ਨੌਜਵਾਨ ਨਸ਼ਿਆਂ ਨੂੰ ਛੱਡ ਕੇ ਕੁਸ਼ਤੀ ਅਤੇ ਹੋਰ ਖੇਡਾਂ ਵੱਲ ਧਿਆਨ ਦੇਣ- ਮੈਡਮ ਅਨਮੋਲ ਗਗਨ ਮਾਨ
ਘੋਲ ਕੁਸ਼ਤੀਆਂ ਪੰਜਾਬ ਦਾ ਅਨਮੋਲ ਵਿਰਸਾ - ਕੈਬਨਿਟ ਮੰਤਰੀ
ਮੁਹਾਲੀ 14 ਅਗਸਤ
ਹਲਕਾ ਖਰੜ ਬਲਾਕ ਮਾਜਰੀ ਦੇ ਪਿੰਡ ਤੀੜਾ ਵਿਖੇ ਗੁਗਾ ਮਾੜੀ ਦੇ ਮੇਲੇ ਤੇ ਹਰ ਸਾਲ ਦੀ ਤਰਾਂ ਕੁਸ਼ਤੀ ਦੰਗਲ ਮੁਕਾਬਲੇ ਨਗਰ ਪੰਚਾਇਤ ਅਤੇ ਨਗਰ ਨਿਵਾਸੀਆਂ ਦੇ ਸਹਿਯੋਗ ਸਦਕਾ ਕਰਵਾਏ ਗਏ, ਕੁਸ਼ਤੀ ਦੰਗਲ 'ਚ ਪੰਜਾਬ ਸਮੇਤ ਹੋਰਨਾਂ ਸੂਬਿਆਂ ਤੋਂ ਨਾਮਵਰ ਪਹਿਲਵਾਨਾਂ ਨੇ ਹਿੱਸਾ ਲਿਆ।ਜਿਸ ਵਿਚ ਮੁੱਖ ਮਹਿਮਾਨ ਦੇ ਤੌਰ ਤੇ ਕੈਬਨਿਟ ਮੰਤਰੀ ਪੰਜਾਬ ਮੈਡਮ ਅਨਮੋਲ ਗਗਨ ਮਾਨ ਨੇ ਸ਼ਿਰਕਤ ਕੀਤੀ।
ਮੈਡਮ ਅਨਮੋਲ ਗਗਨ ਮਾਨ ਨੇ ਖੇਡ ਪੇ੍ਮੀਆਂ ਦੇ ਰੂਬਰੂ ਹੁੰਦਿਆਂ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਖੇਡਾਂ ਨੂੰ ਹੁਲਾਰਾ ਦੇਣ ਲਈ ਵਿਸ਼ੇਸ਼ ਯਤਨ ਕਰ ਰਹੀ ਹੈ।ਉਨਾਂ੍ਹ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਨਸ਼ਿਆਂ ਵਰਗੀਆਂ ਭਿਆਨਕ ਅਲਾਮਤਾਂ ਨੂੰ ਛੱਡ ਕੇ ਕੁਸ਼ਤੀ ਅਤੇ ਹੋਰ ਖੇਡਾਂ ਵੱਲ ਵੱਧ ਤੋਂ ਵੱਧ ਧਿਆਨ ਦੇਣ ਅਤੇ ਚੰਗੇ ਖਿਡਾਰੀ ਬਣ ਕੇ ਆਪਣੇ ਮਾਪਿਆਂ, ਇਲਾਕੇ ਅਤੇ ਦੇਸ਼ ਦਾ ਨਾਮ ਰੌਸ਼ਨ ਕਰਨ।ਕੈਬਨਿਟ ਮੰਤਰੀ ਨੇ ਕਿਹਾ ਕਿ ਘੋਲ ਕੁਸ਼ਤੀਆਂ ਪੰਜਾਬ ਦਾ ਅਨਮੋਲ ਵਿਰਸਾ ਹਨ ਤੇ ਛਿੰਝ ਮੇਲੇ ਅਤੇ ਅਖਾੜੇ ਸਰੀਰ ਨੂੰ ਤੰਦਰੁਸਤ ਰੱਖਦੇ ਹਨ।ਉਨਾਂ ਖੇਡਾਂ ਨੂੰ ਉਤਸਾਹਿਤ ਕਰਨ ਲਈ 1 ਲੱਖ ਰੁਪਏ ਦੀ ਸਹਾਇਤਾ ਦੇਣ ਦਾ ਐਲਾਨ ਕੀਤਾ।
ਇਸੇ ਦੋਰਾਨ ਕੁਸ਼ਤੀ ਦੰਗਲ ਮੁਕਾਬਲਿਆਂ ਵਿਚ ਭਾਗ ਲੈਣ ਵਾਲੇ ਜੇਤੂ ਪਹਿਲਵਾਨਾਂ ਨੂੰ ਸ਼ੁੱਭਕਾਮਨਾਵਾਂ ਦਿੱਤੀਆਂ।ਨਾਲ ਹੀ ਬੱਚਿਆਂ ਦੇ ਤਿਰੰਗਾ ਮੁਹਿੰਮ ਵਿੱਚ ਹਿੱਸਾ ਪਾਉਣ ਤੇ ਹੌਸਲਾ ਅਫਜ਼ਾਈ ਕੀਤੀ।ਇਸ ਮੌਕੇ ਕਰਤਾਰ ਸਿੰਘ ਤੀੜਾ, ਆਪ ਆਗੂ ਰਵੀ ਕੁਮਾਰ ਤੋਗਾ, ਸੁਖਵਿੰਦਰ ਸਿੰਘ ਬਿੱਟੂ ਖਰੜ, ਰਘਵੀਰ ਸਿੰਘ ਬਡਾਲਾ, ਜੰਟੀ ਕਾਦੀ ਮਾਜਰਾਂ ਤੋਂ ਇਲਾਵਾ ਵਲੰਟੀਅਰ ਹਾਜ਼ਰ ਸਨ।