ਸ਼ਹੀਦ ਹੋਏ ਕਿਸਾਨ-ਮਜਦੂਰਾਂ ਦੇ ਪਰਿਵਾਰਕ ਮੈਂਬਰਾਂ ਨੂੰ 5-5 ਲੱਖ ਰੁਪਏ ਦੇ ਚੈੱਕ ਮਿਲਣ ਉਪਰੰਤ ਧਰਨਾ ਸਮਾਪਤ
ਕਿਸਾਨਾਂ ਦਾ ਸੰਘਰਸ਼ ਰੰਗ ਲਿਆਇਆ: ਕਿਸਾਨ ਆਗੂ
ਭਵਾਨੀਗੜ੍ਹ, 6 ਅਕਤੂਬਰ, 2021: ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਵੱਲੋਂ ਐੱਸਡੀਐੱਮ ਦਫਤਰ ਭਵਾਨੀਗੜ੍ਹ ਅੱਗੇ ਲਗਾਤਾਰ 6 ਦਿਨਾਂ ਤੋਂ ਚੱਲ ਰਿਹਾ ਧਰਨਾ ਅੱਜ ਤਿੰਨ ਸ਼ਹੀਦ ਕਿਸਾਨਾਂ ਦੇ ਪਰਿਵਾਰਾਂ ਨੂੰ 5-5 ਲੱਖ ਰੁਪਏ ਦੇ ਚੈੱਕ ਮਿਲਣ ਉਪਰੰਤ ਸਮਾਪਤ ਕਰ ਦਿੱਤਾ ਗਿਆ।
ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਅਗਵਾਈ ਹੇਠ ਬਠਿੰਡਾ-ਚੰਡੀਗੜ੍ਹ ਨੈਸ਼ਨਲ ਹਾਈਵੇਅ ’ਤੇ ਜਾਮ ਲਗਾ ਕੇ ਬੈਠ ਗਏ ਅਤੇ ਦੁਪਿਹਰ ਐੱਸਡੀਐੱਮ ਦਫ਼ਤਰ ਨੂੰ ਚਾਰੇ ਪਾਸਿਉਂ ਘੇਰ ਕੇ ਚੰਡੀਗੜ੍ਹ-ਬਠਿੰਡਾ ਨੈਸ਼ਨਲ ਹਾਈਵੇ ਤੇ ਪੂਰਾ ਚੱਕਾ ਜਾਮ ਕਰਨ ਤੋਂ ਬਾਅਦ ਆਖ਼ਿਰਕਾਰ ਜ਼ਿਲ੍ਹਾ ਪ੍ਰਸ਼ਾਸਨ ਸੰਗਰੂਰ ਵੱਲੋਂ ਖੇਤੀ ਕਾਨੂੰਨ ਵਿਰੁੱਧ ਸੰਘਰਸ਼ ਵਿੱਚ ਸ਼ਹੀਦ ਹੋਏ ਭਵਾਨੀਗੜ੍ਹ ਬਲਾਕ ਦੇ ਤਿੰਨ ਕਿਸਾਨਾਂ ਮਜ਼ਦੂਰਾਂ ਦੇ ਪਰਿਵਾਰਾਂ ਨੂੰ 5-5 ਲੱਖ ਰੁਪਏ ਦੀ ਵਿੱਤੀ ਸਹਾਇਤਾ ਦੇ ਚੈੱਕ ਦਿੱਤੇ ਗਏ।
ਇਹ ਚੈੱਕ ਨਾਇਬ ਤਹਿਸੀਲਦਾਰ ਭਵਾਨੀਗੜ੍ਹ ਰਾਜੇਸ਼ ਆਹੂਜਾ ਵੱਲੋਂ ਪਿੰਡ ਰਾਜਪੁਰਾ ਦੇ ਮ੍ਰਿਤਕ ਕਿਸਾਨ ਬਲਵਿੰਦਰ ਸਿੰਘ, ਪਿੰਡ ਕਾਲਾਝਾੜ ਦੇ ਖੇਤ ਮਜ਼ਦੂਰ ਮੇਵਾ ਸਿੰਘ ਅਤੇ ਪਿੰਡ ਫੁੰਮਣਵਾਲ ਦੇ ਖੇਤ ਮਜ਼ਦੂਰ ਮੱਘਰ ਸਿੰਘ ਦੇ ਪਰਿਵਾਰਕ ਮੈਂਬਰਾਂ ਨੂੰ ਸਪੁਰਦ ਕੀਤੇ ਗਏ।
ਇਸ ਮੌਕੇ ਕਿਸਾਨ ਆਗੂਆਂ ਨੇ ਕਿਹਾ ਕਿ ਲੱਖਾਂ ਕਿਸਾਨਾਂ-ਮਜ਼ਦੂਰਾਂ ਨੇ ਦਿੱਲੀ ਵਿਖੇ ਮੋਦੀ ਸਰਕਾਰ ਦੇ ਖਿਲਾਫ਼ ਧਰਨੇ ਲਗਾ ਕੇ ਆਪਣੀ ਆਵਾਜ਼ ਨੂੰ ਬੁਲੰਦ ਕੀਤਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵਲੋ ਮ੍ਰਿਤਕ ਕਿਸਾਨਾਂ ਦੇ ਪਰਿਵਾਰਕ ਮੈਂਬਰਾਂ ਨੂੰ ਨੌਕਰੀ ਦੇਣ ਦਾ ਵਾਅਦਾ ਜਲਦ ਪੂਰਾ ਕਰੇ।
ਇਸ ਮੌਕੇ ਕਿਸਾਨ ਆਗੂਆਂ ਨੇ ਆਖਿਆ ਕਿ ਸ਼ਹੀਦ ਹੋਏ ਪਰਿਵਾਰਾਂ ਲਈ ਮੁਆਵਜੇ ਦੀ ਮੰਗ ਨੂੰ ਲੈਕੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਪਿਛਲੇ 6 ਦਿਨਾਂ ਤੋਂ ਐੱਸਡੀਐੱਮ ਦਫ਼ਤਰ ਭਵਾਨੀਗੜ੍ਹ ਦਾ ਘਿਰਾਓ ਕੀਤਾ ਤੇ ਲਗਾਤਾਰ ਧਰਨਾ ਜਾਰੀ ਰੱਖਿਆ ਗਿਆ। ਮੁਆਵਜ਼ੇ ਦੇ ਮਿਲੇ ਇਹਨਾਂ ਚੈੱਕਾ ਨੂੰ ਕਿਸਾਨ ਆਗੂਆਂ ਨੇ ਕਿਸਾਨੀ ਸੰਘਰਸ਼ ਦੀ ਜਿੱਤ ਕਰਾਰ ਦਿੱਤਾ।
ਇਸ ਮੌਕੇ ਯੂਨੀਅਨ ਦੇ ਸੂਬਾ ਆਗੂ ਜਗਤਾਰ ਸਿੰਘ ਕਾਲਾਝਾੜ, ਬਲਾਕ ਪ੍ਰਧਾਨ ਅਜੈਬ ਸਿੰਘ ਲੱਖੇਵਾਲ, ਹਰਜੀਤ ਸਿੰਘ ਮਹਿਲਾਂ ਚੌਕ, ਜਸਵੀਰ ਸਿੰਘ ਗੱਗੜਪੁਰ, ਜਗਤਾਰ ਸਿੰਘ ਲੱਡੀ, ਹਰਜਿੰਦਰ ਸਿੰਘ ਘਰਾਚੋਂ, ਗੁਰਚੇਤ ਸਿੰਘ ਭੱਟੀਵਾਲ, ਗੁਰਦੇਵ ਸਿੰਘ ਆਲੋਅਰਖ, ਸੰਦੀਪ ਘਰਾਚੋਂ, ਰਘਬੀਰ ਸਿੰਘ ਘਰਾਚੋਂ, ਕਸ਼ਮੀਰ ਸਿੰਘ ਆਲੋਅਰਖ ਆਦਿ ਵੱਡੀ ਗਿਣਤੀ ਵਿੱਚ ਕਿਸਾਨ ਹਾਜ਼ਰ ਸਨ।