ਮੁੱਖ ਮੰਤਰੀ ਨੇ 60 ਕਰੋੜ ਦੀ ਲਾਗਤ ਦੇ ਵਿਕਾਸ ਪ੍ਰੋਜੈਕਟਾਂ ਦੇ ਰੱਖੇ ਨੀਂਹ ਪੱਥਰ

 ਮੁੱਖ ਮੰਤਰੀ ਨੇ 60 ਕਰੋੜ ਦੀ ਲਾਗਤ ਦੇ ਵਿਕਾਸ ਪ੍ਰੋਜੈਕਟਾਂ ਦੇ ਰੱਖੇ ਨੀਂਹ ਪੱਥਰ



ਲੋਕਾਂ ਦੀ ਚੰਗੀ ਸਿਹਤ ਲਈ ਸੂਬੇ ਭਰ ਵਿਚ ਪਾਰਕ ਬਣਾਉਣ ਦਾ ਕੀਤਾ ਐਲਾਨ


ਰਾਜ ਦੇ ਲੋਕਾਂ ਨੂੰ ਦੁਸ਼ਹਿਰੇ ਦੀਆਂ ਦਿੱਤੀਆਂ ਸ਼ੁੱਭ ਕਾਮਨਾਵਾਂ


ਸ਼ਹੀਦ ਸੰਦੀਪ ਸਿੰਘ ਚੌਂਕ ਲੋਕ ਅਰਪਿਤ


ਚਿਰਸਥਾਈ ਸ਼ਹਿਰੀ ਵਿਕਾਸ ਨੂੰ ਦੱਸਿਆ ਤਰਜ਼ੀਹ


ਮੁੱਖ ਮੰਤਰੀ ਵਲੋਂ ਬਿਜਲੀ ਬਿੱਲ ਬਕਾਏ ਮੁਆਫ਼ ਕਰਨ ਦੀ ਵਿੱਤ ਮੰਤਰੀ  ਨੇ ਕੀਤੀ ਸ਼ਲਾਘਾ

ਬਠਿੰਡਾ 15 ਅਕਤੂਬਰ

ਸ਼ਹਿਰੀ ਬੁਨਿਆਦੀ ਢਾਂਚੇ ਦੀ ਸਰਵਪੱਖੀ ਉੱਨਤੀ ਲਈ ਯੋਜਨਾਬੱਧ ਵਿਕਾਸ ਤੇ ਜ਼ੋਰ ਦਿੰਦਿਆਂ ਪੰਜਾਬ ਦੇ ਮੁੱਖ ਮੰਤਰੀ ਸ. ਚਰਨਜੀਤ ਸਿੰਘ ਚੰਨੀ ਨੇ ਸ਼ੁੱਕਰਵਾਰ ਨੂੰ ਐਲਾਨ ਕੀਤਾ ਕਿ ਆਧੁਨਿਕ ਦੌਰ ਦੀ ਭੱਜ-ਦੌੜ ਵਾਲੀ ਜੀਵਨਸ਼ੈਲੀ ਵਿਚ ਲੋਕਾਂ ਨੂੰ ਚੰਗੀ ਸਿਹਤ ਨਾਲ ਜੋੜਨ ਲਈ ਸੂਬੇ ਭਰ ਵਿਚ ਪਾਰਕ ਵਿਕਸ਼ਿਤ ਕੀਤੇ ਜਾਣਗੇ। ਉਨ੍ਹਾਂ ਨੇ ਇਹ ਗੱਲ ਆਪਣੇ ਬਠਿੰਡਾ ਦੌਰੇ ਦੌਰਾਨ ਵਿੱਤ ਮੰਤਰੀ ਸ. ਮਨਪ੍ਰੀਤ ਸਿੰਘ ਬਾਦਲ ਵਲੋਂ ਬਠਿੰਡਾ ਬ੍ਰਾਂਚ ਨਹਿਰ ਦੇ ਨਾਲ-ਨਾਲ ਪਾਰਕ ਬਣਾਉਣ ਦੀ ਰੱਖੀ ਮੰਗ ਦੇ ਸੰਦਰਭ ਵਿਚ ਕਹੀ।

