ਆਧੁਨਿਕ ਕਮਿਊਨਿਟੀ ਸੈਂਟਰ ਜਲਦੀ ਹੋਵੇਗਾ ਲੋਕ ਅਰਪਣ- ਰਾਣਾ ਕੇ.ਪੀ ਸਿੰਘ
ਬਰਾਰੀ ਫਲਾਈ ਓਵਰ ਦੇ ਨਿਰਮਾਣ ਨਾਲ ਆਵਾਜਾਈ ਦੀ ਸਮੱਸਿਆ ਦਾ ਹੋਵੇਗਾ ਸਥਾਈ ਹੱਲ-ਸਪੀਕਰ
ਨੰਗਲ ਦੇ ਵਿਕਾਸ ਲਈ ਮੋਜੂਦਾ ਸਰਕਾਰ ਨੇ ਜਿਕਰਯੋਗ ਉਪਰਾਲੇ ਕੀਤੇ-ਰਾਣਾ
ਨੰਗਲ 01 ਅਕਤੂਬਰ ()
ਪੰਜਾਬ ਵਿਧਾਨ ਸਭਾ ਸਪੀਕਰ ਰਾਣਾ ਕੇ.ਪੀ ਸਿੰਘ ਨੇ ਨੰਗਲ ਸ਼ਹਿਰ ਵਿਚ ਕਰੋੜਾ ਰੁਪਏ ਦੇ ਚੱਲ ਰਹੇ ਵਿਕਾਸ ਕਾਰਜਾਂ ਦਾ ਜਾਇਜਾ ਲੈਣ ਉਪਰੰਤ ਕਿਹਾ ਕਿ ਬਰਾਰੀ ਵਿਚ ਉਸਾਰਿਆ ਗਿਆ ਆਧੁਨਿਕ ਕਮਿਊਨਿਟੀ ਸੈਂਟਰ ਅਗਾਮੀ 25 ਅਕਤੂਬਰ ਨੂੰ ਲੋਕ ਅਰਪਣ ਕਰ ਦਿੱਤਾ ਜਾਵੇਗਾ। ਉਨ੍ਹਾਂ ਨੇ ਬਰਾਰੀ ਵਿਚ ਉਸਾਰੇ ਜਾ ਰਹੇ ਫਲਾਈ ਓਵਰ ਦਾ ਜਾਇਜਾ ਲੈਣ ਉਪਰੰਤ ਦੱਸਿਆ ਕਿ ਇਸ ਫਲਾਈ ਓਵਰ ਦੇ ਨਿਰਮਾਣ ਨਾਲ ਇਸ ਖੇਤਰ ਦੇ ਲੋਕਾਂ ਨੂੰ ਆਵਾਜਾਈ ਦੀ ਸਮੱਸਿਆ ਤੋ ਪੱਕੇ ਤੌਰ ਤੇ ਨਿਜਾਤ ਮਿਲੇਗੀ ਅਤੇ ਇਸ ਖੇਤਰ ਵਿਚ ਸੁਚਾਰੂ ਆਵਾਜਾਈ ਬਹਾਲ ਹੋਵੇਗੀ।
ਰਾਣਾ ਕੇ.ਪੀ ਸਿੰਘ ਅੱਜ ਆਪਣੇ ਨੰਗਲ ਦੌਰੇ ਦੌਰਾਨ ਵੱਖ ਵੱਖ ਵਿਕਾਸ ਪ੍ਰੋਜੈਕਟਾਂ ਦੇ ਚੱਲ ਰਹੇ ਕੰਮਾਂ ਦਾ ਜਾਇਜਾ ਲੈਣ ਲਈ ਇਥੇ ਪੁੱਜੇ ਸਨ। ਉਨ੍ਹਾਂ ਨੇ ਕਿਹਾ ਕਿ ਜਿਲ੍ਹਾ ਰੂਪਨਗਰ ਦਾ ਬਿਹਤਰੀਨ ਆਧੁਨਿਕ ਕਮਿਊਨਿਟੀ ਸੈਂਟਰ ਜੋ ਕਿ ਬਣ ਕੇ ਲਗਭਗ ਤਿਆਰ ਹੋ ਚੁੱਕਾ ਹੈ। ਉਸ ਉਤੇ 4.72 ਕਰੌੜ ਰੁਪਏ ਦੇ ਲਗਭਗ ਲਾਗਤ ਆਈ ਹੈ, ਇਸ ਨੂੰ ਅੰਤਿਮ ਛੋਹਾ ਦਿੱਤੀਆ ਜਾ ਰਹੀਆਂ ਹਨ ਅਤੇ ਅਗਾਮੀ 25 ਅਕਤੂਬਰ ਤੱਕ ਮੁਕੰਮਲ ਕਰਕੇ ਲੋਕ ਅਰਪਣ ਕਰ ਦਿੱਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਮਨਮੋਹਕ ਵਾਤਾਵਰਣ ਵਿਚ ਸਥਿਤ ਸਤਲੁਜ ਨੇੜੇ ਉਸਾਰੇ ਇਸ ਕਮਿਊਨਿਟੀ ਸੈਂਟਰ ਵਿਚ ਸਾਰਿਆ ਸੁਵਿਧਾਵਾ ਉਪਲੱਬਧ ਕਰਵਾਈਆ ਗਈਆਂ ਹਨ। ਇਹ ਕਮਿਊਨਿਟੀ ਸੈਟਰ ਨਗਰ ਕੋਸਲ ਨੰਗਲ ਵਲੋ ਉਸਾਰਿਆ ਗਿਆ ਹੈ, ਜੋ ਕਿ ਰੂਪਨਗਰ ਜਿਲ੍ਹੇ ਦਾ ਇੱਕ ਸ਼ਾਨਦਾਰ ਕਮਿਊਨਿਟੀ ਸੈਂਟਰ ਹੈ। ਇਸ ਖੇਤਰ ਦੇ ਲੋਕਾਂ ਲਈ ਇਹ ਕਮਿਊਨਿਟੀ ਸੈਂਟਰ ਸਮਾਜਿਕ ਸਮਾਗਮਾਂ ਲਈ ਵਰਦਾਨ ਸਿੱਧ ਹੋਵੇਗਾ।
ਬਰਾਰੀ ਫਲਾਈ ਓਵਰ ਦਾ ਦੌਰਾ ਕਰਨ ਉਪਰੰਤ ਰਾਣਾ ਕੇ.ਪੀ ਸਿੰਘ ਨੇ ਕਿਹਾ ਕਿ ਇਸ ਦਾ ਨਿਰਮਾਣ ਮੁਕੰਮਲ ਹੋਣ ਨਾਲ ਇਸ ਖੇਤਰ ਦੇ ਲੋਕਾਂ ਨੂੰ ਸੁਚਾਰੂ ਆਵਾਜਾਈ ਦੀ ਸਹੂਲਤ ਮਿਲੇਗੀ, ਰੇਲਵੇ ਕਰਾਸਿੰਗ, ਰੇਲਵੇ ਫਾਟਕ, ਰੇਲ ਲਾਈਨ ਰਾਹੀ ਆਰ ਪਾਰ ਜਾਣਾ ਬੰਦ ਹੋ ਜਾਵੇਗਾ। ਇਹ ਫਲਾਈ ਓਵਰ ਲੋਕਾਂ ਦੀ ਇੱਕ ਵੱਡੀ ਮੁਸ਼ਕਿਲ ਦਾ ਹੱਲ ਕਰੇਗਾ। ਉਨ੍ਹਾਂ ਦੱਸਿਆ ਕਿ ਇਸ ਫਲਾਈ ਓਵਰ ਦੇ ਨਿਰਮਾਣ ਉਤੇ 4.85 ਕਰੌੜ ਰੁਪਏ ਖਰਚ ਆਉਣਗੇ। ਇਸ ਤੋ ਪਹਿਲਾ 1.18 ਕਰੋੜ ਰੁਪਏ ਦੀ ਲਾਗਤ ਨਾਲ ਉਸਾਰੇ ਪਰਸ਼ੂਰਾਮ ਭਵਨ ਨੂੰ ਲੋਕ ਅਰਪਣ ਕੀਤਾ ਗਿਆ ਹੈ।
