ਮੋਦੀ ਸਰਕਾਰ ਕਸ਼ਮੀਰ ਵਿਚ ਪ੍ਰਵਾਸੀਆਂ ਦੀ ਸੁਰੱਖਿਆ ਕਰਨ ਵਿਚ ਅਸਫਲ ਸਾਬਤ ਹੋਈ-ਨਿਰਾਲਾ
ਨਵਾਸ਼ਹਿਰ 24 ਅਕਤੂਬਰ (
) ਪ੍ਰਵਾਸੀ ਮਜਦੂਰ ਯੂਨੀਅਨ ਨੇ ਕਸ਼ਮੀਰ ਵਿਚ ਪ੍ਰਵਾਸੀ ਮਜਦੂਰਾਂ ਦੀਆਂ ਕੀਤੀਆਂ ਜਾ ਰਹੀਆਂ ਹੱਤਿਆਵਾਂ ਉੱਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਇਸਦੀ ਸਖਤ ਸ਼ਬਦਾਂ ਵਿਚ ਨਿੰਦਾ ਕੀਤੀ ਹੈ।ਅੱਜ ਇੱਥੇ ਪ੍ਰਵਾਸੀ ਮਜਦੂਰ ਯੂਨੀਅਨ ਦੀ ਮੀਟਿੰਗ ਕੀਤੀ ਗਈ ਜਿਸ ਵਿਚ ਪ੍ਰਵਾਸੀ ਮਜਦੂਰਾਂ ਨੂੰ ਆ ਰਹੀਆਂ ਸਮੱਸਿਆਵਾਂ ਬਾਰੇ ਚਰਚਾ ਕੀਤੀ ਗਈ।ਮੀਟਿੰਗ ਨੂੰ ਸੰਬੋਧਨ ਕਰਦਿਆਂ ਯੂਨੀਅਨ ਦੇ ਜਿਲਾ ਪ੍ਰਧਾਨ ਪ੍ਰਵੀਨ ਕੁਮਾਰ ਨਿਰਾਲਾ ਨੇ ਕਿਹਾ ਕਿ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਦੀ ਮੋਦੀ ਸਰਕਾਰ ਜੰਮੂ ਕਸ਼ਮੀਰ ਵਿਚ ਜਨ ਸਧਾਰਨ ਦੀ ਸੁਰੱਖਿਆ ਕਰਨ ਵਿਚ ਨਾਕਾਮ ਸਾਬਤ ਹੋਈ ਹੈ।ਕਾਤਲ ਰੇਹੜੀ ਵਰਕਰਾਂ ਦੀ ਹੱਤਿਆ ਕਰਕੇ ਅਲੋਪ ਹੋ ਜਾਂਦੇ ਹਨ।ਉਹਨਾਂ ਕਿਹਾ ਕਿ ਪਹਿਲਾਂ ਮੋਦੀ ਸਰਕਾਰ ਦਾਅਵੇ ਕਰਦੀ ਸੀ ਕਿ ਉਹ ਜੰਮੂ ਕਸ਼ਮੀਰ ਵਿਚੋਂ ਧਾਰਾ 370 ਖਤਮ ਕਰਨ ਉਪ੍ਰੰਤ ਪੂਰੀ ਤਰ੍ਹਾਂ ਅਮਨ ਸਥਾਪਤ ਕਰ ਦੇਵੇਗੀ ਪਰ ਉਸਦੇ ਇਹ ਦਾਅਵੇ ਦੰਮਹੀਣ ਸਾਬਤ ਹੋਏ ਹਨ।ਉਹਨਾਂ ਕਿਹਾ ਕਿ ਵਿਅਕਤੀ ਨੂੰ ਸੰਵਿਧਾਨ ਇਹ ਅਧਿਕਾਰ ਦਿੰਦਾ ਹੈ ਕਿ ਉਹ ਦੇਸ਼ ਦੇ ਕਿਸੇ ਹਿੱਸੇ ਵਿਚ ਵੀ ਆਪਣਾ ਕਾਰੋਬਾਰ ਕਰ ਸਕਦਾ ਹੈ ਪਰ ਕੇਂਦਰ ਸਰਕਾਰ ਵਲੋਂ ਜਿਹਨਾਂ ਢੰਗ ਤਰੀਕਿਆਂ ਰਾਹੀਂ ਕਸ਼ਮੀਰ ਦੀ ਸਮੱਸਿਆ ਨਾਲ ਸਿੱਝਿਆ ਜਾ ਰਿਹਾ ਹੈ ਉਹਨਾਂ ਨਾਲ ਇਸ ਖਿੱਤੇ ਦੇ ਹਾਲਾਤ ਹੋਰ ਵੀ ਉਲਝਦੇ ਜਾ ਰਹੇ ਹਨ।ਉੱਥੋਂ ਦੇ ਲੋਕ ਆਪਣੇ ਆਪ ਨੂੰ ਅਸੁਰੱਖਿਅਤ ਮਹਿਸੂਸ ਕਰ ਰਹੇ ਹਨ।ਨੇੜ ਭਵਿੱਖ ਵਿਚ ਪੰਜ ਰਾਜਾਂ ਵਿਚ ਹੋਣ ਵਾਲੀਆਂ ਚੋਣਾਂ ਵੀ ਹਰ ਸੂਝਵਾਨ ਵਿਅਕਤੀ ਦਾ ਧਿਆਨ ਖਿੱਚਦੀਆਂ ਹਨ।ਲੱਗਦਾ ਹੈ ਕਿ ਭਾਰਤੀ ਜਨਤਾ ਪਾਰਟੀ ਕਾਫੀ ਕੁਝ ਚੋਣਾਂ ਦੇ ਰਾਜਸੀ ਚਸ਼ਮੇ ਰਾਹੀਂ ਦੇਖਦੀ ਹੈ।ਇਸ ਮੀਟਿੰਗ ਵਿਚ ਹਰੀ ਲਾਲ, ਹਰੇ ਰਾਮ ਸਿੰਘ, ਸ਼ਿਵ ਨੰਦਨ,ਆਜਾਦ ਅਤੇ ਕਿਸ਼ੋਰ ਕੁਮਾਰ ਵੀ ਮੌਜੂਦ ਸਨ।
ਮੀਟਿੰਗ ਵਿਚ ਸ਼ਾਮਲ ਪ੍ਰਵਾਸੀ ਮਜਦੂਰ ਯੂਨੀਅਨ ਦੇ ਆਗੂ। |