਸਹਿਮਤੀ ਪ੍ਰਗਟਾਈ ਗਈ। ਜਿਸ ਦੌਰਾਨ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਚੇਅਰਮੈਨ ਵੱਲੋਂ ਪੰਜਵੀਂ, ਅੱਠਵੀਂ, ਦਸਵੀਂ ਅਤੇ ਬਾਰ੍ਹਵੀਂ ਜਮਾਤਾਂ ਦੀ ਕੰਟੀਨਿਊਸ਼ਨ ਫੀਸ (ਬਿਨਾਂ ਲੇਟ ਫ਼ੀਸ) ਭਰਨ ਦੀ ਆਖ਼ਰੀ ਮਿਤੀ ਵਿਚ ਇੱਕ ਹਫਤੇ ਦਾ ਵਾਧਾ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ। ਬੋਰਡ ਚੇਅਰਮੈਨ ਵੱਲੋਂ ਇੱਕ ਹਫਤੇ ਦੇ ਵਾਧੇ ਉਪਰੰਤ ਬਿਨਾਂ ਲੇਟ ਫ਼ੀਸ ਲਈ ਹੋਰ ਸਮੇਂ ਦਾ ਵਾਧਾ ਨਾ ਦੇਣ ਦੀ ਗੱਲ ਵੀ ਕਹੀ ਗਈ ਹੈ।