          ਮੁੱਖ ਮੰਤਰੀ ਨੇ ਬੁਰਾਈ ਤੇ ਇਛਾਈ ਦੀ ਜਿੱਤ ਦੇ ਪ੍ਰਤੀਕ ਦੁ਼ਸ਼ਹਿਰੇ ਦੇ ਤਿਉਹਾਰ ਮੌਕੇ ਰਾਜ ਦੇ ਲੋਕਾਂ ਨੂੰ ਆਪਣੀਆਂ ਸ਼ੁਭ ਕਾਮਨਾਵਾਂ ਦਿੰਦਿਆਂ ਕਿਹਾ ਕਿ ਸ਼ਹਿਰੀ ਵਿਕਾਸ ਉਨ੍ਹਾਂ ਦੀ ਸਰਕਾਰ ਦੀ ਪ੍ਰਮੁੱਖ ਤਰਜ਼ੀਹ ਹੈ ਅਤੇ ਇਸ ਲਈ ਉਨ੍ਹਾਂ ਕੋਲ ਵਿਕਾਸ ਦਾ ਪੂਰਾ ਖ਼ਾਕਾ ਹੈ, ਜਿਸ ਵਿਚ ਸੀਵਰੇਜ਼ ਸਿਸਟਮ, ਵਧੀਆ ਮਾਰਕਿੱਟਾਂ ਅਤੇ ਪਾਰਕਾਂ ਆਦਿ ਹੋਣ ਜਿਸ ਨੂੰ ਆਉਣ ਵਾਲੇ ਸਮੇਂ ਵਿਚ ਪੂਰਾ ਕੀਤਾ ਜਾਵੇਗਾ। ਮੁੱਖ ਮੰਤਰੀ ਨੇ ਕਿਹਾ ਕਿ ਸਰਕਾਰ ਦੀਆਂ ਸਕੀਮਾਂ ਦਾ ਲਾਭ ਹਰ ਇੱਕ ਲੋੜਵੰਦ ਨੂੰ ਬਿਨਾਂ ਕਿਸੇ ਮੁਸ਼ਕਿਲ ਅਤੇ ਬਿਨਾਂ ਕਿਸੇ ਦੇਰੀ ਦੇ ਮਿਲਣਾ ਚਾਹੀਦਾ ਹੈ।

           ਇੱਥੇ ਪਰਸਰਾਮ ਨਗਰ ਵਿਚ ਸ਼ਹੀਦ ਸਿਪਾਹੀ ਸੰਦੀਪ ਸਿੰਘ ਦੀ ਯਾਦ ਵਿਚ ਬਣਾਏ ਚੌਂਕ ਨੂੰ ਲੋਕ ਸਪਰਪਿਤ ਕਰਦਿਆਂ ਸ਼ਹੀਦ ਨਿਮਿੱਤ ਆਪਣੀ ਸ਼ਰਧਾਂਜ਼ਲੀ ਭੇਂਟ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਦੇਸ਼ ਲਈ 2 ਅਗਸਤ 1999 ਨੂੰ ਸੂਰਨਕੋਟ, ਜੰਮੂ ਕਸ਼ਮੀਰ ਵਿਖੇ ਆਪਣਾ ਸਰਵ ਉੱਚ ਬਲੀਦਾਨ ਦੇਣ ਵਾਲੇ ਸੰਦੀਪ ਸਿੰਘ ਦੇ ਮਾਤਾ-ਪਿਤਾ ਨੂੰ ਮਿਲ ਕੇ ਆਸ਼ੀਰਵਾਦ ਲੈਣਾ ਉਨ੍ਹਾਂ ਲਈ ਇੱਕ ਭਾਵੁਕ ਪਲ ਹੈ। ਇਸ ਮੌਕੇ ਸ. ਚੰਨੀ ਨੇ ਸੈਨਿਕਾਂ ਅਤੇ ਅਧਿਆਪਕਾਂ ਦੇ ਸਮਾਜ ਪ੍ਰਤੀ ਯੋਗਦਾਨ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਹ ਇੱਕ ਪਾਸੇ ਜਿੱਥੇ ਆਪਣੇ ਦਿਲ ਵਿਚ ਦੇਸ਼ ਭਗਤੀ ਦੀ ਭਾਵਨਾ ਰੱਖਦੇ ਹਨ, ਉੱਥੇ ਹੀ ਰਾਸ਼ਟਰ ਨਿਰਮਾਣ ਵਿਚ ਆਪਣੀ ਭੂਮਿਕਾ ਨਿਭਾਉਂਦੇ ਹਨ।

