* ਸਾਂਝਾ ਅਧਿਆਪਕ ਮੋਰਚਾ ਪੰਜਾਬ ਦਾ ਵਫ਼ਦ ਸਿੱਖਿਆ ਮੰਤਰੀ ਪੰਜਾਬ ਨੂੰ ਮਿਲਿਆ।
* ਪੰਜਵੀਂ, ਅੱਠਵੀਂ ਦੀ ਸਾਲਾਨਾ ਪ੍ਰੀਖਿਆ ਸਬੰਧੀ ਰਜਿਸਟ੍ਰੇਸ਼ਨ ਲੇਟ ਦੇ ਕਾਰਨ ਬੋਰਡ ਵੱਲੋਂ ਪਾਏ ਜੁਰਮਾਨੇ ਕੀਤੇ ਰੱਦ : ਸਿੱਖਿਆ ਮੰਤਰੀ।
ਮੰਗਾਂ ਦਾ ਜਲਦ ਨਿਪਟਾਰਾ ਨਾ ਕੀਤਾ ਗਿਆ ਤਾਂ ਹੋਵੇਗਾ ਪ੍ਰਦਰਸ਼ਨ:- ਸਾਂਝਾ ਅਧਿਆਪਕ ਮੋਰਚਾ।
ਜਲੰਧਰ:19ਨਵੰਬਰ( )
ਪੰਜਾਬ ਸਕੂਲ ਸਿੱਖਿਆ ਬੋਰਡ ਮੋਹਾਲੀ ਵਲੋਂ ਪੰਜਵੀਂ ਅਤੇ ਅੱਠਵੀਂ ਦੀ ਸਲਾਨਾ ਪ੍ਰੀਖਿਆ ਲਈ ਲੇਟ ਫੀਸ ਦਾਖਲੇ 1000/-ਰੁਪਏ ਪ੍ਰਤੀ ਬੱਚਾ ਦੇ ਸਕੂਲ ਮੁੱਖੀਆਂ ਨੂੰ ਹਜ਼ਾਰਾਂ ਵਿੱਚ ਜੁਰਮਾਨੇ ਪਾ ਕੇ,ਵਾਰ-ਵਾਰ ਫੋਨ ਕਰਕੇ ਜੁਰਮਾਨੇ ਫੌਰੀ ਤੌਰ ਤੇ ਜਮ੍ਹਾਂ ਕਰਵਾਉਣ ਲਈ ਪ੍ਰੇਸ਼ਾਨ ਕਰਨ ਅਤੇ ਸਾਂਝਾ ਅਧਿਆਪਕ ਮੋਰਚਾ ਪੰਜਾਬ ਦੇ ਮੰਗ ਪੱਤਰ ਦੀਆਂ ਮੰਗਾਂ ਦਾ ਨਿਪਟਾਰਾ ਕਰਨ ਲਈ ਗੱਲਬਾਤ ਰਾਹੀਂ ਤੁਰੰਤ ਹੱਲ ਕੀਤਾ ਜਾਵੇ ਦੇ ਸੰਬੰਧ ਵਿੱਚ ਸਾਂਝਾ ਅਧਿਆਪਕ ਮੋਰਚਾ ਪੰਜਾਬ, ਜ਼ਿਲ੍ਹਾ ਜਲੰਧਰ ਦਾ ਵਫ਼ਦ ਸੂਬਾਈ ਆਗੂਆਂ ਸੁਰਿੰਦਰ ਕੁਮਾਰ ਪੁਆਰੀ, ਕਰਨੈਲ ਫਿਲੌਰ ਅਤੇ ਨਵਪ੍ਰੀਤ ਸਿੰਘ ਬੱਲੀ ਦੀ ਅਗਵਾਈ ਵਿੱਚ ਸਿੱਖਿਆ ਮੰਤਰੀ ਪੰਜਾਬ ਸ.ਪ੍ਰਗਟ ਸਿੰਘ ਨੂੰ ਮਿਲਿਆ। ਸਿੱਖਿਆ ਮੰਤਰੀ ਪੰਜਾਬ ਨਾਲ ਹੋਈ ਗੱਲਬਾਤ ਦੀ ਜਾਣਕਾਰੀ ਦਿੰਦਿਆਂ ਆਗੂਆਂ ਨੇ ਕਿਹਾ ਕਿ ਪੰਜਵੀਂ, ਅੱਠਵੀਂ ਦੀ ਸਲਾਨਾ ਪ੍ਰੀਖਿਆ ਲਈ ਲੇਟ ਫੀਸ ਦੇ ਸਕੂਲ ਮੁੱਖੀਆਂ ਨੂੰ ਪਾਏ ਜੁਰਮਾਨੇ ਨਾ ਵਸੂਲ ਕਰਨ ਲਈ ਹੁਕਮ ਜਾਰੀ ਕਰ ਦਿੱਤੇ ਹਨ।