*ਸਾਂਝੇ ਫਰੰਟ ਨਾਲ ਮੀਟਿੰਗ ਤੋਂ ਭੱਜੇ ਮੁੱਖ ਮੰਤਰੀ ਦੀ ਅਰਥੀ ਫੂਕੀ*
*16 ਅਕਤੂਬਰ ਨੂੰ ਮੋਰਿੰਡਾ ਵਿਖੇ ਸੂਬਾ ਪੱਧਰੀ ਰੈਲੀ ਅਤੇ ਲਗਾਤਾਰ ਪੱਕੇ ਮੋਰਚੇ ਦਾ ਐਲਾਨ*
ਨਵਾਂ ਸ਼ਹਿਰ 6 ਅਕਤੂਬਰ ( ) ਪੰਜਾਬ-ਯੂ.ਟੀ. ਮੁਲਾਜ਼ਮ ਅਤੇ ਪੈਨਸ਼ਨਰ ਸਾਂਝਾ ਫਰੰਟ ਨੂੰ ਮੁੱਖ ਮੰਤਰੀ ਨਾਲ ਮੀਟਿੰਗ ਦੇ ਮਿਲੇ ਸੱਦਾ ਪੱਤਰ ਤੇ ਸਾਂਝਾ ਫਰੰਟ ਦਾ ਵਫਦ 3 ਅਕਤੂਬਰ ਨੂੰ ਮੋਰਿੰਡਾ ਵਿਖੇ ਮੀਟਿੰਗ ਲਈ ਪਹੁੰਚਿਆ ਪ੍ਰੰਤੂ ਪੁਲਿਸ ਤੇ ਸਿਵਲ ਪ੍ਰਸ਼ਾਸਨ ਵੱਲੋਂ ਲੱਗਭਗ 3 ਘੰਟੇ ਦੀ ਉਡੀਕ ਬਾਅਦ ਵਫਦ ਨੂੰ ਮੁੱਖ ਮੰਤਰੀ ਨਾਲ ਮਿਲਾਇਆ। ਮੁੱਖ ਮੰਤਰੀ ਵੱਲੋਂ ਵਫਦ ਨਾਲ ਮੰਗਾਂ ਤੇ ਵਿਸਥਾਰ ਨਾਲ ਗੱਲ ਕਰਨ ਦੀ ਬਜਾਏ ਖੜੇ-ਖੜੇ 3-4 ਮਿੰਟ ਗੱਲਬਾਤ ਕੀਤੀ, ਗੱਲਬਾਤ ਦੌਰਾਨ ਜਦੋਂ ਵਫਦ ਵੱਲੋਂ ਸਾਂਝੀਆਂ ਮੰਗਾਂ ਤੇ ਗੱਲ ਕਰਨ ਦਾ ਯਤਨ ਕੀਤਾ ਤਾਂ ਮੁੱਖ ਮੰਤਰੀ ਵੱਲੋਂ ਇਹ ਕਹਿ ਕੇ ਪੱਲਾ ਝਾੜਿਆ ਗਿਆ ਕਿ ਆਪਣੀ ਕੋਈ ਨਿੱਜੀ ਮੰਗ ਹੈ ਤਾਂ ਮੇਰੇ ਤੋਂ ਹੁਣੇ ਹੀ ਕਰਵਾ ਲਵੋ। ਸਾਂਝੀਆਂ ਮੰਗਾਂ ਤੇ ਮੁੱਖ ਮੰਤਰੀ ਵੱਲੋਂ ਕੋਈ ਹਾਂ ਪੱਖੀ ਹੁੰਗਾਰਾ ਨਾ ਭਰਨ ਤੇ ਮੁਲਾਜ਼ਮ ਗੁੱਸੇ ਵਿੱਚ ਵਾਪਿਸ ਪਰਤੇ। ਸਾਂਝੇ ਫਰੰਟ ਵੱਲੋਂ ਮੁੱਖ ਮੰਤਰੀ ਦੇ ਮੁਲਾਜ਼ਮ/ ਪੈਨਸ਼ਨਰ ਵਿਰੋਧੀ ਵਤੀਰੇ ਦੀ ਸਖਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਅਤੇ ਫੈਸਲਾ ਕੀਤਾ ਕਿ ਪੰਜਾਬ ਵਿੱਚ 5 ਤੋਂ 8 ਅਕਤੂਬਰ ਤੱਕ ਸੂਬੇ ਅੰਦਰ ਵੱਖ-ਵੱਖ ਸਥਾਨਾਂ ਤੇ ਮੁੱਖ ਮੰਤਰੀ ਦਾ ਪੁਤਲਾ ਸਾੜਨ ਦੇ ਸੱਦੇ ਤੇ ਅੱਜ ਨਵਾਂਸ਼ਹਿਰ ਦੇ ਡਿਪਟੀ ਕਮਿਸ਼ਨਰ ਦਫਤਰ ਸਾਹਮਣੇ ਜ਼ਿਲ੍ਹਾ ਕਨਵੀਨਰ ਕਰਨੈਲ ਸਿੰਘ ਰਾਹੋਂ, ਜੀਤ ਲਾਲ ਗੋਹਲੜੋਂ, ਅਜੀਤ ਸਿੰਘ ਬਰਨਾਲਾ, ਮੁਲਖ ਰਾਜ ਸ਼ਰਮਾ ਅਤੇ ਅਜੇ ਕੁਮਾਰ ਦੀ ਅਗਵਾਈ ਵਿੱਚ ਯੂ ਪੀ ਦੇ ਲਖੀਮਪੁਰ ਖੇੜੀ ਦੇ ਸ਼ਹੀਦ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਬਾਅਦ ਰੋਸ ਰੈਲੀ ਕੀਤੀ ਗਈ ਅਤੇ ਮੁੱਖ ਮੰਤਰੀ ਦਾ ਪੁਤਲਾ ਫੂਕਿਆ ਗਿਆ।