          ਇਸ ਮੌਕੇ ਬੋਲਦਿਆਂ ਜਿੱਥੇ ਵਿੱਤ ਮੰਤਰੀ ਸ. ਮਨਪ੍ਰੀਤ ਸਿੰਘ ਬਾਦਲ ਨੇ ਲੋਕਾਂ ਨੂੰ ਦੁਸ਼ਹਿਰੇ ਦੀਆਂ ਸ਼ੁੱਭ ਕਾਮਨਾਵਾਂ ਦਿੱਤੀਆਂ ਉੱਥੇ ਹੀ ਉਨ੍ਹਾਂ ਪਿਛਲੇ ਦਿਨੀਂ ਕਸ਼ਮੀਰ ਵਿਚ ਸ਼ਹੀਦ ਹੋਏ 5 ਜਵਾਨਾਂ ਦੀ ਸ਼ਹਾਦਤ ਨੂੰ ਵੀ ਨਮਨ ਕੀਤਾ। ਉਨ੍ਹਾਂ ਕਿਹਾ ਕਿ ਬੇਸ਼ੱਕ ਭਾਰਤ ਸ਼ਾਂਤੀ ਪਸੰਦ ਦੇਸ਼ ਹੈ ਪਰ ਇਸ ਨੂੰ ਕਮਜ਼ੋਰ ਸਮਝਣ ਵਾਲੇ ਦੁਸ਼ਮਣਾਂ ਦਾ ਮੂੰਹ ਤੋੜ ਜਵਾਬ ਦੇਣਾ ਵੀ ਜਾਣਦਾ ਹੈ। ਸਿੱਖ ਰੈਜੀਮੈਂਟ ਅਤੇ ਪੰਜਾਬ ਨੂੰ ਭਾਰਤੀ ਫੌਜ ਦੇ ਸਿਰ ਦਾ ਤਾਜ਼ ਦਸਦਿਆਂ ਵਿੱਤ ਮੰਤਰੀ ਨੇ ਦੇਸ਼ ਲਈ ਆਪਾ ਵਾਰਨ ਵਾਲੇ ਸ਼ਹੀਦਾਂ ਦੇ ਮਾਪਿਆਂ ਨੂੰ ਵੀ ਸਿਜ਼ਦਾ ਕੀਤਾ। ਉਨ੍ਹਾਂ ਨੇ 2 ਕਿਲੋ ਵਾਟ ਤੱਕ ਦੇ ਬਿਜਲੀ ਲੋਡ ਵਾਲੇ ਉਪਭੋਗਤਾਵਾਂ ਦੇ ਬਿੱਲ ਬਕਾਏ ਦੀ ਮੁਆਫ਼ੀ ਲਈ ਵੀ ਮੁੱਖ ਮੰਤਰੀ ਦਾ ਧੰਨਵਾਦ ਕੀਤਾ।

          ਇਸ ਤੋਂ ਪਹਿਲਾਂ ਮੁੱਖ ਮੰਤਰੀ ਨੇ 30 ਕਰੋੜ ਰੁਪਏ ਦੀ ਲਾਗਤ ਨਾਲ ਬਠਿੰਡਾ ਬ੍ਰਾਂਚ ਨਹਿਰ ਦੇ ਨਵੀਨੀਕਰਨ ਦੇ ਪ੍ਰੋਜੈਕਟ ਦਾ ਨੀਂਹ ਪੱਥਰ ਰੱਖਿਆ। ਉਨ੍ਹਾਂ ਨੇ ਰੋਜ਼ ਗਾਰਡਨ ਬਠਿੰਡਾ ਵਿਖੇ 2 ਏਕੜ ਵਿਚ 27.15 ਕਰੋੜ ਦੀ ਲਾਗਤ ਨਾਲ ਬਨਣ ਵਾਲੇ ਬਲਵੰਤ ਗਾਰਗੀ ਮਲਟੀਪਰਪਜ਼ ਔਡੀਟੌਰੀਅਮ ਦਾ ਨੀਂਹ ਪੱਥਰ ਵੀ ਰੱਖਿਆ, ਜਿਸ ਵਿਚ 928 ਵਿਅਕਤੀਆਂ ਦੀ ਬੈਠਣ ਦੀ ਸਮਰੱਥਾਂ ਤੋਂ ਇਲਾਵਾ 120 ਲੋਕਾਂ ਲਈ ਓਪਨ ਏਅਰ ਥੀਏਟਰ, ਕਲਾ ਅਤੇ ਪ੍ਰਦਰਸ਼ਨੀ ਹਾਲ, ਕਨਫ਼ਰੰਸ ਹਾਲ, ਸੈਮੀਨਾਰ ਹਾਲ, ਕੈਫੇਟੇਰੀਆ ਵੀ ਬਣੇਗਾ।