ਇਸ ਤੇ ਆਗੂਆਂ ਨੇ ਸਿੱਖਿਆ ਮੰਤਰੀ ਦੇ ਨੋਟਿਸ ਵਿੱਚ ਲਿਆਂਦਾ ਕਿ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਅਧਿਕਾਰੀਆਂ ਵਲੋਂ ਵਾਰ-ਵਾਰ ਫੋਨ ਕਰਕੇ ਫੌਰੀ ਤੌਰ ਤੇ ਜੁਰਮਾਨੇ ਜਮ੍ਹਾਂ ਕਰਵਾਉਣ ਲਈ ਸਕੂਲ ਮੁੱਖੀਆਂ ਨੂੰ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ ਅਤੇ ਬੱਚਿਆਂ ਦੀ ਪ੍ਰੀਖਿਆ ਨਹੀਂ ਲਈ ਜਾਵੇਗੀ ਆਦਿ ਕਿਹਾ ਜਾ ਰਿਹਾ ਹੈ।
ਸਾਂਝਾ ਅਧਿਆਪਕ ਮੋਰਚਾ ਪੰਜਾਬ ਦੇ ਅਜੰਡੇ ਦੀਆਂ ਮੰਗਾਂ ਬਾਰੇ ਮੰਤਰੀ ਸਾਹਿਬ ਨੇ ਕਿਹਾ ਕਿ ਸਭ ਕੁੱਝ ਮੇਰੇ ਧਿਆਨ ਵਿੱਚ ਹੈ ਅਤੇ ਮੈਂ ਇਸ ਤੇ ਲਗਾਤਾਰ ਕੰਮ ਕਰ ਰਿਹਾ ਹਾਂ।ਮੈਂ ਬਹੁਤ ਹੀ ਜਲਦੀ ਮੁੱਖ ਮੰਤਰੀ ਪੰਜਾਬ ਸ.ਚਰਨਜੀਤ ਸਿੰਘ ਚੰਨੀ ਜੀ ਤੋਂ ਸਮਾਂ ਲੈ ਕੇ ਮੀਟਿੰਗ ਕਰਕੇ ਮਸਲੇ ਹੱਲ ਕਰਨ ਲਈ ਗੰਭੀਰਤਾ ਨਾਲ ਯਤਨਸ਼ੀਲ ਹਾਂ।
ਆਗੂਆਂ ਨੇ ਬਿਆਨ ਜਾਰੀ ਰੱਖਦਿਆਂ ਪ੍ਰੈੱਸ ਨੂੰ ਜਾਣਕਾਰੀ ਦਿੰਦਿਆਂ ਕਿਹਾ ਕਿ ਜੇਕਰ 08 ਦਸੰਬਰ ਤੋਂ ਪਹਿਲਾਂ-ਪਹਿਲਾਂ ਸਾਂਝਾ ਅਧਿਆਪਕ ਮੋਰਚਾ ਪੰਜਾਬ ਨੂੰ ਲਿਖਤੀ ਤੌਰ ਤੇ ਪੈਨਲ ਮੀਟਿੰਗ ਦੇ ਕੇ, ਪਿਛਲੇ ਲੰਬੇ ਸਮੇਂ ਤੋਂ ਲਟਕਦੀਆਂ ਮੰਗਾਂ ਦਾ ਤੁਰੰਤ ਨਿਪਟਾਰਾ ਕਰਨ ਲਈ ਜਲਦੀ ਤੋਂ ਜਲਦੀ ਯੋਗ ਕਾਰਵਾਈ ਨਾ ਕੀਤੀ ਤਾਂ ਸਾਂਝਾ ਅਧਿਆਪਕ ਮੋਰਚਾ ਪੰਜਾਬ ਵਲੋਂ ਪਹਿਲਾਂ ਹੀ ਕੀਤੇ ਗਏ ਐਲਾਨ ਅਨੁਸਾਰ 08 ਦਸੰਬਰ 2021 ਨੂੰ ਜਲੰਧਰ ਵਿਖੇ ਸੂਬਾਈ ਰੈਲੀ ਕਰਕੇ ਸਿੱਖਿਆ ਮੰਤਰੀ ਪੰਜਾਬ ਸ.ਪਰਗਟ ਸਿੰਘ ਦੀ ਜਲੰਧਰ ਰਿਹਾਇਸ਼ ਦਾ ਘਿਰਾਓ ਕੀਤਾ ਜਾਵੇਗਾ।ਜਿਸ ਦੀ ਜਿੰਮੇਂਵਾਰੀ ਨਿੱਜੀ ਤੌਰ ਤੇ ਸਿੱਖਿਆ ਮੰਤਰੀ ਪੰਜਾਬ ਦੀ ਹੋਵੇਗੀ।
ਇਸ ਸਮੇਂ ਹੋਰਨਾਂ ਤੋਂ ਇਲਾਵਾ ਕੁਲਦੀਪ ਸਿੰਘ ਕੌੜਾ, ਹਰਕੰਮਲ ਸਿੰਘ ਸੰਧੂ, ਸੁਖਵਿੰਦਰ ਸਿੰਘ ਮੱਕੜ, ਜਸਪਾਲ ਸੰਧੂ, ਕੁਲਾਰ,ਅਮਰਜੀਤ ਭਗਤ,ਭਾਰਤ ਭੂਸ਼ਨ, ਮੁਲਖ ਰਾਜ,ਗੋਪਾਲ ਗੋਗਨਾ,ਬਲਵਿੰਦਰ ਕੁਮਾਰ, ਸੁਖਰਾਜ ਸਿੰਘ ਆਦਿ ਸਾਥੀ ਹਾਜ਼ਰ ਹੋਏ।