ਰੋਸ ਰੈਲੀ ਨੂੰ ਸੰਬੋਧਨ ਕਰਨੇ ਕਰਦਿਆਂ ਕੁਲਦੀਪ ਸਿੰਘ ਦੌੜਕਾ, ਸੁਰਿੰਦਰਪਾਲ ਆਦਿ ਨੇ ਕਿਹਾ ਕਿ 16 ਅਕਤੂਬਰ ਨੂੰ ਮੁਲਾਜ਼ਮ / ਪੈਨਸ਼ਨਰਜ਼ ਦੀਆਂ ਮੰਗਾਂ ਦੀ ਪ੍ਰਾਪਤੀ ਲਈ ਅਤੇ ਮੁੱਖ ਮੰਤਰੀ ਨੂੰ ਸਬਕ ਸਿਖਾਉਣ ਵਾਸਤੇ ਸੂਬਾ ਪੱਧਰੀ ਰੈਲੀ ਉਪਰੰਤ ਮੁੱਖ ਮੰਤਰੀ ਦੀ ਕੋਠੀ ਦਾ ਘਿਰਾਓ ਕੀਤਾ ਜਾਵੇਗਾ ਅਤੇ 16 ਅਕਤੂਬਰ ਤੋਂ ਹੀ ਮੋਰਿੰਡਾ ਵਿਖੇ ਪੱਕਾ ਮੋਰਚਾ ਲਗਾ ਦਿੱਤਾ ਜਾਵੇਗਾ ਜੋ ਕਿ ਮੰਗਾਂ ਦੀ ਪ੍ਰਾਪਤੀ ਜਾਂ ਫਿਰ ਪੰਜਾਬ ਸਰਕਾਰ ਨੂੰ ਚੱਲਦਾ ਕਰਨ ਤੱਕ ਜਾਰੀ ਰਹੇਗਾ। ਇਸ ਪੱਕੇ ਮੋਰਚੇ ਦੌਰਾਨ ਮੁੱਖ ਮੰਤਰੀ ਦੇ ਵਿਧਾਨ ਸਭਾ ਹਲਕਾ ਚਮਕੌਰ ਸਾਹਿਬ ਦੇ ਪਿੰਡਾਂ / ਕਸਬਿਆਂ ਅੰਦਰ ਝੰਡਾ ਮਾਰਚ ਕੀਤਾ ਜਾਵੇਗਾ। ਇੱਥੇ ਵਰਨਣ ਯੋਗ ਹੈ ਕਿ ਮੁਲਾਜ਼ਮ/ਪੈਨਸ਼ਨਰ ਪਿਛਲੇ ਲੰਬੇ ਸਮੇਂ ਤੋਂ ਤਨਖਾਹ ਕਮਿਸ਼ਨ ਦੀ ਤਰੁੱਟੀਆਂ ਦੂਰ ਕਰਵਾਉਣ, ਪੈਨਸ਼ਨਰ ਦਾ ਨੋਟੀਫਿਕੇਸ਼ਨ ਜਾਰੀ ਕਰਵਾਉਣ, ਹਰ ਤਰ੍ਹਾਂ ਦੇ ਕੱਚੇ ਮੁਲਾਜ਼ਮ ਪੱਕੇ ਕਰਵਾਉਣ, ਮਾਣ ਭੱਤਾ /ਇੰਨਸੈਂਟਿਵ ਮੁਲਾਜ਼ਮਾਂ ਤੇ ਘੱਟੋ-ਘੱਟ ਤਨਖਾਹ ਲਾਗੂ ਕਰਵਾਉਣ, ਪੁਰਾਣੀ ਪੈਂਨਸ਼ਨ ਬਹਾਲ ਕਰਵਾਉਣ, ਮੁਲਾਜ਼ਮ / ਪੈਨਸ਼ਨਰ ਵਿਰੋਧੀ ਪੱਤਰ ਰੱਦ ਕਰਵਾਉਣ ਆਦਿ ਮੰਗਾਂ ਲਈ ਲਗਾਤਾਰ ਸੰਘਰਸ਼ ਕਰ ਰਹੇ ਹਨ।
ਇਸ ਮੌਕੇ ਸੋਮ ਲਾਲ, ਗੁਰਦਿਆਲ ਸਿੰਘ, ਰਾਮਪਾਲ, ਬਲਬੀਰ ਕੁਮਾਰ, ਰਾਮ ਸਿੰਘ, ਰੇਸ਼ਮ ਲਾਲ, ਹਰਭਜਨ ਸਿੰਘ ਭਾਵੜਾ, ਅਸ਼ੋਕ ਕੁਮਾਰ, ਰਾਵਲ ਸਿੰਘ, ਨਿਰਮਲ ਸਿੰਘ, ਤਰਸੇਮ ਲਾਲ, ਅਜੀਤ ਕੁਮਾਰ, ਗੁਰਚਰਨ ਸਿੰਘ, ਆਦਿ ਹਾਜ਼ਰ ਸਨ।