          ਮੁੱਖ ਮੰਤਰੀ ਨੇ ਮੈਰੀਟੋਰੀਅਸ ਸਕੂਲ ਵਿਖੇ ਸਥਾਪਿਤ ਵਿਸ਼ੇਸ਼ ਡੇਂਗੂ ਵਾਰਡ ਦਾ ਦੌਰਾ ਵੀ ਕੀਤਾ ਅਤੇ ਇੱਥੇ ਇਲਾਜ ਕਰਵਾ ਰਹੇ ਮਰੀਜ਼ਾਂ ਦਾ ਹਾਲ-ਚਾਲ ਜਾਣਿਆ। ਉਨ੍ਹਾਂ ਨੇ ਇੱਥੇ ਦਿੱਤੀਆਂ ਜਾ ਰਹੀਆਂ ਸਿਹਤ ਸਹੂਲਤਾਂ ਤੇ ਤਸੱਲੀ ਪ੍ਰਗਟਾਈ। ਇਸ ਦੌਰਾਨ ਉਨ੍ਹਾਂ ਨੇ ਵਿੱਤ ਮੰਤਰੀ ਦੀ ਇੱਥੇ ਬਨਣ ਵਾਲੀ ਰਿਹਾਇਸ਼ ਦਾ ਨੀਂਹ ਪੱਥਰ ਰੱਖਿਆ ਅਤੇ ਉਹ ਪੰਜਾਬ ਵਿਧਾਨ ਸਭਾ ਦੇ ਡਿਪਟੀ ਸਪੀਕਰ ਸ਼੍ਰੀ ਅਜਾਇਬ ਸਿੰਘ ਭੱਟੀ ਦੇ ਗ੍ਰਹਿ ਵਿਖੇ ਵੀ ਗਏ।

          ਇਸ ਮੌਕੇ ਵਿੱਤ ਮੰਤਰੀ ਸ. ਮਨਪ੍ਰੀਤ ਸਿੰਘ ਬਾਦਲ ਦੀ ਪਤਨੀ ਸ਼੍ਰੀਮਤੀ ਵੀਨੂੰ ਬਾਦਲ, ਪੰਜਾਬ ਪ੍ਰਦੇਸ਼ ਕਾਂਗਰਸ ਦੇ ਕਾਰਜਕਾਰੀ ਪ੍ਰਧਾਨ ਸ਼੍ਰੀ ਪਵਨ ਗੋਇਲ, ਸਾਬਕਾ ਮੰਤਰੀ ਸ. ਗੁਰਪ੍ਰੀਤ ਸਿੰਘ ਕਾਂਗੜ, ਸ਼੍ਰੀ ਚਿਰੰਜੀ ਲਾਲ ਗਰਗ, ਵਿਧਾਇਕ ਸ਼੍ਰੀ ਪ੍ਰੀਤਮ ਸਿੰਘ ਕੋਟਭਾਈ ਅਤੇ ਸ਼੍ਰੀ ਜਗਦੇਵ ਸਿੰਘ ਕਮਾਲੂ, ਮੁੱਖ ਮੰਤਰੀ ਦੇ ਪ੍ਰਮੁੱਖ ਸਕੱਤਰ ਸ਼੍ਰੀ ਹੁਸਨ ਲਾਲ, ਡਿਪਟੀ ਕਮਿਸ਼ਨਰ ਸ਼੍ਰੀ ਅਰਵਿੰਦ ਪਾਲ ਸਿੰਘ ਸੰਧੂ, ਐਸਐਸਪੀ ਸ਼੍ਰੀ ਅਜੈ ਮਲੂਜਾ, ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਸ਼੍ਰੀ ਰਾਜਨ ਗਰਗ, ਸੀਨੀਅਰ ਕਾਂਗਰਸੀ ਆਗੂ ਜੈਜੀਤ ਸਿੰਘ ਜੌਹਲ, ਸਾਬਕਾ ਵਿਧਾਇਕ ਸ਼੍ਰੀ ਹਰਮਿੰਦਰ ਸਿੰਘ ਜੱਸੀ, ਬਠਿੰਡਾ ਦੇ ਮੇਅਰ ਸ਼੍ਰੀਮਤੀ ਰਮਨ ਗੋਇਲ, ਸੀਨੀਅਰ ਡਿਪਟੀ ਮੇਅਰ ਸ਼੍ਰੀ ਅਸ਼ੋਕ ਪ੍ਰਧਾਨ ਵੀ ਹਾਜ਼ਰ ਸਨ। 



💐🌿Follow us for latest updates 👇👇👇

Featured post

Pay Anomaly: ਸਿੱਖਿਆ ਵਿਭਾਗ ਅਧਿਆਪਕਾਂ ਦੇ ਪੇਅ ਅਨਾਮਲੀ ਦੇ ਕੇਸਾਂ ਨੂੰ ਹੱਲ ਕਰਨ ਸਬੰਧੀ ਗਾਈਡਲਾਈਨਜ਼ ਜਾਰੀ

News Report: Punjab Education Department Order Punjab Education Department Directs DEOs to Immediately Resolve ETT Pay Anomaly ...

RECENT UPDATES

Trends