ਸਿੱਖਿਆ ਮੰਤਰੀ ਪਰਗਟ ਸਿੰਘ ਵੱਲੋਂ ਬੇਰੁਜ਼ਗਾਰ ਅਧਿਆਪਕਾਂ ਨੂੰ ਇਸ਼ਤਿਹਾਰ ਜਲਦੀ ਜਾਰੀ ਕਰਨ ਦਾ ਭਰੋਸਾ
ਹੁਣ 18 ਦੀ ਬਜਾਏ 23 ਨੂੰ ਕਰਨਗੇ ਸਿੱਖਿਆ ਮੰਤਰੀ ਦੀ ਕੋਠੀ ਦਾ ਘਿਰਾਓ
ਟੈਂਕੀ ਉਪਰ ਅਤੇ ਹੇਠਾਂ ਮੋਰਚਾ ਅਤੇ ਭੁੱਖ ਹੜਤਾਲ ਜਾਰੀ
ਦਲਜੀਤ ਕੌਰ ਭਵਾਨੀਗੜ੍ਹ
ਚੰਡੀਗੜ੍ਹ/ਜਲੰਧਰ,17 ਨਵੰਬਰ, 2021: ਬੇਰੁਜ਼ਗਾਰ ਬੀ.ਐੱਡ ਟੈੱਟ ਪਾਸ ਬੇਰੁਜ਼ਗਾਰ ਅਧਿਆਪਕ ਯੂਨੀਅਨ ਨੂੰ ਸਿੱਖਿਆ ਮੰਤਰੀ ਸ੍ਰ ਪ੍ਰਗਟ ਸਿੰਘ ਨੇ ਚੰਡੀਗੜ੍ਹ ਮੀਟਿੰਗ ਵਿੱਚ ਬੁਲਾ ਕੇ ਜਲਦੀ ਸਾਰੀਆਂ ਖਾਲੀ ਅਸਾਮੀਆਂ ਦਾ ਇਸ਼ਤਿਹਾਰ ਜਾਰੀ ਕਰਨ ਦਾ ਭਰੋਸਾ ਦਿੱਤਾ।
ਯੂਨੀਅਨ ਦੇ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਢਿੱਲਵਾਂ ਸਮੇਤ ਅਮਨਦੀਪ ਸੇਖਾ, ਸੰਦੀਪ ਗਿੱਲ, ਰਸ਼ਪਾਲ ਸਿੰਘ ਜਲਾਲਾਬਾਦ, ਗਗਨਦੀਪ ਕੌਰ ਗਰੇਵਾਲ ਅਤੇ ਬਲਕਾਰ ਸਿੰਘ ਮਾਨਸਾ ਨੇ ਕਿਹਾ ਕਿ ਭਾਵੇਂ ਪਹਿਲਾਂ ਵੀ ਅਨੇਕਾਂ ਵਾਰ ਇੱਕ ਇੱਕ ਹਫ਼ਤੇ ਦਾ ਭਰੋਸਾ ਦੇ ਕੇ ਕਾਂਗਰਸ ਸਰਕਾਰ ਨੇ ਸਾਢੇ ਚਾਰ ਲੰਘਾ ਦਿੱਤੇ ਹਨ ਪਰ ਇਸ ਵਾਰ ਫੇਰ ਕੁਝ ਦਿਨਾਂ ਦਾ ਇੰਤਜ਼ਾਰ ਕੀਤਾ ਜਾਵੇਗਾ।
ਬੇਰੁਜ਼ਗਾਰ ਅਧਿਆਪਕ ਆਗੂਆਂ ਨੇ ਦੱਸਿਆ ਕਿ ਹੁਣ ਬੇਰੁਜ਼ਗਾਰ 18 ਨਵੰਬਰ ਦੀ ਬਜਾਏ 23 ਨਵੰਬਰ ਨੂੰ ਮੁੜ ਸਿੱਖਿਆ ਮੰਤਰੀ ਦੀ ਕੋਠੀ ਅੱਗੇ ਜਾਣਗੇ। ਉਹਨਾਂ ਕਿਹਾ ਕਿ ਸਿੱਖਿਆ ਮੰਤਰੀ ਨੇ ਵਿੱਤ ਵਿਭਾਗ ਅਤੇ ਮੁੱਖ ਮੰਤਰੀ ਪੰਜਾਬ ਪਾਸੋ ਅਸਾਮੀਆਂ ਲਈ ਮਨਜੂਰ ਲੈਣ ਦੀ ਗੱਲ ਆਖੀ ਹੈ। ਓਹਨਾਂ ਮੰਗ ਕੀਤੀ ਕਿ ਸਮਾਜਿਕ ਸਿੱਖਿਆ, ਪੰਜਾਬੀ ਅਤੇ ਹਿੰਦੀ ਨਾਲ ਪਿਛਲੇ ਸਮੇਂ ਹੋਏ ਪੱਖਪਾਤ ਨੂੰ ਦੂਰ ਕੀਤਾ ਜਾਵੇ।
ਅੱਜ ਦੀ ਲੜੀਵਾਰ ਭੁੱਖ ਹੜਤਾਲ 'ਤੇ ਸੰਨੀ ਕੁਮਾਰ ਜਲੰਧਰ, ਹਰਜਿੰਦਰ ਕੌਰ ਗੋਲੀ ਮੁਕੇਰੀਆਂ, ਲਛਮੀ ਪੁਆਰ ਜਲੰਧਰ, ਅਮਨ ਅਮਰਗੜ੍ਹ, ਰੇਖਾ ਹੀਰ ਬੈਠੇ।
ਉੱਧਰ ਟੈਂਕੀ ਉੱਤੇ ਬੈਠੇ ਬੇਰੁਜ਼ਗਾਰਾਂ ਜਸਵੰਤ ਘੁਬਾਇਆ ਅਤੇ ਮੁਨੀਸ਼ ਵਿੱਚੋ ਮੁਨੀਸ਼ ਦੀ ਹਾਲਤ ਚਿੰਤਾਜਨਕ ਬਣੀ ਹੋਈ ਹੈ। ਅੱਜ ਫੇਰ ਉਸਦੇ ਸਰੀਰ ਦੀ ਜਾਂਚ ਪੜਤਾਲ ਹੋਈ।
ਇਸ ਮੌਕੇ ਸੁਖਜਿੰਦਰ ਫਰੀਦਕੋਟ, ਜਸਵੰਤ ਰਾਏ ਜਲਾਲਾਬਾਦ, ਬਲਜਿੰਦਰ ਗਿਲਜ਼ੇਵਾਲਾ, ਵਿਵੇਕ ਪਠਾਨਕੋਟ, ਰਿੰਕੂ ਝਾੜੋਂ ਅਤੇ ਸੁਰਿੰਦਰ ਕੌਰ ਰੋਡ਼ਾਂਵਾਲੀ ਆਦਿ ਹਾਜਰ ਸਨ।