ਰਾਣਾ ਕੇ.ਪੀ ਸਿੰਘ ਨੇ ਕਿਹਾ ਕਿ ਮੋਜੂਦਾ ਸਰਕਾਰ ਨੇ ਸ੍ਰੀ ਅਨੰਦਪੁਰ ਸਾਹਿਬ ਹਲਕੇ ਦਾ ਸਰਵਪੱਖੀ ਵਿਕਾਸ ਕਰਵਾਇਆ ਹੈ। ਕਰੋੜਾ ਰੁਪਏ ਹਲਕੇ ਦੇ ਪਿੰਡਾਂ ਅਤੇ ਸ਼ਹਿਰਾ ਉਤੇ ਖਰਚ ਕੀਤੇ ਹਨ। ਸ੍ਰੀ ਅਨੰਦਪੁਰ ਸਾਹਿਬ, ਨੰਗਲ ਵਿਚ ਪੱਕੀ ਅਨਾਜ ਮੰਡੀ ਦਾ ਫੜ, ਸਬਜੀ ਮੰਡੀ ਦਾ ਫੜ ਉਸਾਰਿਆ ਜਾ ਰਿਹਾ ਹੈ। ਸ਼ਹਿਰ ਦੇ ਸਾਰੇ ਵੱਡੇ ਪ੍ਰੋਜੈਕਟ ਮੋਜੂਦਾ ਸਰਕਾਰ ਦੇ ਕਾਰਜਕਾਲ ਵਿਚ ਹੀ ਬਣਾਏ ਗਏ ਹਨ। ਉਨ੍ਹਾਂ ਕਿਹਾ ਕਿ ਵਿਕਾਸ ਦਾ ਹਰ ਵਾਅਦਾ ਪੂਰਾ ਕੀਤਾ ਹੈ, ਕੋਵਿਡ ਕਾਲ ਦੌਰਾਨ ਵੀ ਵਿਕਾਸ ਦੀ ਰਫਤਾਰ ਵਿਚ ਕੋਈ ਕਮੀ ਨਹੀ ਆਉਣ ਦਿੱਤੀ ਗਈ।ਉਨ੍ਹਾਂ ਨੇ ਆਪਣੇ ਨਾਲ ਆਏ ਨੰਗਲ ਦੇ ਦਰਜਨਾ ਪਤਵੰਤਿਆ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਸੂਬਾ ਸਰਕਾਰ ਅਤੇ ਪ੍ਰਸਾਸ਼ਨ ਨੂੰ ਸਹਿਯੋਗ ਦੇ ਕੇ ਸਾਡੇ ਵਰਕਰਾ ਨੇ ਕਰੋਨਾ ਦੀ ਜੰਗ ਨੂੰ ਫਤਿਹ ਕਰਨ ਵਿਚ ਵੱਡੀ ਭੂਮਿਕਾ ਨਿਭਾਈ ਹੈ। ਸਾਡੇ ਸਾਥੀਆ ਨੇ ਹਰ ਲੋੜਵੰਦ ਦੇ ਘਰ ਤੱਕ ਰਾਸ਼ਨ, ਦਵਾਈ, ਫਲ, ਸਬਜੀ ਤੇ ਜਰੂਰਤ ਦਾ ਹਰ ਸਮਾਨ ਪਹੁੰਚਾਇਆ ਹੈ। ਲੋਕਾਂ ਦੀ ਸੇਵਾ ਦੀ ਭਾਵਨਾ ਨਾਲ ਸਾਡੀ ਸਾਰੀ ਟੀਮ ਨੇ ਦਿਨ ਰਾਤ ਯਤਨ ਕੀਤੇ ਹਨ। ਉਨ੍ਹਾਂ ਕਿਹਾ ਕਿ ਮੇਰੇ ਸਾਥੀ ਇਸ ਦੇ ਲਈ ਵਧਾਈ ਦੇ ਪਾਤਰ ਹਨ। ਜਿਨ੍ਹਾਂ ਨੇ ਹਰ ਮੁਕਾਮ ਤੇ ਲੋਕਾਂ ਦੀ ਸੇਵਾ ਨੂੰ ਤਰਜੀਹ ਦਿੱਤੀ ਹੈ। ਉਨ੍ਹਾਂ ਮੁੜ ਦੁਹਰਾਇਆ ਕਿ ਵਿਕਾਸ ਸਾਡਾ ਏਜੰਡਾ ਰਿਹਾ ਹੈ। ਵਿਕਾਸ ਦਾ ਹਰ ਵਾਅਦਾ ਸਾਡੇ ਲਈ ਪਵਿੱਤਰ ਸੁਗੰਧ ਹੈ ਅਤੇ ਹਰ ਵਾਅਦਾ ਪੂਰਾ ਕੀਤਾ ਹੈ। ਚੱਲ ਰਹੇ ਸਾਰੇ ਵਿਕਾਸ ਦੇ ਕੰਮ ਜਲਦੀ ਮੁਕੰਮਲ ਕਰਕੇ ਲੋਕ ਅਰਪਣ ਕਰਨ ਲਈ ਅਧਿਕਾਰੀਆਂ ਨੂੰ ਦਿਸ਼ਾ ਨਿਰਦੇਸ਼ ਜਾਰੀ ਕਰ ਦਿੱਤੇ ਹਨ।
ਇਸ ਮੌਕੇ ਨਗਰ ਕੋਸਲ ਪ੍ਰਧਾਨ ਸੰਜੇ ਸਾਹਨੀ, ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਰਾਕੇਸ ਨਈਅਰ, ਕੋਸਲ ਉਪ ਪ੍ਰਧਾਨ ਅਨੀਤਾ ਸ਼ਰਮਾ, ਈ.ਓ ਮਨਜਿੰਦਰ ਸਿੰਘ, ਐਮ.ਈ ਯੁੱਧਵੀਰ ਸਿੰਘ, ਪਾਰਸ਼ਦ ਸੁਰਿੰਦਰ ਸਿੰਘ ਪੱਮਾ, ਡਾ.ਰਵਿੰਦਰ ਦੀਵਾਨ, ਪਾਰਸ਼ਦ ਇੰਦੂ ਬਾਲਾ, ਪਾਰਸ਼ਦ ਵੀਨਾ ਐਰੀ, ਸੁਨੀਲ ਸ਼ਰਮਾ ਪਾਰਸ਼ਦ, ਟੋਨੀ ਸਹਿਗਲ, ਦੀਪਕ ਨੰਦਾ, ਉਮਾਕਾਂਤ ਸ਼ਰਮਾ, ਅਨੀਤਾ ਬਾਲਾ ਆਦਿ ਹਾਜ਼ਰ ਸਨ।
ਤਸਵੀਰ- ਸਪੀਕਰ ਰਾਣਾ ਕੇ.ਪੀ ਸਿੰਘ ਬਰਾਰੀ ਨੰਗਲ ਵਿਚ ਕਮਿਊਨਿਟੀ ਸੈਂਟਰ ਅਤੇ ਫਲਾਈ ਓਵਰ ਦਾ ਜਾਇਜਾ ਲੈਦੇ ਹੋਏ।